ਚੰਡੀਗੜ੍ਹ: ਭਾਰਤੀ ਖਬਰਖਾਨੇ ਦੀ ਭਰੋਸੇਯੋਗਤਾ ਇਸ ਵੇਲੇ ਨਿਵਾਣਾਂ ਦੀਆਂ ਡੂੰਘਾਈਆਂ ਨੂੰ ਛੂਹ ਰਹੀ ਹੈ। ਇਕਪਾਸੜ ਤੇ ਮਨਘੜਤ ਖਬਰਾਂ ਨੂੰ ਖਾਹਮਖਾਹ ਸਨਸਨੀਖੇਜ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਜਦੋਂ ਅਜਿਹੀਆਂ ਖਬਰਾਂ ਬਾਅਦ ਵਿਚ ਝੂਠੀਆਂ ਨਿਕਲ ਆਉਂਦੀਆਂ ਹਨ ਤਾਂ ਬਹੁਤੀ ਵਾਰ ਉਨ੍ਹਾਂ ਬਾਰੇ ਖਬਰਖਾਨੇ ਵੱਲੋਂ ਕੋਈ ਸਫਾਈ ਜਾਂ ਦਰੁਸਤੀ ਵੀ ਜਾਰੀ ਨਹੀਂ ਕੀਤੀ ਜਾਂਦੀ।
ਬੀਤੇ ਦਿਨੀਂ (4 ਅਕਤੂਬਰ ਨੂੰ) ਖਬਰਖਾਨੇ ਵੱਲੋਂ ਇਹ ਗੱਲ ਧੁਮਾਈ ਗਈ ਕਿ ਭਾਰਤੀ ਫੌਜ ਨੇ ਪੁਲਵਾਮਾ ਘਟਨਾ ਤੋਂ ਬਾਅਦ ਪਾਕਿਸਤਾਨ ਸਥਿਤ ਬਾਲਾਕੋਟ ਵਿਚ ਭਾਰਤੀ ਫੌਜ ਦੇ ਹਵਾਈ ਹਮਲੇ ਦੀ ਵੀਡੀਓ ਜਾਰੀ ਕੀਤੀ ਹੈੈ। ਖਬਰਖਾਨੇ ਨੇ ਇਸ ਵੀਡੀਓ ਨੂੰ ਹਮਲੇ ਦਾ ਵੱਡਾ ਸਬੂਤ ਦੱਸਿਆ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ ਬਾਲਾਕੋਟ ਹਮਲੇ ਬਾਰੇ ਕੀਤੇ ਜਾਣ ਵਾਲੇ ਵੱਡੇ ਦਾਅਵਿਆਂ ਦੀ ਭਾਰਤੀ ਖਬਰਖਾਨੇ ਦੇ ਸਰਕਾਰ ਪੱਖੀ ਹਿੱਸੇ ਤੋਂ ਬਿਨਾ ਬਹੁਤੀ ਮਾਨਤਾ ਨਹੀਂ ਹੈ।
4 ਅਕਤੂਬਰ ਨੂੰ ‘ਸਬੂਤਾਂ ਦੀ ਵੀਡੀਓ’ ਪ੍ਰਚਾਰਨ ਵਾਲਿਆਂ ਵਿਚ ਰਿਪਲਿਕ ਟੀ.ਵੀ., ਏ.ਬੀ.ਪੀ. ਨਿਊਜ਼, ਜ਼ੀ.ਨਿਊਜ਼, ਜ਼ੀ ਮੱਧ ਪ੍ਰਦੇਸ਼-ਛੱਤੀਸਗੜ੍ਹ, ਜ਼ੀ ਉੱਤਰ ਪ੍ਰਦੇਸ਼-ਉੱਤਰਾਖੰਡ, ਵਨ-ਇੰਡੀਆ ਹਿੰਦੀ ਅਤੇ ਪੰਜਾਬ ਕੇਸਰੀ ਸ਼ਾਮਲ ਹਨ।
