ਨੌਰਵਿਚ/ਕਨੈਟੀਕਟ: ਕਨੈਟੀਕਟ ਵਿਚਲੀਆਂ ਸਿੱਖ ਜਥੇਬੰਦੀਆਂ ਵਲੋਂ ਪੂਰੀ ਲਗਾਤਾਰਤਾ ਅਤੇ ਤਨਦੇਹੀ ਨਾਲ ਸੂਬੇ ਅਤੇ ਅਮਰੀਕਾ ਵਿਚ ਸਿੱਖ ਪਛਾਣ ਸੰਬੰਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਜਿਸਦੇ ਸਿੱਟੇ ਵਜੋਂ ਹੀ ਕਨੈਟੀਕਟ ਰਾਜ ਨੇ 1984 ਸਿੱਖ ਨਸਲਕੁਸ਼ੀ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਸੀ।
ਯੁਨਾਈਟਡ ਸਿਖਸ, ਸਿੱਖ ਕੋਆਲੀਸ਼ਨ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਨੌਰਵਿੱਚ ਪਬਲਿਕ ਸਕੂਲ ਅਤੇ ਨੌਰਵਿੱਚ ਬੋਰਡ ਆਫ ਐਜੂਕੇਸ਼ਨ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਗਈ।
ਇਸ ਬੈਠਕ ਵਿਚ ਸਕੂਲ ਦੇ ਪ੍ਰਿੰਸੀਪਲ ਅਲੇਸਇੰਦ੍ਰੀਆ ਲਾਜ਼ਾਰੀ ਅਤੇ ਸਕੂਲ ਦੇ ਸਹਿ ਸੁਪ੍ਰਿਟੈਂਡੈਂਟ ਟੌਮ ਬੋਰਡ ਨਾਲ ਸਿੱਖ ਪਛਾਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਅਮਰੀਕਾ ਵਿਚ ਸਿੱਖ ਪਛਾਣ ਸੰਬੰਧੀ ਜਾਣਕਾਰੀ ਨਾ ਹੋਣ ਕਾਰਣ ਸਿੱਖਾਂ ਉੱਤੇ ਹੋ ਰਹੇ ਨਸਲੀ ਹਮਲਿਆਂ ਦੇ ਹੱਲ ਵਲ ਵੱਧਦਿਆਂ ਸਿੱਖ ਚਿਨ੍ਹਾਂ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਨੂੰ ਸਕੂਲੀ ਸਿੱਖਿਆ ਵਿਚ ਸ਼ਾਮਲ ਕਰਨ ਦੀ ਗੱਲ ਵੀ ਹੋਈ।
ਇਸਦੇ ਨਾਲ ਸਕੂਲ ਵਿਚ ਕਨੈਟੀਕਟ ਸੂਬੇ ਵਿਚ ਪੰਜਾਬੀਆਂ ਦੇ ਯੋਗਦਾਰ ਨੂੰ ਦਰਸਾਉਂਦਾ “ਜੀ ਆਇਆਂ ਨੂੰ” ਦਾ ਫੱਟਾ ਵੀ ਲਾਇਆ ਗਿਆ।
ਸਰਦਾਰ ਸਵਰਨਜੀਤ ਸਿੰਘ ਖਾਲਸਾ ਜੋ ਕਿ ਸ਼ਹਿਰ ਦੇ ਕਮਿਸ਼ਨ ਆਫ ਸਿਟੀ ਪਲਾਨ ਵਿਚ ਸ਼ਾਮਲ ਹਨ ਦਾ ਕਹਿਣੈ ਕਿ “ਸਾਨੂੰ ਆਸ ਐ ਕਿ ਇਸ ਬੈਠਕ ਦੇ ਲਾਹੇਵੰਦ ਨਤੀਜੇ ਸਾਹਮਣੇ ਆਉਣਗੇ ਅਤੇ ਅਮਰੀਕਾ ਵਿਚ ਸਿੱਖ ਪਛਾਣ ਸੰਬੰਧੀ ਗੱਲ ਅੱਗੇ ਤੁਰੇਗੀ”।