Site icon Sikh Siyasat News

ਪੰਜਾਬੀ ਯੂਨੀਵਰਸਿਟੀ ਦੇ ਸਰਵੇਖਣ ਅਨੁਸਾਰ ਪੰਜਾਬ ਦੇ ਕਿਸਾਨਾਂ ’ਤੇ ਔਸਤਨ ਪ੍ਰਤੀ ਏਕੜ ਕਰਜ਼ਾ 71,203 ਰੁਪਏ

ਚੰਡੀਗੜ੍ਹ, 17 ਜੂਨ (ਹਮੀਰ ਸਿੰਘ): ਕਰਜ਼ੇ ਦੇ ਬੋਝ ਹੇਠ ਖ਼ੁਦਕੁਸ਼ੀਆਂ ਕਰ ਰਹੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਮੁੱਖ ਸਮੱਸਿਆ ਇਹ ਹੈ ਕਿ ਉਨ੍ਹਾਂ ਦੀ ਜਿੰਨੀ ਆਮਦਨ ਹੈ, ਉਸ ਤੋਂ ਕਿਤੇ ਵੱਧ ਅਹਿਮ ਲੋੜਾਂ ’ਤੇ ਖਰਚਾ ਹੋ ਰਿਹਾ ਹੈ| ਇਨ੍ਹਾਂ ਦੀ ਆਮਦਨ ਵਧਾਉਣ ਦੇ ਤਰੀਕੇ ਖੋਜੇ ਬਿਨਾਂ ਹਾਲਾਤ ਠੀਕ ਹੋਣ ਦੀ ਸੰਭਾਵਨਾ ਨਹੀਂ ਹੈ।

ਇਹ ਖੁਲਾਸਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਰਥਸ਼ਾਸਤਰ ਵਿਭਾਗ ਦੇ ਪ੍ਰੋ. ਗਿਆਨ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਲਿਖੀ ‘ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ– ਇੱਕ ਸਰਵੇਖਣ’ ਨਾਮ ਦੀ ਕਿਤਾਬ ਵਿੱਚ ਕੀਤਾ ਗਿਆ ਹੈ। ਇਹ ਪੁਸਤਕ ਜਰਮਨੀ ਦੇ ਲੈਪ ਲੰਬਰਟ ਅਕਾਦਮਿਕ ਪ੍ਰਕਾਸ਼ਨ ਨੇ ਛਾਪੀ ਹੈ। ਇਹ ਕਿਤਾਬ ਇੱਥੇ ਕਿਸਾਨ ਨਿਰਭੈ ਸਿੰਘ ਤੇ ਖੇਤ ਮਜ਼ਦੂਰ ਕਸ਼ਮੀਰ ਸਿੰਘ ਨੇ ਰਿਲੀਜ਼ ਕੀਤੀ।

ਕਿਸਾਨ ਨਿਰਭੈ ਸਿੰਘ, ਖੇਤ ਮਜ਼ਦੂਰ ਕਸ਼ਮੀਰ ਸਿੰਘ ਅਤੇ ਪ੍ਰੋ. ਗਿਆਨ(ਖੱਬੇ) ਸਿੰਘ ਕਿਤਾਬ ਰਿਲੀਜ਼ ਕਰਦੇ ਹੋਏ।

ਸੂਬੇ ਦੇ 1007 ਕਿਸਾਨ ਅਤੇ 301 ਮਜ਼ਦੂਰ ਪਰਿਵਾਰਾਂ ਦੇ ਆਧਾਰ ’ਤੇ ਕੀਤੇ ਸਰਵੇਖਣ ਮੁਤਾਬਕ ਸੀਮਾਂਤ ਭਾਵ 2.5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨ ਨੂੰ ਸਾਲ ਵਿੱਚ ਜੇ ਇੱਕ ਰੁਪਏ ਆਮਦਨ ਹੁੰਦੀ ਹੈ ਤਾਂ ਉਸ ਦਾ ਖਰਚ 1.35 ਰੁਪਏ ਹੋ ਜਾਂਦਾ ਹੈ।

ਛੋਟੇ ਭਾਵ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਦੀ ਇੱਕ ਰੁਪਏ ਆਮਦਨ ਪਿੱਛੇ 1.29 ਰੁਪਏ ਖਰਚ ਹੋ ਰਹੇ ਹਨ।

