ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਖਡੂਰ ਸਾਹਿਬ ਵਿਖੇ ਸਿਆਸੀ ਕਾਨਫਰੰਸ ਦੌਰਾਨ ਭਾਸ਼ਣ ਦਿੰਦੇ ਹੋਏ

ਪੰਜਾਬ ਦੀ ਰਾਜਨੀਤੀ

ਤੁਹਾਨੂੰ ਤੱਕੜੀ ਵਾਲਿਆਂ, ਪੰਜੇ ਵਾਲਿਆਂ ਤੇ ‘ਆਪ’ ਨੇ ਕੁਝ ਨਹੀਂ ਦੇਣਾ: ਸਿਮਰਨਜੀਤ ਸਿੰਘ ਮਾਨ

By ਸਿੱਖ ਸਿਆਸਤ ਬਿਊਰੋ

September 21, 2016

ਖਡੂਰ ਸਾਹਿਬ/ ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ/ਸਰਬਜੋਤ ਸਿੰਘ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮਝੈਲਾਂ ਨੂੰ ਵੰਗਾਰਿਆ ਕਿ ਤੁਹਾਨੂੰ ਨਾ ਕੁਝ ਤੱਕੜੀ ਵਾਲਿਆਂ ਦੇਣਾ, ਨਾ ਪੰਜੇ ਵਾਲਿਆਂ ਤੇ ਨਾ ਆਮ ਆਦਮੀ ਪਾਰਟੀ ਵਾਲਿਆਂ ਕਿਉਂਕਿ ਇਹ ਤਾਂ ਉਹੀ ਕੁਝ ਕਰਨਗੇ ਜੋ ਦਿੱਲੀ ਦਾ ਹੁਕਮ ਹੋਵੇਗਾ ਤੇ ਦਿੱਲੀ ਤੁਹਾਨੂੰ ਗੁਲਾਮ ਹੀ ਵੇਖਣਾ ਚਾਹੁੰਦੀ ਹੈ। ਸ. ਮਾਨ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਪਾਰਟੀ ਵਲੋਂ ਖਡੂਰ ਸਾਹਿਬ ਵਿਖੇ ਲਗਾਈ ਰਾਜਸੀ ਸਟੇਜ ਤੋਂ ਬੋਲ ਰਹੇ ਸਨ। ਸ. ਮਾਨ ਨੇ ਕਿਹਾ ਕਿ ਨਾ ਤਾਂ ਉਹ ਮਝੈਲ ਹਨ, ਨਾ ਦੁਆਬੀਏ ਤੇ ਨਾ ਹੀ ਮਲਵਈ ਲੇਕਿਨ ਐਨਾ ਜ਼ਰੂਰ ਜਾਣਦੇ ਹਨ ਕਿ ਮਝੈਲ ਹਮੇਸ਼ਾਂ ਹੀ ਉੱਚੀ ਸੋਚ ਦੇ ਮਾਲਕ ਰਹੇ ਹਨ, ਸਿਰ ਉਚਾ ਕਰਕੇ ਜਿਉਣਾ ਜਾਣਦੇ ਹਨ, ਸਿੱਖ ਮਿਸਲਾਂ ਵਿੱਚ ਇਨ੍ਹਾਂ ਦੀ ਅਹਿਮ ਭੂਮਿਕਾ ਰਹੀ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀਆਂ ਨੂੰ ਭਜਾਉਂਦੇ ਰਹੇ ਹਨ।

