ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ(ਫਾਈਲ ਫੋਟੋ)

ਆਮ ਖਬਰਾਂ

ਸਮਝੌਤਾ ਸਿਰਫ ਹਮਖਿਆਲੀਆਂ ਨਾਲ, ਕੱਟੜਪੰਥੀਆਂ ਨਾਲ ਨਹੀਂ- ਕੈਪਟਨ

By ਸਿੱਖ ਸਿਆਸਤ ਬਿਊਰੋ

November 21, 2015

ਚੰਡੀਗੜ੍ਹ: ਬੀਤੇ ਦਿਨੀਂ ਸੁਖਬੀਰ ਸਿੰਘ ਬਾਦਲ ਦੇ ਕੀਤੇ ਗਏ ਦਾਅਵਿਆਂ ਨੂੰ ਰੱਦ ਕਰਦੇ ਹਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਅਗਲੀਆਂ ਵਿਧਾਨ ਸਭਾ ਚੌਣਾਂ ਵਿੱਚ ਆਪਣੇ ਤੌਰ ਤੇ ਹੀ ਪੰਜਾਬ ਵਿੱਚੋਂ ਅਕਾਲੀ ਦਲ ਬਾਦਲ ਦਾ ਸਿਆਸੀ ਸਫਾਇਆ ਕਰਨ ਦੇ ਕਾਬਲ ਹੈ।ਉਨ੍ਹਾਂ ਨੂੰ ਕਿਸੇ ਹੋਰ ਦੀ ਸਹਾਇਤਾ ਦੀ ਲੋੜ ਨਹੀਂ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਦਰਵਾਜੇ ਹਮਖਿਆਲੀ ਪਾਰਟੀਆਂ ਲਈ ਹਮੇਸ਼ਾ ਖੁੱਲੇ ਹਨ, ਪਰ ਕੱਟੜਪੰਥੀਆਂ ਵਾਸਤੇ ਨਹੀਂ।

ਜਿਕਰਯੋਗ ਹੈ ਕਿ ਬੀਤੇ ਦਿਨੀਂ ਹੁਸ਼ਿੳਾਰਪੁਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ 2017 ਚੋਣਾਂ ਦੇ ਮੱਦੇਨਜ਼ਰ ਮਹਾ ਗਠਜੋੜ ਬਣਾਉਣ ਦੇ ਪ੍ਰਸਤਾਵ ਵਿੱਚ ਮਾਨ ਦਲ, ਦਲ ਖਾਲਸਾ ਵਰਗੀਆਂ ਪਾਰਟੀਆਂ ਸ਼ਾਮਿਲ ਹੋਣਗੀਆਂ।

ਇਸ ਤੇ ਪ੍ਰਤੀਕਿਰਯਾ ਦਿੰਦੇ ਹੋਏ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਆਪਣੀ ਗਲਤੀ ਮੰਨਣ ਅਤੇ ਲੋਕਾਂ ਕੋਲੋਂ ਮੁਆਫੀ ਮੰਗਣ ਦੀ ਥਾਂ ਦੂਜਿਆ ਨੂੰ ਦੋਸ਼ੀ ਠਹਿਰਾਕੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਿਤ ਕਰਨ ਦੀ ਕੋਸ਼ਿਸ਼ ਵਿੱਚ ਹਨ। ਉਹਨਾਂ ਕਿਹਾ ਕਿ 2008 ਵਿੱਚ ਹੀ ਉਹਨਾਂ ਨੇ ਇਹ ਐਲਾਨ ਕਰ ਦਿਤਾ ਸੀ ਕਿ ਉਹ ਭਾਰਤੀ ਪ੍ਰਬੰਧ ਹੇਠ ਹੋਣ ਵਾਲੀਆਂ ਕਿਸੇ ਵੀ ਪਾਰਲੀਮਾਨੀ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ।

ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਂਸ਼ਨ 200 ਰੁਪਏ ਤੋਂ 500 ਰੁਪਏ ਕਰਨ ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਇਸ ਵਾਸਤੇ ਪੈਸੇ ਕਿੱਥੋਂ ਲਿਆਏਗੀ ਕਿਉਂਕਿ ਸਰਕਾਰ ਕੋਲ ਮੋਜੂਦਾ ਦਰਾਂ ਤੇ ਵੀ ਪੈਨਸ਼ਨਾਂ ਅਤੇ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ।

ਸਿਮਰਨਜੀਤ ਸਿੰਘ ਮਾਨ ਤੇ ਟਿੱਪਣੀ ਕਰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲੈਂਦਾ।ਜਿਕਰਯੋਗ ਹੈ ਕਿ ਮਾਨ ਨੇ ਬੀਤੇ ਦਿਨੀਂ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਵਿੱਚ ਮਹਾਂ ਗਠਜੋੜ ਬਣਾਉਣ ਦੀ ਗੱਲ ਕਹੀ ਸੀ ਜਿਸ ਵਿੱਚ ਉਨ੍ਹਾਂ ਕਾਂਗਰਸ ਨਾਲ ਵੀ ਇਸ ਸੰਬੰਧੀ ਗੱਲ ਕਰਨ ਦੀ ਹਮਾਇਤ ਕੀਤੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: