ਨਵੀਂ ਦਿੱਲੀ: ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਲੀ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ’ਤੇ ਪਾਕਿਸਤਾਨ ਜੱਥਾ ਨਾ ਭੇਜਣ ਦੇ ਲਏ ਗਏ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੱਕੜ ਦੁਆਰਾ ਲਿਆ ਗਿਆ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹੋਂਦ ਹਸਤੀ ਤੇ ਮੱਕੜ ਦੀ ਪ੍ਰਧਾਨਗੀ ਦੇ ਕੱਫਨ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ।
ਪਾਰਟੀ ਵਲੋਂ ਜਾਰੀ ਇੱਕ ਬਿਆਨ ਰਾਹੀਂ ਸਰਨਾ ਨੇ ਕਿਹਾ ਕਿ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨ ਓਕਾਬ ਬੋਰਡ ਸ਼੍ਰੋਮਣੀ ਕਮੇਟੀ ਤੇ ਬਾਦਲ ਸਰਕਾਰ ਦੇ ਅਧੀਨ ਨਹੀਂ ਹਨ ਜਿਥੇ ਬਾਦਲਾਂ ਤੇ ਮੱਕੜ ਦੇ ਹੁਕਮ ਚੱਲਦੇ ਹੋਣ। ਉਹਨਾਂ ਕਿਹਾ ਕਿ ਪਾਕਿਸਤਾਨ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਜੋ ਕਿ ਦੁਨੀਆ ਭਰ ਸਿੱਖਾਂ ਵੱਲੋਂ ਸਰਬ ਪ੍ਰਵਾਨਿਤ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਇਹ ਕੈਲੰਡਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋ ਪਹਿਲਾਂ ਸੰਨ 2003 ਵਿੱਚ ਹੋਲੇ ਮਹੱਲੇ ਦੇ ਸਮਾਗਮ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੋ ਰੀਲੀਜ਼ ਕੀਤਾ ਤੇ ਫਿਰ 14 ਅਪ੍ਰੈਲ 2003 ਨੂੰ ਵਿਸਾਖੀ ਦੇ ਮੇਲੇ ‘ਤੇ ਤਖਤ ਸ੍ਰੀ ਦਮਦਮਾ ਸਾਹਿਬ ਤੋ ਜਥੇਦਾਰ ਅਕਾਲ ਤਖਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬੰਡੂਗਰ ਨੇ ਜੈਕਾਰਿਆਂ ਦੀ ਗੂੰਜ ਵਿੱਚ ਰੀਲੀਜ਼ ਕੀਤਾ ਸੀ।
ਉਹਨਾਂ ਕਿਹਾ ਕਿ ਪਾਲ ਸਿੰਘ ਪੁਰੇਵਾਲ ਨੇ ਇਹ ਕੈਲੰਡਰ 32 ਸਾਲ ਦੀ ਲੰਮੀ ਘਾਲਣਾ ਤੋ ਬਾਅਦ ਤਿਆਰ ਕੀਤਾ ਸੀ ਜਿਸ ਨੂੰ ਅਕਾਲ ਤਖਤ ਸਾਹਿਬ ਤੇ ਬੁੱਧੀਜੀਵੀਆਂ, ਭੂਗੋਲ ਤੇ ਖਗੋਲ ਦੇ ਵਿਗਿਆਨੀਆਂ ਤੇ ਇਤਿਹਾਸਕਾਰਾਂ ਦੀ ਇੱਕ ਕਮੇਟੀ ਬਣਾ ਤੇ ਕਈ ਮੀਟਿੰਗਾਂ ਵਿੱਚ ਵਿਚਾਰ ਕਰਨ ਤੋਂ ਬਾਅਦ ਲਾਗੂ ਕੀਤਾ ਗਿਆ ਸੀ। ਉਹਨਾ ਕਿਹਾ ਕਿ ਆਰ.ਐਸ.ਐਸ ਨੂੰ ਖੁਸ਼ ਕਰਨ ਲਈ 2010 ਵਿੱਚ ਇਸ ਕੈਲੰਡਰ ਵਿੱਚ ਤਰਮੀਮ ਗਿਆਨੀ ਗੁਰਬਚਨ ਸਿੰਘ ਵਲੋਂ ਹਾਈ ਕਮਾਡ ਦੇ ਆਦੇਸ਼ਾˆ ’ਤੇ ਕੈਲੰਡਰ ਨੂੰ ਬਦਲ ਕੇ ਬਿਕਰਮੀ ਕੈਲੰਡਰ ਬਣਾ ਦਿੱਤਾ ਗਿਆ ਅਤੇ ਤਬਦੀਲੀ ਕਰਨ ਲਈ ਮੱਕੜ ਤੇ ਹਰਨਾਮ ਸਿੰਘ ਧੁੰਮੇ ਦੀ ਇੱਕ ਦੋ ਮੈਂਬਰੀ ਕਮੇਟੀ ਬਣਾਈ ਗਈ ਜਿਹਨਾ ਨੂੰ ਕੈਲੰਡਰ ਬਾਰੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਨਹੀਂ ਹੈ।
ਉਹਨਾਂ ਕਿਹਾ ਕਿ ਵੈਸੇ ਵੀ ਦੁਨੀਆਂ ਭਰ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸਕ ਦਿਹਾੜੇ ਆਪਣੀਆ ਸੁਵਿਧਾਵਾ ਅਨੁਸਾਰ ਸਾਰਾ ਸਾਲ ਹੀ ਮਨਾਉਂਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਕਮੇਟੀ ਤੇ ਪਾਕਿਸਤਾਨ ਓਕਾਬ ਬੋਰਡ ਨੇ ਜੋ ਵੀ ਫੈਸਲਾ ਲਿਆ ਹੈ ਸ਼੍ਰੋਮਣੀ ਅਕਾਲੀ ਦਲ ਦਿੱਲੀ ਉਸ ਦੀ ਹਮਾਇਤ ਕਰਦਾ ਹੈ ਕਿ ਉਹਨਾਂ ਨੇ ਦੁਨੀਆਂ ਭਰ ਦੇ ਸਿੱਖਾ ਦੀ ਰਹਿਨੁਮਾਈ ਕਰਦੇ ਕੈਲੰਡਰ ਅਨੁਸਾਰ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਫੈਸਲਾ ਲਿਆ ਹੈ।