ਇਸ ਤੋਂ ਇਲਾਵਾ ਖਬਰ ਏਜੰਸੀ ਪੀ.ਟੀ.ਆਈ. ਦੀ ਜਿਹੜੀ ਖਬਰ ‘ਫਰਸਟ-ਪੋਸਟ’ ਅਤੇ ‘ਬਿਜਨਸ-ਸਟੈਂਡਰਡ’ ਵਿਚ ਛਪੀ ਉਸ ਵਿਚ ਕਿਹਾ ਗਿਆ ਸੀ ਕਿ ਭਾਰਤੀ ਹਵਾਈ ਫੌਜ ਨੇ ਪੱਤਰਕਾਰ ਮਿਲਣੀ ਤੋਂ ਪਹਿਲਾਂ ਬਾਲਾਕੋਟ ਹਵਾਈ ਹਮਲੇ ਦੇ ਦ੍ਰਿਸ਼ ਵਿਖਾਏ।
ਗੁਜਰਾਤ ਸਮਾਚਾਰ ਅਤੇ ਟੀ.ਵੀ.9 ਗੁਜਰਾਤੀ ਨੇ ਜੋ ਖਬਰਾਂ ਨਸ਼ਰ ਕੀਤੀਆਂ ਉਨ੍ਹਾਂ ਵਿਚ ਕਿਹਾ ਗਿਆ ਸੀ ਕਿ ਇਹ ਵੀਡੀਓ ਇਕ ਮਸ਼ਹੂਰੀ ਸੀ ਜਿਸ ਵਿਚ ‘ਅਸਲ ਦ੍ਰਿਸ਼’ ਵਿਖਾਏ ਗਏ ਸਨ।
ਇੰਡੀਆ ਟੂਡੇ ਨੇ ਵੀ ਵੀਡੀਓ ਨੂੰ ਮਸ਼ਹੂਰੀ ਦੱਸਦਿਆਂ ਕਿਹਾ ਕਿ ਇਹ ਬਾਲਾਕੋਟ ਹਮਲੇ ਦਾ ‘ਸਬੂਤ’ ਹੈ।
ਦਾ ਟ੍ਰਿਬਿਊਨ ਦੇ ਅਜੇ ਬੈਨਰਜੀ ਨੇ ਤਾਂ ਵੀਡੀਓ ਨੂੰ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਵਲੋਂ ਬਾਲਾਕੋਟ ਹਮਲੇ ਦੌਰਾਨ ਬਣਾਈ ਗਈ ਵੀਡੀਓ ਕਰਾਰ ਦੇ ਦਿੱਤਾ।
ਖਬਰ ਏਜੰਸੀ ਏ.ਐਨ.ਆਈ. ਨੇ ਖਾਸ ਤੌਰ ਉੱਤੇ ਇਹ ਗੱਲ ਲਿਖੀ ਕਿ ਹਵਾਈ ਫੌਜ ਦੀ ਮਸ਼ਹੂਰੀ ਵਿਚ ਬਾਲਾਕੋਟ ਹਮਲੇ ਦੀ ਕਹਾਣੀ ਵਿਖਾਈ ਗਈ ਹੈ।
ਟਾਈਮਜ਼ ਨਾਓ ਨੇ ਤਾਂ 4 ਅਕਤੂਬਰ ਨੂੰ ਰਾਤ 8:30 ਵਜੇ ਇਨ੍ਹਾਂ ‘ਸਬੂਤਾਂ’ ਉੱਤੇ ਖਾਸ ਪੇਸ਼ਕਸ਼ ਵੀ ਰੱਖ ਲਈ ਸੀ ਤੇ ਇਹ ਐਲਾਨ ਕੀਤਾ ਕਿ: “ਭਾਰਤੀ ਹਵਾਈ ਫੌਜ ਨੇ ਬਾਲਾਕੋਟ ਵੀਡੀਓ ਜਾਰੀ ਕੀਤੀ ਹੈ। ਜਿਨ੍ਹਾਂ ਨੂੰ ਭਰੋਸਾ ਨਹੀਂ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਯਕੀਨ ਨਹੀਂ ਕਰਦੇ। ਕੀ ਉਹ ਹੁਣ ਫੌਜੀ ਵਰਦੀ ’ਤੇ ਵੀ ਭਰੋਸਾ ਨਹੀਂ ਕਰਨਗੇ? ਵੇਖੋ ਰਾਹੁਲ ਸ਼ਿਵਸੰਕਰ ਨਾਲ ਇੰਡੀਆ ਅਪਫਰੰਟ ਟਾਤ 8:30 ਵਜੇ’ ਤੇ ਟਵੀਟ ਕਰੋ ‘ਆਈ.