ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ (ਫਾਈਲ ਫੋਟੋ)

ਖਾਸ ਖਬਰਾਂ

ਫਿਲਮ “ਸਾਡਾ ਹੱਕ” ਦੇ ਨਿਰਮਾਤਾ ਕੁਲਜਿੰਦਰ ਸਿੱਧੂ ਬਣਾਉਣਗੇ “ਭਾਈ ਹਰਜਿੰਦਰ ਸਿੰਘ ਜਿੰਦਾ” ਦੀ ਸ਼ਹਾਦਤ ‘ਤੇ ਅਧਾਰਿਤ ਫਿਲਮ

By ਸਿੱਖ ਸਿਆਸਤ ਬਿਊਰੋ

September 09, 2014

ਚੰਡੀਗੜ੍ਹ ( 9 ਅਗਸਤ, 2014):ਸਿੱਖ ਸੰਘਰਸ਼ ਨਾਲ ਸੰਘਰਸ਼ ਨਾਲ ਸੰਬਧਿਤ ਫਿਲਮ “ਸਾਡਾ ਹੱਕ” ਨੂੰ ਦਰਸ਼ਕਾਂ ਵੱਲੋਂ ਮਿਲੇ ਵਧੀਆ ਹੁੰਗਾਰੇ ਤੋਂ ਬਾਅਦ ਇਸ ਪਾਸੇ ਫਿਲਮਾਂ ਬਣਾਉਣਾ ਦਾ ਰੁਝਾਨ ਕਾਫੀ ਵਧਿਆ ਹੈ।ਜਿੰਨ੍ਹਾਂ ਵਿੱਚ ਰਾਜ ਕਾਕੜਾ ਵੱਲੋਂ ਬਣਾਈ ਗਈ ਫਿਲਮ “ਕੌਮ ਦੇ ਹੀਰੇ” ਅਤੇ ਦਿੱਲੀ ਦੇ ਸਿੱਖ ਕਤਲੇਆਮ ਨੂੰ ਲੈ ਕੇ ਬਣੀਆਂ ਫਿਲਮਾਂ ਵਰਨਣਯੋਗ ਹਨ।

ਇਸੇ ਲੜੀ ਤਹਿਤ ਹੀ ਕਨੇਡਾ ਦੀ ਫਿਲਮ ਕੰਪਨੀ “ਬਰੇਵਹਰਟ ਪ੍ਰੋਡਕਸ਼ਨ” ਵੱਲੋਂ ਸ਼ਹੀਦ ਭਾਈ ਹਰਜਿੰਦਰ ਸਿੰਘ ਜ਼ਿੰਦਾ ਅਤ ਸ਼ਹੀਦ ਭਾਈੇ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ‘ਤੇ ਅਧਾਰਿਤ “ਫਿਲਮ- ਸੱਖਾ ਅਤੇ ਜਿੰਦਾ” ਬਣਾਉਣ ਦੇ ਐਲਾਨ ਦੀਆਂ ਖ਼ਬਰਾਂ “ਸਿੱਖ ਸਿਆਸਤ” ‘ਤੇ ਪ੍ਰਕਾਸ਼ਿਤ ਹੋਣ ਤੋ ਕੁਝ ਸਮਾਂ ਬਾਅਦ ਹੀ “ਸਿੱਖ ਸਿਆਸਤ” ਨੂੰ “ਸਾਡਾ ਹੱਕ” ਫਿਲਮ ਦੇ ਕਲਾਕਰ ਅਤੇ ਨਿਰਮਾਤਾ ਕੁਲਜਿੰਦਰ ਸਿੱਧੂ ਵੱਲੋਂ ਪ੍ਰਾਪਤ ਹੋਈ ਈਮੇਲ ਵਿੱਚ ਉੰ੍ਹਨ੍ਹਾਂ ਦੱਸਿਆ ਕਿ ਉਹ ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਸੀ ਸ਼ਹਾਦਤ ‘ਤੇ ਫਿਲਮ ਬਣਾਉਣਾਦਾ ਕੰਮ ਇਸ ਤੋਂ ਕਾਫੀ ਸਮਾਂ ਪਹਿਲਾਂ ਸ਼ੁਰੂ ਕਰ ਚੁੱਕੇ ਹਨ।

