ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਬਾਦਲ ਦਲ ਦੇ ਗੁਰਦਾਸਪੁਰ ਤੋਂ ਜ਼ਿਲ੍ਹਾ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ, ਪੁਜੀਆਂ ਲਿਖਤੀ ਸ਼ਿਕਾਇਤਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਤਖਤਾਂ ਦੇ ਜਥੇਦਾਰਾਂ ਵਲੋਂ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਸੁੱਚਾ ਸਿੰਘ ਲੰਗਾਹ ਨੂੰ ਦੋਸ਼ੀ ਮੰਨਦਿਆਂ ਪੰਥ ਵਿਚੋਂ ਛੇਕਣ ਦਾ ਐਲਾਨ ਕੀਤਾ ਗਿਆ।
ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਖੇ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਕੋਈ ਦੋ ਘੰਟੇ ਚੱਲੀ ਇਕਤਰਤਾ ਵਿੱਚ ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਇਕਬਾਲ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਸ਼ਾਮਿਲ ਹੋਏ। ਬਾਅਦ ਦੁਪਿਹਰ ਬਾਕਾਇਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਸੁਣਾਉਂਦਿਆਂ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਪ੍ਰਤੀ ਸਮੂੰਹ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਸੁੱਚਾ ਸਿੰਘ ਲੰਗਾਹ ਨਾਲ ਕਿਸੇ ਕਿਸਮ ਦੀ ਕੋਈ ਸਾਂਝ ਨਾ ਰੱਖੀ ਜਾਵੇ। ਭਾਵੇਂ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਅਤੇ ਬਾਦਲ ਦਲ ਵੱਲੋਂ ਦੋਸ਼ੀ ਮੰਨਦਿਆਂ ਸਾਰੇ ਅਹੁਦਿਆਂ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ, ਜੇਕਰ ਇਹ ਕਿਸੇ ਹੋਰ ਵੀ ਸਿੱਖ ਸੰਸਥਾ ਦਾ ਮੈਂਬਰ ਹੋਵੇ ਤਾਂ ਇਸ ਨੂੰ ਤੁਰੰਤ ਬਰਖ਼ਾਸਤ ਕਰ ਦਿੱਤਾ ਜਾਵੇ ਅਤੇ ਇਸ ਦਾ ਨਾਮ ਲੈ ਕੇ ਕਿਸੇ ਵੀ ਧਾਰਮਿਕ ਅਸਥਾਨ ‘ਤੇ ਅਰਦਾਸ ਨਾ ਕੀਤੀ ਜਾਵੇ। ਸਿੰਘ ਸਾਹਿਬਾਨ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਅੱਗੇ ਤੋਂ ਬੱਜ਼ਰ ਕੁਰਹਿਤ ਕਰਨ ਵਾਲੇ ਕਿਸੇ ਵੀ ਸ਼ਖਸ ਨੂੰ ਕਿਸੇ ਸਿੱਖ ਧਾਰਮਿਕ ਸੰਸਥਾ ਵਿਚ ਨੁਮਾਇੰਦਗੀ ਨਾ ਦਿੱਤੀ ਜਾਵੇ ਅਤੇ ਕਿਸੇ ਵੀ ਸ਼ਖਸ ਨੂੰ ਅਹੁਦੇਦਾਰ ਬਣਾਉਣ ਤੋਂ ਪਹਿਲਾਂ ਉਸ ਦੇ ਕਿਰਦਾਰ ਨੂੰ ਧਿਆਨ ਵਿਚ ਰੱਖਿਆ ਜਾਇਆ ਕਰੇ।
ਸਬੰਧਤ ਖ਼ਬਰ:
ਮੁਤਵਾਜ਼ੀ ਜਥੇਦਾਰਾਂ ਵਲੋਂ ਲੰਗਾਹ ਅਤੇ ਗੁ: ਛੋਟਾ ਘਲੂਘਾਰਾ ਦੇ ਟਰੱਸਟੀ ਨੂੰ ਪੰਥ ‘ਚੋਂ ਛੇਕਣ ਦਾ ਐਲਾਨ …
ਸ੍ਰੀ ਅਕਾਲ ਤਖਤ ਸਾਹਿਬ ਉਪਰ ਸੁੱਚਾ ਲੰਗਾਹ ਬਾਰੇ ਐਲਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇੱਕਤਰਤਾ ਵਿੱਚ ਇਹ ਵੀ ਵਿਚਾਰਿਆ ਗਿਆ ਹੈ ਕਿ ਬਲਾਤਕਾਰੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਕੋਲੋਂ ਵੋਟਾਂ ਮੰਗਣ ਲਈ ਗਏ ਅਰਜਨ ਸਿੰਘ ਬਾਦਲ ਪੁਤਰ ਮਨਪ੍ਰੀਤ ਸਿੰਘ ਬਾਦਲ ਅਤੇ ਬੀਬੀ ਰਜਿੰਦਰ ਕੌਰ ਭੱਠਲ, ਜਿਨ੍ਹਾਂ ਵੱਲੋਂ ਉਸ ਸਮੇਂ ਨਾ ਪੁੱਜ ਸਕਣ ਬਾਰੇ ਲਿਖਤੀ ਜਵਾਬ ਦਿੱਤਾ ਗਿਆ ਪੰ੍ਰਤੂ ਅਜੇ ਤੱਕ ਇਹ ਹਾਜ਼ਰ ਨਹੀਂ ਹੋਏ। ਇਨ੍ਹਾਂ ਨੂੰ ਆਖਰੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪੇਸ਼ ਹੋਣ ਲਈ ਮੌਕਾ ਦਿਤਾ ਜਾਂਦਾ ਹੈ। ਜੇਕਰ ਇਹ ਇਸ ਵਾਰ ਵੀ ਪੇਸ਼ ਨਹੀਂ ਹੁੰਦੇ ਤਾਂ ਇਨ੍ਹਾਂ ਉਪਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਛੋਟਾ ਘੱਲੂਘਾਰਾ ਦੇ ਚੱਲ ਰਹੇ ਕੇਸ ਸਬੰਧੀ ਉਥੋਂ ਦੇ ਪ੍ਰਧਾਨ ਮਾਸ਼ਟਰ ਜੋਹਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ ਦੋ ਮੌਕੇ ਦਿੱਤੇ ਗਏ ਹਨ ਪਰ ਉਸ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਲਈ ਇਸਨੂੰ ਆਪਣਾ ਪੱਖ ਪੇਸ਼ ਕਰਨ ਲਈ ਇੱਕ ਆਖਰੀ ਮੌਕਾ 13 ਅਕਤੂਬਰ ਦਿੱਤਾ ਜਾਂਦਾ ਹੈ। ਜੇਕਰ ਇਹ ਇਸ ਵਾਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਨਹੀਂ ਦਿੰਦਾ ਤਾਂ ਇਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਸਮਝਦੇ ਹੋਏ ਅਗਲੇਰੀ ਕਾਰਵਾਈ ਕਰ ਦਿੱਤੀ ਜਾਵੇਗੀ।