ਨਵੀਂ ਦਿੱਲੀ: ਕਾਂਗਰਸ ਨੇ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਚੀਨੀ ਰਾਜਦੂਤ ਨਾਲ ਮੁਲਾਕਾਤ ਦੀਆਂ ਖ਼ਬਰਾਂ ਨੂੰ “ਫਰਜ਼ੀ” ਕਰਾਰ ਦਿੰਦੇ ਹੋਏ ਇਸਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਰਾਹੁਲ ਗਾਂਧੀ ਦੇ ਭਾਰਤ ‘ਚ ਚੀਨੀ ਰਾਜਦੂਤ ਨੂੰ ਮਿਲਣ ਦੀਆਂ ਖ਼ਬਰਾਂ ਸਿੱਕਿਮ ਦੇ ਡੋਕਲਾਮ ‘ਚ ਚੀਨ-ਭਾਰਤ ਸਰਹੱਦ ਵਿਵਾਦ ਦੇ ਦੌਰਾਨ ਸਾਹਮਣੇ ਆਈਆਂ ਹਨ।
ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਇਕ ਟਵੀਟ ਕਰਕੇ ਕਿਹਾ ਕਿ ਕੁਝ ਖ਼ਬਰਾਂ ਦੇ ਚੈਨਲ ਭਾਤਰ ‘ਚ ਚੀਨ ਦੇ ਰਾਜਦੂਤ ਲਿਓ ਝਾਓਹੁਈ ਦੇ ਨਾਲ ਰਾਹੁਲ ਗਾਂਧੀ ਦੀ ਮੁਲਾਕਾਤ ਦੀਆਂ ਝੂਠੀਆਂ ਖ਼ਬਰਾਂ ਦਿਖਾ ਰਹੇ ਹਨ।
ਸੂਰਜੇਵਾਲਾ ਨੇ ਕਿਹਾ, “ਨਿਊਜ਼ ਚੈਨਲ ਚੀਨ ਦਾ ਦੌਰਾ ਕਰ ਰਹੇ ਤਿੰਨ ਕੇਂਦਰੀ ਮੰਤਰੀਆਂ ਅਤੇ ਜੀ 20 ਸੰਮੇਲਨ ‘ਚ ਪ੍ਰਧਾਨ ਮੰਤਰੀ ਮੋਦੀ ਦੇ ਰਵੱਈਏ ‘ਤੇ ਸਵਾਲ ਖੜ੍ਹੇ ਨਹੀਂ ਕਰਨਗੇ।”
ਸੂਰਜੇਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਸਬੰਧ ‘ਚ ਇਹ ਖ਼ਬਰਾਂ ਵਿਦੇਸ਼ ਮੰਤਰਾਲਾ ਅਤੇ ਭਾਰਤੀ ਖੁਫੀਆ ਏਜੰਸੀਆਂ ਫੈਲਾ ਰਹੀਆਂ ਹਨ।
ਜਦਕਿ ਕਾਂਗਰਸ ਦੀ ਸੋਸ਼ਲ ਮੀਡੀਆ ਮੁਖੀ ਰਾਮਿਆ ਨੇ ਕਿਹਾ ਕਿ ਮੁੱਦਾ ਇਹ ਨਹੀਂ ਹੈ ਕਿ ਰਾਹੁਲ ਗਾਂਧੀ ਨੇ ਚੀਨੀ ਰਾਜਦੂਤ ਨਾਲ ਮੁਲਾਕਾਤ ਕੀਤੀ ਕਿ ਨਹੀਂ? ਉਸਨੇ ਸਵਾਲ ਚੁੱਕਿਆ ਕਿ ਮੋਦੀ ਨੇ ਪਿਛਲੇ ਹਫਤੇ ਜਰਮਨੀ ਦੇ ਹੈਂਬਰਗ ‘ਚ ਜੀ 20 ਕਾਨਫਰੰਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਦੇ ਨਾਲ ਸਰਹੱਦ ਵਿਵਾਦ ਦੇ ਮੁੱਦੇ ਨੂੰ ਕਿਉਂ ਨਹੀਂ ਚੁੱਕਿਆ?
ਰਾਮਿਆ ਨੇ ਕਾਨਫਰੰਸ ‘ਚ ਮੋਦੀ ਅਤੇ ਸ਼ੀ ਦੀ ਤਸਵੀਰਾਂ ਸਾਂਝੀਆਂ ਕਰਦੇ ਹੋਏ ਟਵੀਰ ਕਰਕੇ ਕਿਹਾ, “ਚੀਨ ਵਲੋਂ ਘੁਸਪੈਠ ਹੋ ਰਹੀ ਹੈ ਅਤੇ ਇਸ ਦੌਰਾਨ ਇਹ ਬੈਠਕ ਹੋਈ ਅਤੇ ਕਮਜ਼ੋਰ ਪ੍ਰਧਾਨ ਮੰਤਰੀ ਨੇ ਇਸ ਮੁੱਦੇ ‘ਤੇ ਗੱਲ ਕਰਨੀ ਵੀ ਜ਼ਰੂਰੀ ਨਹੀਂ ਸਮਝੀ।”
ਰਾਮਿਆ ਨੇ ਇਕ ਹੋਰ ਟਵੀਰ ਕਰਕੇ ਕਿਹਾ, “ਜੇ ਕਾਂਗਰਸ ਮੀਤ ਪ੍ਰਧਾਨ ਨੇ ਚੀਨੀ ਰਾਜਦੂਤ ਨਾਲ ਮੁਲਾਕਾਤ ਕੀਤੀ ਹੈ ਤਾਂ ਵੀ ਇਹ ਮੈਨੂੰ ਕੋਈ ਮੁੱਦਾ ਨਹੀਂ ਲਗਦਾ। ਪਰ ਪ੍ਰਧਾਨ ਮੰਤਰੀ ਵਲੋਂ ਨਿਜੀ ਅਤੇ ਜਨਤਕ ਤੌਰ ‘ਤੇ ਸਰਹੱਦ ਸਬੰਧੀ ਵਿਵਾਦ ਨੂੰ ਨਹੀਂ ਚੁੱਕਣਾ ਮੁੱਦਾ ਜ਼ਰੂਰ ਹੈ।”
ਪਹਿਲਾਂ ਕਾਂਗਰਸ ਨੇ ਰਾਹੁਲ ਗਾਂਧੀ ਵਲੋਂ ਚੀਨੀ ਰਾਜਦੂਤ ਨਾਲ ਮੁਲਾਕਾਤ ਦੀ ਖ਼ਬਰਾਂ ਦਾ ਖੰਡਨ ਕੀਤਾ ਸੀ ਪਰ ਬਾਅਦ ‘ਚ ਯੂ-ਟਰਨ ਲੈਂਦੇ ਹੋਏ ਇਸ ਦੀ ਪੁਸ਼ਟੀ ਕਰ ਦਿੱਤੀ।