ਸਿਰਸਾ: ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਬਾਅਦ ਇਥੇ ਡੇਰਾ ਸਿਰਸਾ ਵਿੱਚ ਬੇਯਕੀਨੀ ਵਾਲਾ ਮਾਹੌਲ ਹੈ ਕਿਉਂਕਿ ਡੇਰੇ ਦੀ ਅਗਵਾਈ ਬਾਰੇ ਭੰਬਲਭੂਸਾ ਪਿਆ ਹੋਇਆ ਹੈ। ਜਾਣਕਾਰੀ ਮੁਤਾਬਕ ਹਨੀਪ੍ਰੀਤ, ਜੋ ਦੋਸ਼ੀ ਠਹਿਰਾਏ ਜਾਣ ਬਾਅਦ ਰਾਮ ਰਹੀਮ ਨਾਲ ਹੈਲੀਕਾਪਟਰ ਵਿੱਚ ਬੈਠੀ ਸੀ, ਕੁੱਝ ਸਮੇਂ ਤੋਂ ਡੇਰਾ ਮੁਖੀ ਦੇ ਸਭ ਤੋਂ ਨੇੜੇ ਸੀ।
ਸੂਤਰਾਂ ਮੁਤਾਬਕ ਡੇਰਾ ਮੁਖੀ ਦਾ ਪੁੱਤਰ ਜਸਮੀਤ ਸਿੰਘ ਇੰਸਾਂ, ਦੋ ਧੀਆਂ ਚਰਨਪ੍ਰੀਤ ਕੌਰ ਤੇ ਅਮਰਪ੍ਰੀਤ ਕੌਰ ਵੀ ਆਪਣੇ ਜੀਵਨ ਸਾਥੀਆਂ ਨਾਲ ਹੁਣ ਡੇਰੇ ਵਿੱਚ ਹੀ ਹਨ। ਜਸਮੀਤ ਇੰਸਾਂ ਦਾ ਸਹੁਰਾ ਹਰਮਿੰਦਰ ਸਿੰਘ ਜੱਸੀ (ਬਠਿੰਡਾ ਤੋਂ ਸਾਬਕਾ ਕਾਂਗਰਸੀ ਵਿਧਾਇਕ) ਵੀ ਡੇਰੇ ਵਿੱਚ ਪਹੁੰਚ ਗਿਆ ਹੈ, ਜਿਸ ਕਾਰਨ ਭਲਕੇ ਅਦਾਲਤੀ ਫ਼ੈਸਲੇ ਬਾਅਦ ਡੇਰੇ ਦਾ ਅਗਲਾ ਮੁਖੀ ਐਲਾਨੇ ਜਾਣ ਦੀ ਸੰਭਾਵਨਾ ਬਾਰੇ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਡੇਰਾ ਮੁਖੀ ਦੇ ਇਕ ਕੱਟੜ ਸਮਰਥਕ ਨੇ ਕਿਹਾ, ‘ਅਸੀਂ ਰਾਮ ਰਹੀਮ ਦੇ ਪਰਤਣ ਦੀ ਆਸ ਨਹੀਂ ਛੱਡੀ ਹੈ। ਸਜ਼ਾ ਸੁਣਾ ਲੈਣ ਦਿਓ। ਕੌਣ ਜਾਣਦਾ ਉਥੇ ਕੋਈ “ਚਮਤਕਾਰ” ਹੋ ਜਾਵੇ? ਇਕ ਵਾਰ ਸਜ਼ਾ ਸੁਣਾਈ ਜਾਵੇ ਤਾਂ ਉਨ੍ਹਾਂ ਦੀ ਜ਼ਮਾਨਤ ਦੇ ਰਾਹ ਵੀ ਖੁੱਲ ਜਾਣਗੇ।’ ਸੌਦਾ ਸਾਧ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਡੇਰਾ ਹੈੱਡਕੁਆਰਟਰ ਵਿੱਚ ਮਾਤਮੀ ਮਾਹੌਲ ਹੈ।
