ਚੰਡੀਗੜ੍ਹ (29 ਜੂਨ, 2015): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਪਾਰਦਰਸ਼ੀ ਅਤੇ ਵਿਧਾਨ ਸਭਾ ਅਤੇ ਲੋਕ ਸਭਾ ਦੀ ਤਰਜ਼ ‘ਤੇ ਕਰਵਾਉਣ ਲਈ ਸਿੱਖ ਗੁਰਦੁਆਰਾ ਕਾਨੂੰਨ 1925 ਵਿੱਚ ਸੋਧ ਕਰਵਾਉਣ ਲਈ ਗੁਰਦੁਆਰਾ ਕਮਿਸ਼ਨ ਕੋਲ ਪਹੁੰਚ ਕੀਤੀ ਗਈ ਹੈ।
ਸਿੱਖ ਗੁਰਦੁਆਰਾ ਬੋਰਡ ਚੋਣਾਂ ਨਿਯਮ 1959 ‘ਚ ਤਰਮੀਮਾਂ ਕਰਕੇ ਸ਼੍ਰੋਮਣੀ ਕਮੇਟੀ ਚੋਣਾਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੀ ਤਰਜ਼ ‘ਤੇ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਉਨ੍ਹਾਂ ਚੋਣਾਂ ਵਾਂਗ ਹੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰਾਂ ਦੀ ਫੋਟੋ ਵੋਟਰ ਸੂਚੀ ਬਣਨੀ ਚਾਹੀਦੀ ਹੈ, ਚੋਣਾਂ ਦੌਰਾਨ ਵੋਟਿੰਗ ਸਾਧਾਰਨ ਵੋਟ ਪਰਚੀ ਦੀ ਥਾਂ ਈ. ਵੀ. ਐਮ. ਮਸ਼ੀਨਾਂ ਰਾਹੀਂ ਹੋਣੀ ਚਾਹੀਦੀ ਹੈ ਅਤੇ ਚੋਣਾਂ ਦੌਰਾਨ ਚੋਣ ਅਮਲੇ ਦੀ ਤਾਇਨਾਤੀ ਵੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਹੀ ਹਲਕੇ ਤੋਂ ਬਾਹਰਲੇ ਚੋਣ ਅਮਲੇ ਦੀ ਹੀ ਹੋਣੀ ਚਾਹੀਦੀ ਹੈ ।
ਸਿੱਖ ਗੁਰਦੁਆਰਾ ਐਕਟ 1925 ‘ਚ ਸੋਧਾਂ ਦੀ ਮੰਗ ਨੂੰ ਲੈ ਕੇ ਬਲਜੀਤ ਸਿੰਘ ਟੋਡਰਵਾਲ ਨੇ ਆਪਣੇ ਵਕੀਲ ਰਾਹੀਂ ਗੁਰਦੁਆਰਾ ਚੋਣ ਕਮਿਸ਼ਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿਚ ਉਪਰੋਕਤ ਮੰਗਾਂ ਕੀਤੀਆਂ ਗਈਆਂ ਹਨ ਅਤੇ ਗੁਰਦੁਆਰਾ ਕਮਿਸ਼ਨ ਨੂੰ 6 ਹਫ਼ਤਿਆਂ ਦਾ ਸਮਾਂ ਦਿੰਦਿਆਂ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਲੋੜੀਂਦੀਆਂ ਸੋਧਾਂ ਬਾਰੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਹਾਈਕੋਰਟ ‘ਚ ਜਨਹਿੱਤ ਪਟੀਸ਼ਨ ਦਾਇਰ ਕਰਨਗੇ ।