ਅਰਧ ਦਰਮਿਆਨੇ ਕਿਸਾਨਾਂ ਨੂੰ ਆਮਦਨ ਤੋਂ 10 ਪੈਸੇ ਅਤੇ ਦਰਮਿਆਨਿਆਂ ਨੂੰ 6 ਪੈਸੇ ਵੱਧ ਖਰਚਾ ਕਰਨਾ ਪੈ ਰਿਹਾ ਹੈ। ਕੇਵਲ ਵੱਡੇ ਕਿਸਾਨਾਂ ਨੂੰ ਹੀ ਆਮਦਨ ਦੇ ਸੌ ਪਿੱਛੇ ਛੇ ਪੈਸੇ ਬੱਚਤ ਹੁੰਦੀ ਹੈ।

ਸਰਵੇਖਣ ਮੁਤਾਬਕ ਕਿਸਾਨਾਂ ਦੀ ਔਸਤਨ ਆਮਦਨ ਇੱਕ ਰੁਪਏ ਤੇ ਖਰਚਾ 1.15 ਰੁਪਏ ਹੋ ਜਾਂਦਾ ਹੈ। ਖੇਤ ਮਜ਼ਦੂਰ ਇੱਕ ਰੁਪਏ ਆਮਦਨ ਪਿੱਛੇ 1.12 ਰੁਪਏ ਖਰਚ ਕਰਨ ਲਈ ਮਜਬੂਰ ਹਨ। ਇਨ੍ਹਾਂ ਦਾ ਫ਼ਰਕ ਇਸ ਲਈ ਘੱਟ ਹੈ ਕਿਉਂਕਿ ਇਨ੍ਹਾਂ ਨੂੰ ਕਰਜ਼ੇ ਹੀ ਘੱਟ ਮਿਲਦੇ ਹਨ। ਇਸ ਲਈ ਚਾਹੁੰਦੇ ਹੋਏ ਵੀ ਇਹ ਕਰਜ਼ਾ ਲੈ ਕੇ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ।

ਕਰੀਬ ਪੰਜ ਮੈਂਬਰਾਂ ਵਾਲੇ ਸੀਮਾਂਤ ਕਿਸਾਨ ਪਰਿਵਾਰ ਦੀ ਸਾਲਾਨਾ ਔਸਤਨ ਆਮਦਨ 1,39,365.27 ਰੁਪਏ, ਛੋਟੇ ਦੀ 2,22,992.32 ਰੁਪਏ, ਅਰਧ ਦਰਮਿਆਨੇ ਕਿਸਾਨ ਦੀ 3,69,432.68 ਰੁਪਏ, ਦਰਮਿਆਨੇ ਦੀ 5,66,407.60 ਰੁਪਏ, ਵੱਡੇ ਕਿਸਾਨ ਦੀ 12,02,780.38 ਰੁਪਏ ਅਤੇ ਖੇਤ ਮਜ਼ਦੂਰ ਦੀ ਔਸਤਨ ਸਾਲਾਨਾ ਆਮਦਨ 81,452.17 ਰੁਪਏ ਹੈ। ਇਸ ਦਾ ਅਰਥ ਹੈ ਕਿ ਔਸਤਨ ਹਰ ਕਿਸਾਨ ਪਰਿਵਾਰ ਨੂੰ 43,940.95 ਰੁਪਏ ਸਾਲਨਾ ਘਾਟਾ ਪੈ ਰਿਹਾ ਹੈ। ਸੀਮਾਂਤ ਕਿਸਾਨ ਨੂੰ ਸਭ ਤੋਂ ਵੱਧ ਸਾਲਾਨਾ 64,459.08 ਰੁਪਏ ਘਾਟਾ ਸਹਿਣਾ ਪੈਂਦਾ ਹੈ।

ਵੱਡੇ ਕਿਸਾਨ ਨੂੰ 66,553.35 ਰੁਪਏ ਬੱਚਤ ਹੁੰਦੀ ਹੈ। ਖੇਤ ਮਜ਼ਦੂਰ ਹਰ ਸਾਲ 9,427.17 ਰੁਪਏ ਦਾ ਘਾਟਾ ਸਹਿ ਰਿਹਾ ਹੈ। ਪੁਸਤਕ ਮੁਤਾਬਕ ਸੀਮਾਂਤ ਕਿਸਾਨ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਖਾਣ ਪੀਣ ਦੀਆਂ ਵਸਤਾਂ, ਕੱਪੜਾ, ਬਿਜਲੀ, ਐਲਪੀਜੀ ਗੈਸ ਆਦਿ ’ਤੇ ਸਾਲਾਨਾ 19,983.88 ਰੁਪਏ ਖਰਚ ਕਰਦਾ ਹੈ।

