ਨਾਗਪੁਰ ’ਚ ਸਮਾਗਮ ’ਚ ਹਿੱਸਾ ਲੈਣ ਲਈ ਸੰਘ ਦੇ ਮੁਖੀ ਮੋਹਨ ਭਾਗਵਤ ਪਹੁੰਚਦੇ ਹੋਏ

ਸਿਆਸੀ ਖਬਰਾਂ

ਭਾਰਤ ਵਿੱਚ ਕੋਈ ਘੱਟਗਿਣਤੀ ਨਹੀਂ -ਸਭਿਆਚਾਰਕ, ਕੌਮੀਅਤ ਤੇ ਡੀਐਨਏ ਪੱਖੋਂ ਹਿੰਦੂ ਹਨ: ਆਰਐਸਐਸ

By ਸਿੱਖ ਸਿਆਸਤ ਬਿਊਰੋ

March 14, 2015

ਨਾਗਪੁਰ (13 ਮਾਰਚ, 2015): ਰਾਸ਼ਟਰੀ ਸੇਵਕ ਸੰਘ (ਆਰਐਸਐਸ) ਦੇ ਜੁਆਇੰਟ ਜਨਰਲ ਸਕੱਤਰ ਦੱਤਾਤਰੇਆ ਹੋਸਬਲੇ ਨੇ ਸਪਸ਼ਟ ਕਿਹਾ ਕਿ ਭਾਰਤ ਵਿੱਚ ਕੋਈ ਘੱਟਗਿਣਤੀਆਂ ਨਹੀਂ ਹਨ। ਭਾਰਤ ਵਿੱਚ ਵੱਸਣ ਵਾਲੇ ਸਾਰੇ ਲੋਕ ਸਭਿਆਚਾਰਕ, ਕੌਮੀਅਤ ਤੇ ਡੀਐਨਏ ਪੱਖੋਂ ਹਿੰਦੂ ਹਨ। ਸੰਘ ਦੇ ਮੁਖੀ ਮੋਹਨ ਭਗਵਤ ਇਹ ਘੱਟੋ-ਘੱਟ ਵੀਹ ਵਾਰ ਕਹਿ ਚੁੱਕੇ ਹਨ।

ਉਨ੍ਹਾਂ ਕਿਹਾ ਨੇ ਜੰਮੂ-ਕਸ਼ਮੀਰ ਵਿੱਚ ਧਾਰਾ 370 ਦੇ ਖਾਤਮੇ ਦੇ ਆਪਣੇ ਪਹਿਲੇ ਸਟੈਂਡ ਨੂੰ ਦੁਹਰਾਇਆ ਹੈ ਤੇ ਨਾਲ ਹੀ ਇਹ ਮੰਨਣ ਤੋਂ ਨਾਂਹ ਕਰ ਦਿੱਤੀ ਕਿ ਭਾਰਤ ਵਿੱਚ ਕੋਈ ਘਣਗਿਣਤੀਆਂ ਹਨ। ਸੰਘ ਨੇ ਸਾਰੇ ਘਟਗਿਣਤੀ ਭਾਈਚਾਰਿਆਂ ਨੂੰ ਹਿੰਦੂ ਕਰਾਰ ਦਿੱਤਾ ਹੈ। ਇਹ ਵੀ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਜੰਮੂ-ਕਸ਼ਮੀਰ ਵਿੱਚ ਭਾਜਪਾ-ਪੀਡੀਪੀ ਸਰਕਾਰ ਬਣਾਉਣ ਦਾ ਨਵਾਂ ਤਜਰਬਾ ਸਫਲ ਹੋਵੇ।

 ਹੋਸਬਲੇ ਨੇ ਕਿਹਾ ਕਿ ‘‘ਸੰਘ ਧਾਰਾ 370 ’ਤੇ ਕੋਈ ਸਮਝੌਤਾ ਨਹੀਂ ਕਰੇਗਾ। ਜੇ ਜੰਮੂ-ਕਸ਼ਮੀਰ ਦੇ ਹਾਲਾਤ ਨਾ ਸੁਧਰੇ ਤਾਂ ਇਸ ਉਪਰ ਵਿਚਾਰ ਕੀਤਾ ਜਾਏਗਾ।’’ ਉਨ੍ਹਾਂ ਕਿਹਾ ਕਿ ਸੰਘ ਚਾਹੁੰਦਾ ਹੈ ਕਿ ਜੰਮੂ-ਕਸ਼ਮੀਰ ਵਿੱਚ ਭਾਜਪਾ ਵੱਲੋਂ ਪਹਿਲੀ ਵਾਰ ਸਾਂਝੀ ਸਰਕਾਰ ਬਣਾਉਣ ਲਈ ਕੀਤਾ ਤਜਰਬਾ ਸਫਲ ਹੋਵੇ।

ਉਨ੍ਹਾਂ ਜੰਮੂ-ਕਸ਼ਮੀਰ ਵਿੱਚ ਵੱਖਵਾਦੀ ਨੇਤਾ ਮੁਸੱਰਤ ਦੀ ਰਿਹਾਈ ਹੋਣ ਅਤੇ ਰਾਜ ਅੰਦਰ ਕੌਮੀ ਝੰਡੇ ਦੇ ਨਾਲ-ਨਾਲ ਸੂਬੇ ਦੇ ਝੰਡੇ ਨੂੰ ਬਰਾਬਰ ਦਾ ਦਰਜਾ ਸਬੰਧੀ ਹਦਾਇਤਾਂ ਦੀ ਆਲੋਚਨਾ ਕੀਤੀ। ਸੰਘ ਨੇ ਮੋਦੀ ਸਰਕਾਰ ਦੇ ਪਹਿਲੇ ਦਸ ਮਹੀਨਿਆਂ ਦੀ ਕਾਰਗੁਜ਼ਾਰੀ ਨੂੰ ਸਰਾਹਿਆ, ‘ਘਰ ਵਾਪਸੀ’ ਨਾਲੋਂ ਨਾਤਾ ਤੋੜਦਿਆਂ ਇਸ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦਾ ਪ੍ਰੋਗਰਾਮ ਕਰਾਰ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: