ਨਿਊ ਯਾਰਕ (30 ਮਾਰਚ, 2015): ਅਮਰੀਕਾ ਦੀ ਸਿਖਰਲੀ ਜਾਂਚ ਏਜ਼ੰਸੀ ਐਫ਼.ਬੀ.ਆਈ. ਵਲੋਂ ਨਫ਼ਰਤੀ ਜੁਰਮਾਂ ‘ਤੇ ਜਾਰੀ ਨਵੀਂ ਨਿਯਮਾਂਵਲੀ ‘ਚ ਹੋਰ ਅਮਰੀਕੀ ਘੱਟ ਗਿਣਤੀਆਂ ਸਮੇਤ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ‘ਚ ਹਦਾਇਤਾਂ ਦਿਤੀਆਂ ਗਈਆਂ ਹਨ ਕਿ ਕਿਸ ਤਰ੍ਹਾਂ ਸਿੱਖਾਂ ਨਾਲ ਹੁੰਦੇ ਵਿਤਕਰੇ ਅਤੇ ਨਫ਼ਰਤੀ ਜੁਰਮਾਂ ਦਾ ਪਤਾ ਕੀਤਾ ਜਾਵੇ?
ਇਸ ਤਰਾਂ ਅਮਰੀਕੀ ਤਫ਼ਤੀਸ਼ੀ ਏਜੰਸੀ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ਼.ਬੀ.ਆਈ.) ਨੇ ਦੋ ਸਾਲ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਸਿੱਖਾਂ ਵਿਰੁਧ ਹੋ ਰਹੇ ਨਫ਼ਰਤੀ ਜੁਰਮਾਂ ਦੀ ਪੈੜ ਨਪਣੀ ਸ਼ੁਰੂ ਕਰ ਦਿਤੀ ਹੈ।
ਹੁਣ ਤਕ ਅਮਰੀਕਾਂ ‘ਚ ਹੁੰਦੇ ਜੁਰਮਾਂ ਬਾਰੇ ਐਫ਼.ਬੀ.ਆਈ. ਦੀ ਰੀਪੋਰਟ ‘ਚ ਸਿੱਖਾਂ ਵਿਰੁਧ ਜੁਰਮਾਂ ਲਈ ਵਖਰੇ ਅੰਕੜੇ ਨਹੀਂ ਹੁੰਦੇ ਸਨ ਅਤੇ ਇਹ ਸਾਰੇ ਏਸ਼ੀਆਈ ਅਮਰੀਕੀ ਸ਼੍ਰੇਣੀ ‘ਚ ਮਿਲਾ ਦਿਤੇ ਜਾਂਦੇ ਸਨ । ਇਸ ਤਬਦੀਲੀ ਦੇ ਹਮਾਇਤੀਆਂ ਦੀ ਲੰਮੇ ਸਮੇਂ ਤੋਂ ਲਮਕਦੀ ਆ ਰਹੀ ਮੰਗ ਪੂਰੀ ਹੋਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ 11 ਸਤੰਬਰ, 2011 ਦੇ ਅਤਿਵਾਦੀ ਹਮਲੇ ਤੋਂ ਬਾਅਦ ਸਿੱਖਾਂ ਵਿਰੁਧ ਨਫ਼ਰਤੀ ਜੁਰਮਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ ।
ਸਿੱਖਾਂ ‘ਤੇ ਅਮਰੀਕਾ ਦੇ ਕਈ ਸੂਬਿਆਂ ‘ਚ ਨਫ਼ਰਤੀ ਹਮਲੇ ਹੋ ਚੁੱਕੇ ਹਨ । ਵਿਸਕਾਨਸਿਨ ਦੇ ਓਕ ਕ੍ਰੀਕ ਵਿਖੇ ਇਕ ਗੋਰੇ ਨੇ ਗੁਰਦਵਾਰੇ ‘ਚ ਛੇ ਸਿੱਖਾਂ ਦਾ ਅਗੱਸਤ 2012 ‘ਚ ਕਤਲ ਕਰ ਦਿਤਾ ਸੀ ।
ਅਮਰੀਕੀ ਕਾਂਗਰਸ ਮੈਂਬਰ ਏਮੀ ਬੇਰਾ ਨੇ ਕਿਹਾ, ”ਮੈਂ ਇਸ ਕਦਮ ਦੀ ਕਾਫ਼ੀ ਦੇਰ ਤੋਂ ਮੰਗ ਕਰ ਰਿਹਾ ਸੀ ਕਿਉਾਕਿ ਇਹ ਨਫ਼ਰਤ ‘ਤੇ ਰੋਕ ਲਾਉਣ ਅਤੇ ਜਨਤਾ ਨੂੰ ਜਾਗਰੂਕਤਾ ਫੈਲਾਉਣ ਲਈ ਜ਼ਰੂਰੀ ਹਨ। ਇਹ ਸਿੱਖਾਂ ਤੇ ਹੋਰ ਫ਼ਿਰਕਿਆਂ ਲਈ ਵੱਡੀ ਜਿੱਤ ਹੈ ਅਤੇ ਨਿਆਂ ਲਈ ਵੱਡੀ ਜਿੱਤ ਹੈ।”