ਏ.ਐਫ.ਬਾਲਾਕੋਟਪਰੂਫ’ ਨਾਲ” (ਅੰਗਰੇਜ਼ੀ ਤੋਂ ਪੰਜਾਬੀ ਉਲੱਥਾ)।
ਭਾਰਤੀ ਖਬਰਖਾਨੇ ਵਾਙ ਹੀ ਇੱਥੋਂ ਦੇ ‘ਮਾਹਿਰਾਂ’ ਦੀ ਭਰੋਸੇਯੋਗਤਾ ਵੀ ਡਾਵਾਂਡੋਲ ਹੈ। ਵੱਖ-ਵੱਖ ਮਾਮਲਿਆਂ ਦੇ ਮਾਹਿਰ ਅਖਵਾਉਣ ਵਾਲੇ ਇਹ ਲੋਕ ਵੀ ਬਿਨਾ ਗੱਲਾਂ ਦੀ ਤਸਦੀਕ ਕੀਤੇ ਹੀ ਆਪਣੀਆਂ ਮਾਹਿਰਾਨਾ ਟਿੱਪਣੀਆਂ ਕਰਨ ਲਈ ਤਾਹੂ ਰਹਿੰਦੇ ਹਨ ਤੇ ਉਕਤ ਵੀਡੀਓ ਦੇ ਮਾਮਲੇ ਵਿਚ ਵੀ ਇਵੇਂ ਹੀ ਹੋਇਆ। ਭਾਰਤੀ ਫੌਜ ਦੇ ਮੇਜਰ ਗੌਰਵ ਆਰੀਆ ਨੇ ਰਿਪਬਲਿਕ ਟੀ.ਵੀ. ਉੱਤੇ ਇਸ ਵੀਡੀਓ ਨੂੰ ਬਾਲਾਕੋਟ ਹਮਲੇ ਦਾ ਵੱਡਾ ਸਬੂਤ ਦੱਸਿਆ ਤੇ ਕਿਹਾ ਕਿ ਫੌਜ ਵੱਲੋਂ ਇੰਝ ਸਬੂਤ ਜਾਰੀ ਕਰਨਾ ਬਹੁਤ ਵੱਡੀ ਤੇ ਅਹਿਮ ਗੱਲ ਹੈ।
ਹਕੀਕਤ ਕੀ ਸੀ?
ਉਕਤ ਵੀਡੀਓ ਦੀ ਹਕੀਕਤ ਇਹ ਸੀ ਕਿ ਇਸ ਦਾ ਬਾਲਾਕੋਟ ਹਮਲੇ ਨਾਲ ਤਾਂ ਕੀ ਕਿਸੇ ਵੀ ਫੌਜੀ ਕਾਰਵਾਈ ਨਾਲ ਕੋਈ ਸੰਬੰਧ ਨਹੀਂ ਸੀ ਅਤੇ ਇਹ ਵੀਡੀਓ ਭਾਰਤੀ ਹਵਾਈ ਫੌਜ ਵਿਚ ਭਰਤੀ ਨੂੰ ਉਤਸ਼ਾਹਤ ਕਰਨ ਲਈ ਬਣਾਈ ਗਈ ਮਸ਼ਹੂਰੀ ਸੀ।
ਇਹ ਗੱਲ ਹਵਾਈ ਫੌਜ ਮੁਖੀ ਨੇ ਪੱਤਰਕਾਰ ਮਿਲਣੀ ਦੌਰਾਨ ਹੀ ਸਾਫ ਕਰ ਦਿੱਤੀ ਸੀ ਕਿ ਵਿਖਾਈ ਗਈ ਵੀਡੀਓ ਸਿਰਫ ਮਸ਼ਹੂਰੀ ਹੈ ਅਤੇ ਇਸ ਵਿਚ ‘ਬਾਲਾਕੋਟ ਹਮਲੇ ਦਾ ਕੋਈ ਵੀ ਦ੍ਰਿਸ਼ ਨਹੀਂ ਹੈ’।