ਭਾਵ ਸੀਮਾਂਤ ਕਿਸਾਨ ਦੇ ਹਰ ਮੈਂਬਰ ਦਾ ਖਰਚ ਲਗਪਗ 55.51 ਰੁਪਏ ਪ੍ਰਤੀ ਦਿਨ ਹੈ। ਛੋਟਾ ਕਿਸਾਨ ਪਰਿਵਾਰ 24,336.06 ਰੁਪਏ, ਵੱਡਾ ਕਿਸਾਨ ਪਰਿਵਾਰ ਪ੍ਰਤੀ ਵਿਅਕਤੀ ਸਾਲਾਨਾ 36,623 ਰੁਪਏ ਖਰਚ ਕਰਦਾ ਹੈ। ਖੇਤ ਮਜ਼ਦੂਰ ਪਰਿਵਾਰ ਦਾ ਖਰਚਾ ਸੀਮਾਂਤ ਕਿਸਾਨ ਨਾਲੋਂ ਲਗਪਗ ਅੱਧਾ ਹੈ। ਉਸ ਦਾ ਪ੍ਰਤੀ ਵਿਅਕਤੀ ਸਾਲਾਨਾ ਖਰਚ 10,576.40 ਰੁਪਏ ਭਾਵ ਰੋਜ਼ਾਨਾ ਇੱਕ ਵਿਅਕਤੀ ਦਾ ਖਰਚ 29.37 ਰੁਪਏ ਹੈ।

ਸਰਵੇਖਣ ਵਾਲੇ ਘਰਾਂ ਵਿੱਚੋਂ 85.90 ਫ਼ੀਸਦ ਕਿਸਾਨ ਪਰਿਵਾਰ ਕਰਜ਼ੇ ਦੇ ਜਾਲ ਵਿੱਚ ਫਸੇ ਹੋਏ ਹਨ।

ਖੇਤ ਮਜ਼ਦੂਰਾਂ ਦੇ 80 ਫ਼ੀਸਦ ਪਰਿਵਾਰ ਕਰਜ਼ੇ ਹੇਠ ਹਨ। ਪੰਜਾਬ ਦੇ ਕਿਸਾਨਾਂ ’ਤੇ ਔਸਤਨ ਪ੍ਰਤੀ ਏਕੜ ਕਰਜ਼ਾ 71,203 ਰੁਪਏ ਹੈ। ਖੇਤ ਮਜ਼ਦੂਰਾਂ ਦਾ ਪ੍ਰਤੀ ਪਰਿਵਾਰ ਕਰਜ਼ਾ 68,329 ਰੁਪਏ ਹੈ। ਇਨ੍ਹਾਂ ਨੂੰ ਸੰਸਥਾਗਤ ਕਰਜ਼ਾ ਮਿਲ ਹੀ ਨਹੀਂ ਰਿਹਾ ਕਿਉਂਕਿ ਇਨ੍ਹਾਂ ਕੋਲ ਗਹਿਣੇ ਰੱਖਣ ਲਈ ਕੁਝ ਨਹੀਂ ਹੈ। 92 ਫ਼ੀਸਦ ਕਰਜ਼ਾ ਉੱਚ ਵਿਆਜ ਦਰਾਂ ’ਤੇ ਮਿਲ ਰਿਹਾ ਹੈ। ਸਰਵੇਖਣ ਵਿੱਚ ਪ੍ਰੋ. ਗਿਆਨ ਸਿੰਘ ਨਾਲ ਪ੍ਰੋ. ਅਨੁਪਮਾ ਉੱਪਲ, ਪ੍ਰੋ. ਗੁਰਿੰਦਰ ਕੌਰ, ਸਹਾਇਕ ਪ੍ਰੋ. ਰੁਪਿੰਦਰ ਕੌਰ, ਸਹਾਇਕ ਪ੍ਰੋ. ਸੁਖਵੀਰ ਕੌਰ ਸ਼ਾਮਲ ਸਨ।

ਇਹ ਖਬਰ ਮੂਲ ਰੂਪ ਵਿੱਚ ਪੰਜਾਬੀ ਟ੍ਰਿਬਿਯੂਨ ਦੇ 17 ਜੂਨ, 2017 ਅੰਕ ਵਿਚ ਛਪੀ ਸੀ, ਜਿਸ ਨੂੰ ਇੱਥੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਮੁੜ ਛਾਪਿਆ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version