ਉਨ੍ਹਾਂ ਸਾਲ 1989 ਵਿੱਚ ਤਰਨਤਾਰਨ ਲੋਕ ਸਭਾ ਹਲਕੇ ਤੋਂ ਆਪਣੀ ਜਿੱਤ ਦਾ ਹਵਾਲਾ ਦਿੰਦਿਆ ਕਿਹਾ ਕਿ ‘ਜੇਕਰ ਤੁਸੀਂ ਉਸ ਵੇਲੇ ਮੈਨੂੰ ਆਪਣੇ ਕੀਮਤੀ ਵੋਟ ਪਾਕੇ ਨਾ ਜਿਤਾਉਂਦੇ ਤਾਂ ਮੈਨੂੰ ਹਿੰਦੁਸਤਾਨ ਸਰਕਾਰ ਨੇ ਜੇਲ੍ਹ ਵਿੱਚ ਹੀ ਖਤਮ ਕਰ ਦੇਣਾ ਸੀ’। ਉਨ੍ਹਾਂ ਕਿਹਾ ਕਿ ਅੱਜ ਮੇਰੇ ਖਿਲਾਫ ਪ੍ਰਚਾਰ ਕੀਤਾ ਜਾ ਰਿਹੈ ਕਿ ਮਾਨ ਤਾਂ ਕ੍ਰਿਪਾਨ ਦਾ ਲਫੜਾ ਪਾਕੇ ਪਾਰਲੀਮੈਂਟ ਅੰਦਰ ਨਹੀਂ ਗਿਆ ਲੇਕਿਨ ਮੈਨੂੰ ਦੱਸੋ ਕਿ ਜਿਸ ਸ਼ਸਤਰ ਨੂੰ ਪਹਿਨਣ ਦਾ ਹੱਕ ਭਾਰਤੀ ਸੰਵਿਧਾਨ ਦੇ ਰਿਹਾ ਮੈਂ ਉਸਨੂੰ ਵੀ ਛੱਡ ਦਿੰਦਾ। ਸ. ਮਾਨ ਨੇ ਕਿਹਾ ਕਿ ਅੱਜ ਦੋ ਪਾਰਟੀਆਂ ਕਰਮਵਾਰ ਅਕਾਲੀ ਤੇ ਕਾਂਗਰਸੀ ਬੜਾ ਪ੍ਰਚਾਰ ਰਹੇ ਹਨ ਕਿ ਤਕੜੀ ਵੀ ਗੁਰੂ ਨਾਨਕ ਦੀ ਹੈ ਤੇ ਪੰਜਾ ਵੀ ਇਸ ਲਈ ਵੋਟ ਪਾਉ ਲੇਕਿਨ ਇਹ ਸਰਾਸਰ ਗਲਤ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਬੁੱਤਪ੍ਰਸਤ ਨਹੀਂ ਬਣਾਇਆ। ਉਹ ਤਾਂ ਕਿਰਤ ਦਾ ਸੰਦੇਸ਼ ਦੇਕੇ ਗਏ ਹਨ। ਮਾਨ ਨੇ ਕਿਹਾ ਕਿ ਜੇਕਰ ਤਕੜੀ ਗੁਰੂ ਨਾਨਕ ਦੀ ਹੈ ਤਾਂ ਫਿਰ ਅਕਾਲੀ ਦਲ ਦੇ ਲੋਕ ਇਸ ਵਿੱਚ ਸਮੈਕ, ਹੈਰੋਇਨ ਤੇ ਹੋਰ ਨਸ਼ੇ ਕਿਉਂ ਵੇਚਦੇ ਹਨ, ਪੰਜੇ ਨੇ 1984 ਵਿੱਚ ਦਰਬਾਰ ਸਾਹਿਬ ਉਪਰ ਹਮਲਾ ਕਿਉਂ ਕੀਤਾ, ਸਿੱਖਾਂ ਦੀ ਨਸਲਕੁਸ਼ੀ ਵਿੱਚ ਤਕੜੀ ਵਾਲੇ ਪੰਜੇ ਵਾਲੇ ਭਾਈਵਾਲ ਕਿਉਂ ਬਣੇ?

ਮਾਨ ਨੇ ਬੜੇ ਹੀ ਭਾਵੁਕ ਹੋ ਕੇ ਕਿਹਾ ਕਿ ਪਹਿਲਾਂ ਅਕਾਲੀ ਦਲ ਦੇ ਬਾਦਲ ਸਾਹਿਬ ਨੇ ਮਝੈਲਾਂ ਵੱਲ ਲੜਕੀ ਦਾ ਰਿਸ਼ਤਾ ਕੀਤਾ ਤੇ ਉਸ ਕੈਰੋਂ ਪ੍ਰੀਵਾਰ ਨੇ ਅਕਾਲੀ ਦਲ ਦੇ ਪ੍ਰਧਾਨ ਦਾ ਸਭ ਕੁਝ ਕੁਰਕ ਕੀਤਾ ਹੋਇਆ ਸੀ, ਫਿਰ ਮਝੈਲਾਂ ਦੀ ਧੀਅ ਬਾਦਲ ਦੀ ਨੂੰਹ ਬਣਗੀ ਤੇ ਇਹ ਹੋਇਆ ਵੱਟੇ ਦਾ ਰਿਸ਼ਤਾ, ਹੁਣ ਦੱਸੋਂ ਤੁਸੀਂ ਮਝੈਲ ਆਪਣੀ ਅਣਖ ਕਿਉਂ ਨਹੀਂ ਜਗਾਉਂਦੇ। ਮਾਨ ਨੇ ਕਿਹਾ ਕਿ ਜੋ ਕੁਝ ਤਕੜੀ ਤੇ ਪੰਜੇ ਵਾਲਿਆਂ ਨੇ ਤੁਹਾਨੁੰ ਦਿੱਤਾ ਹੈ ਉਹ ਹੈ ਤਸ਼ੱਦਦ, ਅਨਪੜਤਾ ਤੇ ਬੇਰੁਜ਼ਗਾਰੀ ਖਰਾਬ ਸਿਹਤ ਤੇ ਜੋ ਆਮ ਆਦਮੀ ਪਾਰਟੀ ਨੇ ਦੇਣਾ ਹੈ ਉਹ ਵੀ ਉਸੇ ਕੇਂਦਰ ਦੀ ਹਿੰਦੂ ਸਰਕਾਰ ਪਾਸੋਂ ਆਉਣਾ ਹੈ ਜਿਥੋਂ ਇਹ ਸਭ ਪਹਿਲਾਂ ਆਇਆ ਹੈ। ਮਾਨ ਨੇ ਕਿਹਾ ਕਿ ਇੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਾ ਹੋਏ ਹਨ ਜਿਨ੍ਹਾਂ ਨੇ ਜੂਨ 1984 ਦੇ ਫੌਜੀ ਹਮਲੇ ਮੌਕੇ ਭਾਰਤ, ਰੂਸ ਤੇ ਬਰਤਾਨੀਆ ਦੀ ਫੌਜ ਦਾ 72 ਘੰਟੇ ਮੁਕਾਬਲਾ ਕੀਤਾ ਤੇ ਸ਼ਹਾਦਤ ਪਾਈ, ਉਨ੍ਹਾਂ ਸਾਨੂੰ ਅਜ਼ਾਦੀ ਦਾ ਰਾਹ ਵਿਖਾਇਆ ਲੇਕਿਨ ਅੱਜ ਸੰਤ ਜਰਨੈਲ ਸਿੰਘ ਦੇ ਭਰਾਤਾ ਹਰਚਰਨ ਸਿੰਘ, ਭਤੀਜਾ ਜਸਬੀਰ ਸਿੰਘ ਰੋਡੇ ਸਭ ਉਸੇ ਬਾਦਲ ਦੀ ਸ਼ਰਣ ਹਨ ਜਿਸਨੇ ਫੌਜੀ ਹਮਲੇ ਵਿੱਚ ਪੰਜੇ ਦਾ ਸਾਥ ਦਿੱਤਾ।

