ਮੁਹਾਲੀ: ਗ੍ਰਿਫਤਾਰ ਕੀਤੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਤੇ ਹੋਰਨਾਂ ਖਿਲਾਫ ਭਾਰਤੀ ਜਾਂਚ ਏਜੰਸੀ ਐਨ. ਆਈ. ਏ. ਨੇ ਚਾਰ ਹੋਰ ਮਾਮਲਿਆਂ ਵਿੱਚ ਚਲਾਣ ਅਦਾਲਤ ਵਿੱਚ ਪੇਸ਼ ਕਰ ਦਿੱਤੇ ਹਨ ਜਿਨ੍ਹਾਂ ਦੀਆਂ ਨਕਲਾਂ ਅੱਜ ਬਚਾਅ ਪੱਖ ਦੇ ਵਕੀਲਾਂ ਨੂੰ ਦੇ ਦਿੱਤੀਆਂ ਗਈਆਂ।
ਐਨ. ਆਈ. ਏ. ਖਾਸ ਅਦਾਲਤ ਦੀ ਜੱਜ ਮਿਸ ਅੰਸ਼ੁਲ ਬੈਰੀ ਛੁੱਟੀ ‘ਤੇ ਹੋਣ ਕਾਰਨ ਅੱਜ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ ਵਿੱਚ ਹੋਈ।
ਅੱਜ ਪ੍ਰਸ਼ਾਸਨ ਵੱਲੋਂ ਕਪੂਰਥਲਾ ਜੇਲ੍ਹ ਵਿੱਚ ਨਜ਼ਰਬੰਦ ਹਰਦੀਪ ਸਿੰਘ ਸ਼ੇਰਾ ਤੋਂ ਬਿਨਾ ਗ੍ਰਿਫਤਾਰ ਕੀਤੇ ਗਏ ਹੋਰਨਾਂ ਵਿਅਕਤੀਆਂ- ਜਗਤਾਰ ਸਿੰਘ ਜੱਗੀ, ਰਮਨਦੀਪ ਸਿੰਘ ਬੱਗਾ, ਧਰਮਿੰਦਰ ਸਿੰਘ ਉਰਫ ਗੁਗਨੀ, ਅਨਿਲ ਕਾਲਾ, ਅਮਨਿੰਦਰ ਸਿੰਘ, ਰਵੀਪਾਲ ਸਿੰਘ, ਮਨਪ੍ਰੀਤ ਸਿੰਘ, ਪਹਾੜ ਸਿੰਘ, ਪਰਵੇਜ਼, ਮਲੂਕ ਅਤੇ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਐਨ. ਆਈ. ਏ ਵੱਲੋਂ 4 ਮਈ ਨੂੰ ਆਰ. ਐਸ. ਐਸ. ਆਗੂ ਰਵਿੰਦਰ ਗੋਸਾਈ ਦੇ ਕਤਲ ਦੇ ਮਾਮਲੇ ਵਿੱਚ ਚਲਾਣ ਪੇਸ਼ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਹੁਣ ਤੱਕ ਇਸ ਜਾਂਚ ਏਜੰਸੀ ਨੇ 4 ਹੋਰਨਾਂ ਮਾਮਲਿਆਂ ਵਿੱਚ ਚਲਾਣ ਅਦਾਲਤ ਵਿੱਚ ਪੇਸ਼ ਕੀਤੇ ਹਨ ਜਿਨ੍ਹਾਂ ਦਾ ਸੰਬੰਧ ਪਾਸਟਰ ਸੁਲਤਾਨ ਮਸੀਹ, ਦੁਰਗਾ ਪਰਸ਼ਾਦ, ਡੇਰਾ ਪ੍ਰੇਮੀ ਪਿਉ-ਪੁੱਤ ਅਤੇ ਅਮਿਤ ਸ਼ਰਮਾ ਕਤਲ ਕੇਸਾਂ ਨਾਲ ਹੈ।
ਅੱਜ ਦੀ ਸੁਣਵਾਈ ਦੌਰਾਨ ਇਨ੍ਹਾਂ ਚਾਰਾਂ ਚਲਾਣਾਂ ਦੀਆਂ ਨਕਲਾਂ ਬਚਾਅ ਪੱਖ ਦੇ ਵਕੀਲਾਂ ਨੂੰ ਦਿੱਤੀਆਂ ਗਈਆਂ। ਅਦਾਲਤ ਨੇ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਲਈ ਅਗਲੀ ਤਰੀਕ 5 ਜੂਨ ‘ਤੇ ਰੱਖੀ ਹੈ।
ਜ਼ਿਕਰਯੋਗ ਹੈ ਕਿ ਐਨ. ਆਏ. ਏ. ਨੇ ਹੁਣ ਤੱਕ ਜਿਨ੍ਹਾਂ 5 ਮਾਮਲਿਆਂ ਵਿੱਚ ਚਾਲਣ ਪੇਸ਼ ਕੀਤੇ ਹਨ ਉਨ੍ਹਾਂ ਵਿੱਚ ਜਾਂਚ ਏਜੰਸੀ ਨੇ ਅਦਾਲਤ ਨੂੰ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਖਿਲਾਫ ਮਾਮਲੇ ਦੀ ਕਾਰਵਾਈ ਖਤਮ ਕਰ ਦੇਣ ਲਈ ਕਿਹਾ ਹੈ।
ਇਸੇ ਦੌਰਾਨ ਗ੍ਰਿਫਤਾਰ ਕੀਤੇ ਮੁਸਲਮਾਨ ਵਿਅਕਤੀ ਮਲੂਕ ਵੱਲੋਂ ਬਚਾਅ ਪੱਖ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਅਦਲਾਤ ਵਿੱਚ ਇਕ ਅਰਜੀ ਲਾ ਕੇ ਕਿਹਾ ਕਿ ਮਲੂਕ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਇਕ ਬੰਦ ਹਾਤੇ ਵਿੱਚ ਰੱਖਿਆ ਗਿਆ ਹੈ ਤੇ ਰਮਜ਼ਾਨ ਦੇ ਮਹੀਨੇ ਦੌਰਾਨ ਜੇਲ੍ਹ ਵਿਚਲੇ ਹੋਰਨਾਂ ਮੁਸਲਮਾਨਾਂ ਨਾਲ ਉਸ ਨੂੰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਅਰਜੀ ਵਿੱਚ ਕਿਹਾ ਹੈ ਕਿ ਮਲੂਕ ਨੂੰ ਆਪਣੀਆਂ ਧਾਰਮਿਕ ਰਸਮਾਂ ਅਦਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਐਨ. ਆਈ. ਏ. ਜੱਜ ਦੇ ਛੁੱਟੀ ‘ਤੇ ਹੋਰ ਕਾਰਨ ਇਸ ਮਾਮਲੇ ਦੀ ਆਰਜ਼ੀ ਤੌਰ ‘ਤੇ ਸੁਣਵਾਈ ਕਰਨ ਵਾਲੇ ਜੱਜ ਨੇ ਇਸ ਮਾਮਲੇ ਦੀ ਸੁਣਵਾਈ ਕੱਲ ‘ਤੇ ਰੱਖੀ ਹੈ।