Site icon Sikh Siyasat News

ਭਾਈ ਮਨਧੀਰ ਸਿੰਘ ਨੂੰ ਝੂਠੇ ਕੇਸ ’ਚ ਫਸਾਇਆ ਜਾ ਰਿਹਾ ਹੈ

ਫ਼ਤਿਹਗੜ੍ਹ ਸਾਹਿਬ, (21 ਜਨਵਰੀ, 2011 ) : ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਨੂੰ ਮਾਨਸਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਝੂਠੇ ਕੇਸ ਵਿੱਚ ਫਸਾਉਣ ਦੀ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਉਚ ਆਗੂਆ ਨੇ ਸਖਤ ਨਿਖੇਧੀ ਕੀਤੀ ਹੈ। ਦਲ ਦੀ ਅੱਜ ਇੱਥੇ ਹੋਈ ਇੱਕ ਅਹਿਮ ਇਕੱਤਰਤਾ ਵਿੱਚ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ, ਗੁਰਮੁਖ ਸਿੰਘ ਡਡਹੇੜੀ ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਨੇ ਸ਼ਮੂਲੀਅਤ ਕੀਤੀ। ਇਕੱਰਤਾ ਤੋਂ ਬਾਅਦ ਪ੍ਰੈਸ ਦੇ ਨਾਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਉਕਤ ਆਗੂਆਂ ਨੇ ਭਾਈ ਮਨਧੀਰ ਸਿੰਘ ਦੀ ਗ੍ਰਿਫਤਾਰੀ ਲਈ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਥਕ ਸੋਚ ਵਾਲੀ ਸੂਝਵਾਨ ਤੇ ਨੌਜਵਾਨ ਲੀਡਰਸ਼ਿਪ ਦੇ ਉਭਾਰ ਨੂੰ ਰੋਕਣਾ ਚਾਹੁੰਦੀ ਹੈ, ਜਿਸ ਕਰਕੇ ਨੌਜਵਾਨ ਸਿੱਖ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਈ ਮਨਧੀਰ ਸਿੰਘ ਦੀ ਗ੍ਰਿਫਤਾਰੀ ਪਿੱਛੇ ਸਿਆਸੀ ਕਾਰਨ ਹਨ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਤੋਂ ਦੂਰ ਰੱਖਣ ਲਈ ਹੀ ਬਿਨਾ ਕਿਸੇ ਸਬੂਤ ਦੇ ਮਾਨਸਾ ਵਿੱਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਲਿੱਲੀ ਕੁਮਾਰ ਦੇ ਕਤਲ ਕੇਸ ਵਿੱਚ ਫਸਾਇਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੀ ਸ਼ਹਿ ਉੱਤੇ ਪੁਲਿਸ ਵੱਲੋਂ ਘੜੀ ਕਹਾਣੀ ਅਨੁਸਾਰ ਪੁਲਿਸ ਨੇ ਮਨਧੀਰ ਸਿੰਘ ਨੂੰ 18 ਜਨਵਰੀ, 2011 ਨੂੰ ਮਾਨਸਾ ਤਿੰਨ-ਕੋਨੀ ਤੋਂ ਬੱਸ ਵਿੱਚੋਂ ਉਤਰਦਿਆਂ ਹੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲਿੱਲੀ ਕੁਮਾਰ ਕਤਲ ਕੇਸ ਵਿੱਚ ਮਨਧੀਰ ਸਿੰਘ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ, ਕਿਉਂਕਿ ਇਸ ਕੇਸ ਦੀ ਕਾਰਵਾਈ ਪਿਛਲੇ ਤਕਰੀਬਨ ਡੇਢ ਸਾਲ ਤੋਂ ਮਾਨਸਾ ਅਦਾਲਤ ਵਿੱਚ ਚੱਲ ਰਹੀ ਹੈ ਅਤੇ ਇਸ ਪੂਰੇ ਕੇਸ ਵਿੱਚ ਮਨਧੀਰ ਸਿੰਘ ਦਾ ਜ਼ਿਕਰ ਤੱਕ ਵੀ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਭਾਈ ਮਨੀਧਰ ਸਿੰਘ ਬਲਾਚੌਰ ਨੇੜਲੇ ਪਿੰਡ ਗੜ੍ਹੀ ਕਾਨੂੰਗੋ ਦਾ ਵਾਸੀ ਹੈ। ਮਨਧੀਰ ਸਿੰਘ ਨੇ ਸਾਲ 2001 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਕਰਨ ਤੋਂ ਬਾਅਦ ਕੈਨੇਡਾ ਤੋਂ ਉਚ ਤਕਨੀਕੀ ਵਿਦਿਆ ਹਾਸਿਲ ਕੀਤੀ। ਸਤੰਬਰ 2004 ਤੋਂ ਦਸੰਬਰ 2006 ਤੱਕ ਮਨਧੀਰ ਸਿੰਘ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਦੇ ਆਹੁਦੇ ਉਤੇ ਰਹੇ ਤੇ ਪੰਜਾਬੀ ਯੁਨੀਵਰਸਿਟੀ ਪਟਿਆਲਾ ਤੋਂ ਐਮ. ਏ. (ਤੁਲਨਾਤਮਿਕ ਧਰਮ ਅਧਿਅਨ) ਰਾਹੀਂ ਵੱਖ-ਵੱਖ ਧਰਮਾਂ ਬਾਰੇ ਉਚੇਰੀ ਵਿੱਦਿਆ ਹਾਸਿਲ ਕੀਤੀ। ਮਨਧੀਰ ਸਿੰਘ ਨੇ ਸਾਲ 2007 ਦੌਰਾਨ ਪੰਜਾਬ ਵਿਧਾਨ ਸਭਾ ਦੀ ਬਲਾਚੌਰ ਸੀਟ ਤੋਂ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ਉਤੇ ਚੋਣ ਲੜੀ ਤੇ ਉਸ ਤੋਂ ਬਾਅਦ ਉਹ ਸ਼੍ਰੋਮਣੀ ਗੁਰਦਾਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੀ ਤਿਆਰੀ ਕਰਨ ਦੇ ਨਾਲ-ਨਾਲ ਸਮਾਜਿਕ, ਧਾਰਮਿਕ ਅਤੇ ਸਿਆਸੀ ਖੇਤਰ ਵਿੱਚ ਸਰਗਰਮ ਹਨ। ਆਗੂਆਂ ਨੇ ਇਸ ਗ੍ਰਿਫਤਾਰੀ ਦਾ ਸਖਤ ਵਿਰੋਧ ਕਰਦਿਆਂ ਪੰਜਾਬ ਸਰਕਾਰ ਉਪਰ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਕਾਨੂੰਨ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ। ਇਸ ਮੀਟਿੰਗ ਵਿੱਚ ਉਕਤ ਤੋਂ ਬਿਨਾਂ ਪ੍ਰਮਿੰਦਰ ਸਿੰਘ ਕਾਲਾ, ਹਰਪਾਲ ਸਿੰਘ ਸ਼ਹੀਦਗੜ੍ਹ, ਭਗਵੰਤ ਸਿੰਘ ਮਹੱਦੀਆਂ, ਕਿਹਰ ਸਿੰਘ ਮਾਰਵਾ, ਮਿਹਰ ਸਿੰਘ ਬਸੀ ਆਦਿ ਆਗੂ ਵੀ ਹਾਜ਼ਰ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version