ਉਨ੍ਹਾਂ ਦੱਸਿਆ ਕਿ ਬਾਦਲ ਨੇ ਤਾਂ ਸਿੱਖ ਫੌਜੀਆਂ ਨੂੰ ਬੈਰਕਾਂ ਛੱਡਣ ਲਈ ਵੀ ਉਕਸਾਇਆ ਤੇ ਜਿਹੜੇ ਬੈਰਕਾਂ ਛੱਡ ਆਏ ਉਨ੍ਹਾਂ ਦੀ ਸਾਰ ਬਾਦਲ ਨੇ ਨਹੀਂ ਲਈ ਤਾਂ ਕੀ ਬਾਬੇ ਦੀ ਤਕੜੀ ਇਹੀ ਕੁਝ ਦੱਸਦੀ ਹੈ ਝੂਠੇ ਪ੍ਰਚਾਰ ਤੋਂ ਬਚੋ, ਸਰਕਾਰੀ ਸਾਜਿਸ਼ਾਂ ਤੋਂ ਬਚੋ ਤੇ ਸਾਲ 2017 ਵਿੱਚ ਸਰਕਾਰ-ਏ-ਖਾਲਸਾ ਦੇ ਗਠਨ ਲਈ ਕਮਰਕੱਸੇ ਕਰੋ। ਕਿਉਂਕਿ ਅਸੀਂ ਤੁਹਾਨੂੰ ਗੁਲਾਮੀ ਨਹੀਂ ਇੱਜ਼ਤ ਦੀ ਜ਼ਿੰਦਗੀ ਦੇਣ ਦੇ ਹੱਕ ਵਿੱਚ ਹਾਂ। ਇਸ ਕਾਨਫਰੰਸ ਨੂੰ ਪਾਰਟੀ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਿਕੰਦਰ ਸਿੰਘ ਵਰਾਣਾ, ਯੂਥ ਆਗੂ ਪਪਲਪ੍ਰੀਤ ਸਿੰਘ, ਸੁਲੱਖਣ ਸਿੰਘ ਸਰਹਾਲੀ, ਹਰਬੀਰ ਸਿੰਘ ਸੰਧੂ, ਯੂਨਾਈਟਡ ਅਕਾਲੀ ਦਲ ਦੇ ਸਤਨਾਮ ਸਿੰਘ ਮਨਾਵਾ, ਡਾ:ਗੁਰਜਿੰਦਰ ਸਿੰਘ, ਕਰਮ ਸਿੰਘ ਭੋਈਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਰਮਿੰਦਰ ਪਾਲ ਸਿੰਘ ਸ਼ੁਕਰਚੱਕੀਆ, ਗੁਰਮੀਤ ਸਿੰਘ ਮਰਹਾਣਾ, ਜਰਨੈਲ ਸਿੰਘ ਸਖੀਰਾ, ਗੁਰਬਿੰਦਰ ਸਿੰਘ ਜੌਲੀ, ਰਜਿੰਦਰ ਸਿੰਘ ਫੌਜੀ, ਅਮਰੀਕ ਸਿੰਘ ਨੰਗਲ, ਗੁਰਬਚਨ ਸਿੰਘ ਪੁਆਰ, ਯੂਥ ਆਗੂ ਨਵਦੀਪ ਸਿੰਘ, ਗੁਰਸ਼ਰਨ ਸਿੰਘ ਸੋਹਲ, ਪਵਨਦੀਪ ਸਿੰਘ, ਭਾਈਨ ਸ਼ਾਮ ਸਿੰਘ, ਧਰਮਿੰਦਰ ਸਿੰਘ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: