ਰਮਨਦੀਪ ਸਿੰਘ ਬੱਗਾ ਦੀ ਪੁਲਿਸ ਹਿਰਾਸਤ ਦੌਰਾਨ ਖਿੱਚੀ ਗਈ ਇਕ ਪੁਰਾਣੀ ਤਸਵੀਰ

ਖਾਸ ਖਬਰਾਂ

ਸ਼ਿਵ ਸੈਨਾ ਆਗੂ ਅਮਿਤ ਅਰੋੜਾ ‘ਤੇ ਹਮਲੇ ਦੇ ਮਾਮਲੇ ਵਿਚ ਰਮਨਦੀਪ ਸਿੰਘ ਬੱਗਾ ਨੂੰ 6 ਦਿਨਾ ਐਨਆਈਏ ਰਿਮਾਂਡ ‘ਤੇ ਭੇਜਿਆ

By ਸਿੱਖ ਸਿਆਸਤ ਬਿਊਰੋ

August 29, 2018

ਚੰਡੀਗੜ੍ਹ: ਅੱਜ ਭਾਰਤ ਦੀ ਕੌਮੀ ਜਾਂਚ ਅਜੈਂਸੀ ਐਨਆਈਏ ਵਲੋਂ ਰੋਪੜ੍ਹ ਜ਼ਿਲ੍ਹਾ ਜੇਲ੍ਹ ਵਿਚ ਨਜ਼ਰਬੰਦ ਰਮਨਦੀਪ ਸਿੰਘ ਬੱਗਾ ਨੂੰ ਸ਼ਿਵ ਸੈਨਾ ਆਗੂ ਅਮਿਤ ਅਰੋੜਾ ‘ਤੇ ਹੋਏ ਹਮਲੇ ਦੇ ਮਾਮਲੇ ਵਿਚ ਦਰਜ ਮਾਮਲਾ ਨੰ. ਆਰਸੀ/24/ਦਿੱਲੀ/17 ਸਬੰਧੀ ਮੋਹਾਲੀ ਸਥਿਤ ਐਨਆਈਏ ਅਦਾਲਤ ਵਿਚ ਪੇਸ਼ ਕੀਤਾ ਗਿਆ।

ਸੁਣਵਾਈ ਦੌਰਾਨ ਐਨਆਈਏ ਨੇ ਅਦਾਲਤ ਤੋਂ ਰਮਨਦੀਪ ਸਿੰਘ ਦੇ ਸੱਤ ਦਿਨਾ ਰਿਮਾਂਡ ਦੀ ਮੰਗ ਕੀਤੀ। ਬਚਾਅ ਪੱਖ ਦੇ ਵਕੀਲ ਨੇ ਇਸ ਮੰਗ ਦਾ ਵਿਰੋਧ ਕੀਤਾ। ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ 6 ਦਿਨਾਂ ਦਾ ਰਿਮਾਂਡ ਮਨਜ਼ੂਰ ਕਰ ਦਿੱਤਾ ਤੇ ਅਗਲੀ ਸੁਣਵਾਈ ਲਈ 4 ਸਤੰਬਰ, 2018 ਤਰੀਕ ਨਿਯਤ ਕੀਤੀ।

ਜ਼ਿਕਰਯੋਗ ਹੈ ਕਿ ਅਮਿਤ ਅਰੋੜਾ ਨੇ ਦਾਅਵਾ ਕੀਤਾ ਸੀ ਕਿ 4 ਫਰਵਰੀ, 2017 ਨੂੰ ਉਸ ਉੱਤੇ ਮੋਟਰਸਾਈਕਲ ਸਵਾਰ ਦੋ ਬੰਦਿਆਂ ਨੇ ਕਾਤਲਾਨਾ ਹਮਲਾ ਕੀਤਾ ਸੀ ਜਿਸ ਵਿਚ ਉਸ ਉੱਤੇ ਚਲਾਈ ਗੋਲੀ ਉਸ ਦੇ ਗਲੇ ਨੂੰ ਛੂਹ ਕੇ ਲੰਘ ਗਈ ਸੀ। ਪਰ ਪੰਜਾਬ ਪੁਲਿਸ ਨੇ ਉਸ ਸਮੇਂ ਅਮਿਤ ਅਰੋੜਾ ਦੇ ਇਸ ਦਾਅਵੇ ਨੂੰ ਝੂਠੀ ਕਹਾਣੀ ਦਸਦਿਆਂ ਦਾਅਵਾ ਕੀਤਾ ਸੀ ਕਿ ਅਮਿਤ ਅਰੋੜਾ ਨੇ ਸੁਰੱਖਿਆ ਹਾਸਿਲ ਕਰਨ ਲਈ ਇਹ ਕਹਾਣੀ ਘੜੀ। ਪੁਲਿਸ ਨੇ ਫੋਰੈਂਸਿਕ ਜਾਂਚ ਦੇ ਅਧਾਰ ‘ਤੇ ਦਾਅਵਾ ਕੀਤਾ ਸੀ ਕਿ ਅਮਿਤ ਅਰੋੜਾ ਨੇ ਸਰੀਆ ਗਰਮ ਕਰਕੇ ਆਪਣੇ ਗਲੇ ‘ਤੇ ਨਿਸ਼ਾਨ ਬਣਾਇਆ ਸੀ। ਇਸ ਜਾਂਚ ਦੇ ਅਧਾਰ ‘ਤੇ ਹੀ ਪੁਲਿਸ ਨੇ ਫੇਰ ਅਮਿਤ ਅਰੋੜਾ ਖਿਲਾਫ ਧੋਖਾਧੜੀ ਅਤੇ ਝੂਠੇ ਸਬੂਤ ਬਣਾਉਣ ਦੇ ਦੋਸ਼ਾਂ ਅਧੀਨ ਮਾਮਲਾ ਦਰਜ ਕੀਤਾ ਸੀ।

ਪਰ 2017 ਵਿਚ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੋਹਲ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਆਪਣੇ ਉਪਰੋਕਤ ਦਾਅਵੇ ਤੋਂ ਮੁੱਕਰ ਗਈ ਅਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਮਿਤ ਅਰੋੜਾ ਉੱਤੇ ਸਚਮੁੱਚ ਹੀ ਹਮਲਾ ਹੋਇਆ ਸੀ। ਨਵੰਬਰ 2017 ਵਿਚ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਐਨਆਈਏ ਨੂੰ ਦੇ ਦਿੱਤੀ। ਇਸ ਉਪਰੰਤ ਪਿਛਲੇ 9 ਮਹੀਨਿਆਂ ਦੌਰਾਨ ਐਨਆਈਏ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ।

ਅਦਾਲਤ ਵਿਚ ਅੱਜ ਹੋਈ ਸੁਣਵਾਈ ਬਾਰੇ ਜਾਣਕਾਰੀ ਦਿੰਦਿਆਂ ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਅਦਾਲਤ ਨੇ ਰਮਨਦੀਪ ਸਿੰਘ ਬੱਗਾ ਦੀ ਹਰ ਰੋਜ਼ ਸ਼ਰੀਰਕ ਜਾਂਚ ਕਰਾਉਣ ਅਤੇ ਹਰ ਰੋਜ਼ ਵਕੀਲ ਨਾਲ ਮੁਲਾਕਾਤ ਕਰਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਰਮਨਦੀਪ ਸਿੰਘ ਬੱਗਾ ਨੂੰ ਰਿਮਾਂਡ ਦੌਰਾਨ ਲੁਧਿਆਣਾ ਸੀਆਈਏ ਵਿਖੇ ਰੱਖਿਆ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: