ਲੁਧਿਆਣਾ ( 27 ਮਈ, 2015): ਪੰਜਾਬ ਤੋਂ ਬਾਹਰ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਤਬਦੀਲ ਕਰਨ ਬਾਰੇ ਪੁੱਛ ਸਾਵਲ ਦੇ ਮੁੱਦੇ ‘ਤੇ ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਇਸ ਮੁੱਦੇ ‘ਤੇ ਬਾਦਲ ਦਲ ਨੇ ਉਨ੍ਹਾਂ ਦੀ ਪਾਰਟੀ ਨੂੰ ਭਰੋਸੇ ਵਿੱਚ ਨਹੀਂ ਲਿਆ।
ਅੱਜ ੲਿੱਥੇ ਜੀਜੀਐਨਆਈਐਮਟੀ ਕਾਲਜ ਵਿੱਚ ਮਾਸਟਰ ਤਾਰਾ ਸਿੰਘ ਦੇ ਜਨਮ ਦਿਹਾੜੇ ਸਬੰਧੀ ਰੱਖੇ ਗਏ ਸਮਾਗਮ ਵਿੱਚ ਹਿੱਸਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ਅਾੳੁਣ ਵਾਲੇ ਸਮੇਂ ਵਿੱਚ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਹੋਰ ਕਿੰਨੇ ਖਾੜਕੂ ਤਬਦੀਲ ਕੀਤੇ ਜਾਣਗੇ, ਇਸ ਬਾਰੇ ਸਾਨੂੰ ਕੋੲੀ ਜਾਣਕਾਰੀ ਨਹੀਂ ਹੈ।’’
ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕੀਤੇ ਗਏ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਅਤੇ ਗੁਰਦੀਪ ਸਿੰਘ ਖਹਿਰਾ ਨੂੰ ਪੈਰੋਲ ਦੇਣ ਬਾਰੇ ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਮੁੱਦੇ ਦੇ ਸਮਰਥਨ ਜਾਂ ਵਿਰੋਧ ਬਾਰੇ ਹਾਲੇ ਤੱਕ ਕੁਝ ਤੈਅ ਨਹੀਂ ਹੈ। ਇਸ ਬਾਰੇ ਪਹਿਲਾਂ ਪਾਰਟੀ ਹਾਈਕਮਾਂਡ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਸੂਬੇ ਦੇ ਮਾਹੌਲ ਅਨੁਸਾਰ ਹੀ ਭਾਜਪਾ ਆਪਣਾ ਸਟੈਂਡ ਸਪੱਸ਼ਟ ਕਰੇਗੀ।
ਨਾਲ ਹੀ ਸ੍ਰੀ ਸ਼ਰਮਾ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ ਅਮਨ ਸ਼ਾਂਤੀ ਕਿਸੇ ਵੀ ਤਰੀਕੇ ਭੰਗ ਨਹੀਂ ਹੋਣ ਦਿੱਤੀ ਜਾਵੇਗੀ ਅਤੇ ੲਿਸ ਦੇ ਲੲੀ ੳੁਨ੍ਹਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਤੇ ਪੂਰਾ ਭਰੋਸਾ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਭਾਜਪਾ ਪ੍ਰਧਾਨ ਪ੍ਰਵੀਨ ਬਾਂਸਲ ਵੀ ਮੌਜੂਦ ਸਨ।