ਡੇਰਾ ਤਰਜਮਾਨਾਂ ਨੇ ਦੱਸਿਆ ਕਿ ਡੇਰੇ ਦਾ ਕੰਮ-ਕਾਜ ਆਮ ਵਾਂਗ ਇਸ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਅਤੇ ਸੀਨੀਅਰ ਉਪ ਪ੍ਰਧਾਨ ਡਾ. ਪੀਆਰ ਨੈਣ ਵੱਲੋਂ ਸੰਭਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਮ ਰਹੀਮ (ਸੌਦਾ ਸਾਧ) ਹਾਲੇ ਵੀ ਡੇਰਾ ਮੁਖੀ ਹੈ। ਹਾਲਾਂਕਿ ਡੇਰੇ ਵੱਲੋਂ ਚਲਾਈਆਂ ਜਾ ਰਹੀਆਂ ਅੱਠ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਦੇ ਵਿਦਿਆਰਥੀ ਤੇ ਮਾਪੇ, ਹਸਪਤਾਲ, ਸ਼ਾਪਿੰਗ ਮਾਲਜ਼ ਤੇ ਹੋਰ ਥਾਵਾਂ ਉਤੇ ਕੰਮ ਕਰਦੇ ਲੋਕ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ।
ਮਾਝਾ ਐਕਸ ਸਰਵਿਸਮੈਨ ਹਿਉੂਮਨ ਰਾਈਟਸ ਫਰੰਟ ਦੇ ਚੇਅਰਮੈਨ ਜੀ.ਐਸ.ਸੰਧੂ ਨੇ ਦੱਸਿਆ ਕਿ ਡੇਰੇ ਵੱਲੋਂ ਚਾਰ ਸੌ ਤੋਂ ਵੱਧ ਵਿਅਕਤੀਆਂ ਨੂੰ ਨਿਪੁੰਸਕ ਬਣਾਉਣ ਦੇ ਕੇਸ ਦੀ ਸੁਣਵਾਈ ਪੰਜਾਬ ਹਰਿਆਣਾ ਹਾਈਕੋਰਟ ਵਿੱਚ 25 ਅਕਤੂਬਰ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ‘ਪੂਰਾ ਸੱਚ’ ‘ਦੇ ਮਰਹੂਮ ਸੰਪਾਦਕ ਰਾਮਚੰਦ ਛੱਤਰਪਤੀ ਦੇ ਕਤਲ ਕੇਸ ਦੀ ਸੁਣਵਾਈ ਅੰਤਿਮ ਪੜਾਅ ਵੱਲ ਵਧ ਰਹੀ ਹੈ ਤੇ ਅਗਲੇ ਮਹੀਨੇ ਇਸ ਦੀ ਸੁਣਵਾਈ ਹੋਣੀ ਹੈ। ਬਲਾਤਕਾਰ ਕੇਸ ਦੀ ਗਵਾਹ ਇੱਕ ਸਾਧਵੀ ਦੇ ਭਰਾ ਰਣਜੀਤ ਸਿੰਘ ਦੇ ਕਤਲ ਕੇਸ ਦੀ ਸੁਣਵਾਈ ਵੀ ਚੱਲ ਰਹੀ ਹੈ। ਡੇਰੇ ਮੁਖੀ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਦੇ ਰਸਤੇ ਬੰਦ ਹੋਣ ਦੇ ਆਸਾਰ ਬਣ ਰਹੇ ਹਨ।
ਸਬੰਧਤ ਖ਼ਬਰ:
ਪੰਜ ਸਿੰਘ ਸਾਹਿਬਾਨ ਨੇ ਸੌਦਾ ਸਾਧ ਨੂੰ ਮਾਫ ਕਰਨ ਦਾ ਐਲਾਨ ਕੀਤਾ; ਸਿੱਖ ਸੰਗਤ ਹੈਰਾਨ ਅਤੇ ਪਰੇਸ਼ਾਨ …