ਸਿੱਖ ਸਿਆਸਤ ਨੂੰ ਭੇਜੀ ਈ ਮੇਲ ਵਿੱਚ ਉਨ੍ਹਾਂ ਕਿਹਾ ਕਿ “ਮੈ ਹੁਣੇ ਹੀ ਫਿਲਮ ਸੁੱਖਾ ਜਿੰਦਾ ਦੇ ਨਿਰਮਾਣ ਬਾਰੇ ਤੁਹਾਡੀ ਸਾਈਟ ‘ਤੇ ਛਪੀ ਖਬਰ ਪੜੀ ਹੈ । ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਅਤੇ ਸਪੀਡ ਰਿਕਾਰਡਿੰਗ ਕੰਪਨੀ ਪਿਛਲੇ ਸਾਲ ਤੋਂ ਇਸ ਵਿਸ਼ੇ ‘ਤੇ ਫਿਲਮ ਬਣਾਉਣ ਲਈ ਕੰਮ ਕਰ ਰਹੇ ਹਾਂ ਅਤੇ ਫਿਲਮ ਦੀ ਸ਼ੂਟਿੰਗ ਇਸ ਸਾਲ ਦਸੰਬਰ ਵਿੱਚ ਸ਼ੁਰੂ ਹੋ ਜਾਵੇਗੀ”।

ਕੁਲਜਿੰਦਰ ਸਿੱਧੂ ਦੀ ਪਤਨੀ ਨਿਧੀ ਨੇ ਟੈਲੀਫੋਨ ‘ਤੇ ਸਿੱਖ ਸਿਆਸਤ ਨੂੰ ਭੇਜੀ ਈ ਮੇਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ਉਹ ਅਕਤੂਬਰ ਮਹੀਨੇ ਵਿੱਚ ਰਿਲੀਜ਼ ਹੋ ਰਹੀ ਕੁਲਜਿੰਦਰ ਸਿੱਧੂ ਦੀ ਮੁੱਖ ਭੂਮਿਕਾ ਵਾਲੀ ਫਿਲਮ “ਯੋਧਾ” ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ, ਪਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸ਼ਹਾਦਤ ਨਾਲ ਸਬੰਧਿਤ ਫਿਲਮ ‘ਤੇ ਕੰਮ ਸ਼ੁਰ ਕੀਤਾ ਹੋਇਆ ਹੈ।

ਇਸੇ ਸਮੇਂ ਦੌਰਾਨ ਕੁਲਜਿੰਦਰ ਸਿੱਧੂ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਕੱਟੇਵਾਲਾਂ ਵਾਲੀ ਫੋਟੋ ਦੇ ਨਾਲ ਆਪਣੀ ਫੋਟੋ ਪਾਉਦਿਆਂ ਲਿਖਿਆ ਕਿ “ 31 ਅਕਤੂਬਰ ਨੂੰ ਯੋਧਾ ਦੇ ਰਿਲੀਜ਼ ਹੋਣ ਤੋਂ ਬਾਅਦ ਸਾਡੀ ਅਗਲੀ ਪੇਸ਼ਕਸ਼ “ਜ਼ਿੰਦਾ” ਹੋਵੇਗੀ।ਫਿਲਮ ਦੀ ਕਹਾਣੀ ਅਤੇ ਨਾਂਅ ਦੀ ਚੋਣ ਕਰ ਲਈ ਗਈ ਹੈ ਅਤੇ ਇਹ ਫਿਲਮ ਕੁਲਜਿੰਦਰ ਸਿੱਧੂ ਅਤੇ ਸਪੀਡ ਰਿਕਾਰਡਿੰਗ ਦੇ ਬਲਵਿੰਦਰ ਸਿੰਘ ਰੂਬੀ ਵੱਲੋਂ ਬਣਾਈ ਜਾਵੇਗੀ।

ਇੱਥੇ ਇਹ ਦੱਸਣਾ ਜਰੂਰੀ ਹੈ ਕਿ ਜੂਨ1984 ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਨਾਲ ਭਾਰਤੀ ਫੌਜਾਂ ਵੱਲੌ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ ਅਤੇ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਭਾਰਤੀ ਫੌਜ ਵੱਲੋਂ ਬੜੀ ਬੇਦਰਦੀ ਨਾਲ ਕਤਲ ਕਰ ਦਿੱਤਾ ਸੀ।

ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਨੇ ਅਦੁੱਤੀ ਬਹਾਦਰੀ ਅਤੇ ਕੌਮੀ ਪਿਆਰ ਦਾ ਸਬੂਤ ਦਿੰਦਿਆਂ ਸ਼੍ਰੀ ਦਰਬਾਰ ਸਾਹਿਬ ‘ਤੇ ਹਮਲੇ ਸਮੇਂ ਭਾਰਤੀ ਫੌਜ ਦੇ ਕਮਾਂਡਰ-ਇੰਨ-ਚੀਫ਼ ਰਹੇ ਵੈਦਿਆਂ ਨੂੰ ਦਿਨ ਦਿਹਾੜੇ ਪੂਨੇ ਵਿੱਚ ਗੋਲੀਆਂ ਨਾਲ ਭੁੰਨ ਕੇ ਕਤਲ ਕਰ ਦਿੱਤਾ ਸੀ।

ਇਸਤੋਂ ਇਲਾਵਾ ਇਨ੍ਹਾਂ ਸੁਰਬੀਰਾਂ ਨੇ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਲਲਿਤ ਮਾਕਨ ਅਤੇ ਹੋਰਾਂ ਨੂੰ ਵੀ ਉਨ੍ਹਾਂ ਦੇ ਕੀਤੇ ਜ਼ੁਲਮ ਦੀ ਸਜ਼ਾ ਦਿਤੀ ਸੀ। ਜਨਰਲ ਵੈਦਿਆ ਕਤਲ ਕੇਸ ਵਿੱਚ ਅਦਾਲਤ ਵੱਲੋਂ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਉਨ੍ਹਾਂ ਨੇ ਫਾਂਸ਼ੀ ਦੀ ਸਜ਼ਾ ਨੂੰ ਖਿੜੇ ਮੱਥੇ ਪ੍ਰਵਾਣ ਕਰਦਿਆਂ, ਫਾਂਸੀ ਦੇ ਹੁਕਮ ਸੁਨਣ ਤੋਂ ਬਾਅਦ ਜੇਲ ਵਿੱਚ ਲੱਡੂ ਵੰਡੇ ਸਨ।

ਉਨ੍ਹਾਂ ਨੇ ਹੇਠਲੀ ਅਦਾਲਤ ਵੱਲੋਂ ਦਿੱਤੀ ਫਾਂਸੀ ਦੀ ਸਜ਼ਾ ਖਿਲਾਫ ਇਨਕਾਰ ਕਰਦਿਆਂ ਅੱਗੇ ਅਪੀਲ ਨਹੀਂ ਸੀ ਕੀਤੀੌ।ਉਨ੍ਹਾਂ ਵੱਲੋਂ ਜੇਲ ਵਿੱਚੋਂ ਭਾਰਤੀ ਰਾਸ਼ਟਰਪਤੀ ਨੂੰ ਲਿਖੀ ਗਈ ਚਿੱਠੀ ਤੋਂ ਉਨਾਂ ਦੀ ਕੌਮੀ ਨਿਸ਼ਨਿਆਂ ਪ੍ਰਤੀ ਦ੍ਰਿੜਤਾ ਅਤੇ ਉੱਚੀ ਸਮਝ ਦੀ ਸਪੱਸ਼ਟ ਤਸਵੀਰ ਨਜ਼ਰ ਆਉਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: