Site icon Sikh Siyasat News

ਜ਼ੋਨਲ ਕਮਿਸ਼ਨਰ ਦੀ ਗ੍ਰਿਫਤਾਰੀ ਨੂੰ ਸੱਤਾਧਾਰੀ ਧਿਰ ਦੀ ਸਾਜਿਸ਼ ਕਰਾਰ ਦਿੰਦਿਆਂ ਉਸਦੀ ਦਸਤਾਰ ਦੀ ਬੇਅਦਬੀ ਕਰਨ ਉੱਤੇ ਵਿਰੋਧ ਦਾ ਪ੍ਰਗਟਾਵਾ ਕੀਤਾ

ਲੁਧਿਆਣਾ (21 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਲੁਧਿਆਣਾ ਦੇ ਜੋਨਲ ਕਮਿਸ਼ਨਰ ਸ਼: ਅਮਰਜੀਤ ਸਿੰਘ ਸੇਖੋਂ ਦੀ ਬਾਦਲ ਦਲ ਨਾਲ ਸਬੰਧਤ ਸੱਤਾਧਾਰੀ ਨੇਤਾਵਾਂ ਵਲੋਂ ਘੜੀ ਗਈ ਕਥਿਤ ਸ਼ਾਜਿਸ ਅਤੇ ਸਿਆਸੀ ਦਬਾਅ ਹੇਠ ਵਿਜੀਲੈਂਸ ਵਲੋਂ ਰਿਸਵਤ ਲੈਣ ਸਬੰਧੀ ਗ੍ਰਿਫਤਾਰੀ ਅਤੇ ਦਫਤਰ ਵਿਚ ਸ: ਸੇਖੋਂ ਦੀ ਦਸਤਾਰ ਜਬਰੀ ਉਤਾਰ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਬੇਅਦਬੀ ਕਰਨ ਤੇ ਉਨ੍ਹਾਂ ਨੂੰ ਬੇਇਜਤ ਕਰਨ ਦੀ ਘਟਨਾ ਨੂੰ ਅੱਤ ਸ਼ਰਮਨਾਕ ਕਰਾਰ ਦਿੰਦੇ ਹੋਏ ਮੰਗ ਕੀਤੀ ਹੈ ਕਿ ਇਸ ਇਮਾਨਦਾਰ ਅਫਸਰ ਨੂੰ ਇਮਾਨਦਾਰੀ ਦੀ ਸਜ਼ਾ ਦੇਣ ਦੇ ਇਸ ਸੰਗੀਨ ਮਾਮਲੇ ਦੀ ਜਲਦੀ ਤੇ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਅਤੇ ਉਨ੍ਹਾਂ ਦੇ ਸਿਅਸੀ ਸਰਪ੍ਰਸਤਾਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ।

ਪਾਰਟੀ ਦੇ ਪ੍ਰਬੰਧਕੀ ਦਫਤਰ ਲੁਧਿਆਣਾ ਤੋਂ ਜਾਰੀ ਇਕ ਸਾਂਝੇ ਪ੍ਰੈਸ ਬਿਆਨ ਵਿਚ ਪਾਰਟੀ ਦੇ ਜਨਰਲ ਸਕੱਤਰ ਅਮਰੀਕ ਸਿੰਘ ਈਸੜੂ, ਜਥੇਬੰਧਕ ਸਕੱਤਰ ਜਸਵੀਰ ਸਿੰਘ ਖੰਡੂਰ ਨੇ ਕਿਹਾ ਹੈ ਕਿ ਸ਼: ਅਮਰਜੀਤ ਸਿੰਘ ਇਕ ਇਮਾਨਦਾਰ ਅਤੇ ਸਿਆਸੀ ਪ੍ਰਭਾਵ ਤੋਂ ਮੁਕਤ ਰਹਿ ਕੇ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਵਾਲੇ ਅਫਸਰ ਵਜੋਂ ਜਾਣੇ ਜਾਂਦੇ ਹਨ । ਸ਼ੱਕ ਹੈ ਕਿ ਇਹ ਕਾਰਾ ਬਾਦਲ ਦਲ ਦੀ ਲੁਧਿਆਣਾ ਇਕਾਈ ਦੇ ਉਨ੍ਹਾਂ ਯੂਥ ਆਗੂਆਂ ਦੀ ਕਰਤੂਤ ਹੈ ਜਿੰਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ ਸਹਿਰ ਦੇ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਤੇ ਸਿਆਸੀ ਵਿਰੋਧੀਆਂ ਨੂੰ ਉੱਚ ਸਿਆਸੀ ਸਰਪ੍ਰਸਤੀ ਦਾ ਦਬਦਬਾ ਦੇਕੇ ਲੁੱਟ ਤੇ ਗੁੰਡਾਗਰਦੀ ਮਚਾਈ ਹੋਈ ਹੈ। ਜਿਹੜਾ ਵੀ ਇੰਨ੍ਹਾਂ ਦਾ ਵਿਰੋਧ ਕਰਦਾ ਹੈ ਉਨ੍ਹਾਂ ਅਧਿਕਾਰੀਆਂ ਦੀ ਕੁੱਟ ਮਾਰ ਕੀਤੀ ਜਾਂਦੀ ਹੈ ।ਇਸ ਤੋਂ ਪਹਿਲਾਂ ਵੀ ਇਹ ਲੋਕ ਲੁਧਿਆਣਾ ਵਿਖੇ ਤਾਇਨਾਤ ਤਹਿਸੀਲਦਾਰ ਗੁਰਜਿੰਦਰ ਸਿੰਘ ਬੈਨੀਪਾਲ ਦੀ ਉਨ੍ਹਾਂ ਦੇ ਦਫਤਰ ਵਿਚ ਕੁੱਟ ਮਾਰ ਕਰਕੇ ਉਸਦੀ ਦਸਤਾਰ ਦੀ ਬੇਪਤੀ ਕਰ ਚੁੱਕੇ ਹਨ।ਭਾਂਵੇ ਉਸ ਕੇਸ ਦਾ ਮੁਕੱਦਮਾ ਅਜੇ ਅਦਾਲਤ ਵਿਚ ਹੈ ਪਰ ਸਿਆਸੀ ਪੱਧਰ ਤੇ ਬਾਦਲ ਦਲ ਵਲੋਂ ਇੰਨ੍ਹਾਂ ਦੇ ਕਾਲੇ ਕੰਮਾਂ ਨੂੰ ਰੋਕਣ ਲਈ ਕੋਈ ਪਹਿਲਕਦਮੀ ਨਹੀਂ ਕੀਤੀ ਗਈ ।ਸਗੋਂ ਇਸਦੇ ਉਲਟ ਬਾਦਲ ਦਲ ਦੇ ਸ਼ੀਨੀਅਰ ਆਗੂਆਂ ਨੇ ਜੇਲ੍ਹਾਂ ਵਿਚ ਇੰਨ੍ਹਾਂ ਨਾਲ ਮੁਲਾਕਾਤਾਂ ਕਰਕੇ ਇੰਨ੍ਹਾਂ ਨੂੰ ਅਜਿਹੇ ਕੁਕਰਮ ਕਰਨ ਦੀ ਸਹਿ ਦੇਣ ਦੇ ਸੰਕੇਤ ਦਿੱਤੇ।

ਜਦੋ ਵੀ ਸਿਆਸੀ ਧਿਰਾਂ ਨੇ ਸ਼ਾਂਤਮਈ ਤਰੀਕੇ ਨਾਲ ਇੰਨ੍ਹਾਂ ਦਾ ਵਿਰੋਧ ਕਰਨ ਦੀ ਕੋਸ਼ਿਸ ਕੀਤੀ ਉਸ ਸਮੇਂ ਇੰਨ੍ਹਾਂ ਨੇ ਆਪਣੇ ਪਾਲੇ ਗੁੰਡਿਆਂ ਨਾਲ ਉਨ੍ਹਾਂ ਦੇ ਮੂੰਹ ਡਾਂਗਾਂ ਨਾਲ ਕੁੱਟਕੇ ਬੰਦ ਕਰਨ ਦੇ ਯਤਨ ਕੀਤੇ । ਇਸ ਸਬੰਧ ਵਿਚ ਲੁਧਿਆਣਾ ਦੇ ਸਰਕਟ ਹਾਊਸ ਦੇ ਬਾਹਰ ਸ਼ਾਂਤਮਈ ਤਰੀਕੇ ਨਾਲ ਮੁਜਾਹਰੇ ਕਰ ਰਹੇ ਅੰਮ੍ਰਿਤਸਰ ਅਕਾਲੀ ਦਲ ਉਪਰ ਵਾਪਰੀ ਕੁਝ ਸਮਾਂ ਪਹਿਲਾਂ ਦੀ ਉਹ ਘਟਨਾ ਹੈ ਜਿਸ ਵਿਚ ਇੰਨ੍ਹਾਂ ਨੇ ਨਿਹੱਥੇ ਸਿਆਸੀ ਵਿਰੋਧੀਆਂ ਉਪਰ ਹਮਲਾ ਕਰਕੇ ਉਸ ਪਾਰਟੀ ਦੇ ਜਿਲਾ ਪ੍ਰਧਾਨ ਸਮੇਤ ਅਨੇਕ ਵਰਕਰਾਂ ਨੂੰ ਜਖਮੀ ਕੀਤਾ ਅਤੇ ਜਿਸ ਸਬੰਧੀ ਕੇਸ ਅਜੇ ਵੀ ਪੁਲੀਸ ਕੋਲ ਬਿੰਨ੍ਹਾਂ ਕਾਰਵਾਈ ਤੋਂ ਪੈਂਡਿੰਗ ਪਿਆ ਹੈ।ਇਸ ਵਿਚ ਸ਼ੱਕ ਦੀ ਕੋਈ ਗੁਜਾਇੰਸ ਨਹੀਂ ਹੈ ਕਿ ਉੱਚ ਸਿਆਸੀ ਸਰਪ੍ਰਸਤੀ ਕਾਰਣ ਹੁਣ ਤਕ ਜਿਲਾ ਅਧਿਕਾਰੀ ਜਾਂ ਬਾਦਲ ਦਲ ਦੇ ਸਥਾਨਕ ਆਗੂ ਇੰਨ੍ਹਾਂ ਦਾ ਵਿਰੋਧ ਕਰਨ ਦੀ ਜੁਰੱਅਤ ਨਹੀਂ ਕਰ ਸਕੇ।

ਉਨ੍ਹਾਂ ਕਿਹਾ ਕਿ ਇੰਨ੍ਹਾਂ ਘਟਨਾਵਾਂ ਵਿਚ ਸ਼ਾਮਲ ਦੋਸ਼ੀ ਜਾਂ ਸ਼ੱਕੀ ਸਤਾਧਾਰੀ ਦਲ ਨਾਲ ਸਬੰਧਤ ਨੇਤਾਵਾਂ ਦੀ‘ਕਰਤੂਤ ਸ਼ੈਲੀ’ ਵਿਚ ਸਿੱਖਾਂ ਦੀਆਂ ਦਸਤਾਰਾਂ ਲਾਹਕੇ ਉਨ੍ਹਾਂ ਦੀ ਬੇਪੱਤੀ ਕਰਨਾ ਰਿਹਾ ਹੈ । ਉਪਰੋਕਤ ਵਾਪਰੀਆਂ ਤਿੰਨ੍ਹਾਂ ਘਟਨਾਵਾਂ ਤੌਂ ਇਹ ਮਹੱਤਵਪੂਰਣ ਪਹਿਲੂ ਸਾਹਮਣੇ ਆਉਂਦਾ ਹੈ।ਇਸ ਲਈ ਬਾਦਲ ਦਲ ਤੇ ਉਸ ਪਾਰਟੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਲਈ ਇਹ ਸਪੱਸਟ ਕਰਨਾ ਜਰੂਰੀ ਹੈ ਕਿ ਕੀ ਸਿੱਖਾਂ ਦੀਆਂ ਪੱਗਾਂ ਲਾਹ ਕੇ ਉਨ੍ਹਾਂ ਨੂੰ ਬੇਪੱਤ ਕਰਨਾ ਉਨ੍ਹਾਂ ਦੀ ਪਾਰਟੀ ਦਾ ਮੁਖ ਏਜੰਡਾ ਹੈ ਜਿਸਨੂੰ ਇਹ ਲੋਕ ਲਾਗੂ ਕਰ ਰਹੇ ਹਨ ? ਜੇ ਨਹੀਂ ਤਾਂ ਉਹ ਇਸ ਵਾਰੇ ਚੁਪ ਕਿਉਂ ਹਨ?

ਉਨ੍ਹਾਂ ਨੇ ਜੋਰਦਾਰ ਮੰਗ ਕੀਤੀ ਕਿ ਸ: ਅਮਰਜੀਤ ਸਿੰਘ ਵਿਰੁੱਧ ਦਰਜ ਕੇਸ ਵਾਪਸ ਲੈਕੇ ਉਨ੍ਹਾਂ ਨੂੰ ਬਾ-ਇੱਜਤ ਰਿਹਾ ਕੀਤਾ ਜਾਵੇ, ਇਹ ਸ਼ਾਜਿਸ ਰੱਚਣ ਦੀ ਜਾਂਚ ਕਰਕੇ ਦੋਸ਼ੀਆਂ ਤੇ ਸਾਜ਼ਿਸੀ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਵਿਜੀਲੈਂਸ ਅਧਿਕਾਰੀਆਂ ਵਲੋਂ ਸਿਆਸੀ ਪ੍ਰਭਾਵ ਹੇਠ ਇਹ ਗਲਤ ਕਾਰਵਾਈ ਕਰਨ ਅਤੇ ਇਕ ਸਿੱਖ ਅਧਿਕਾਰੀ ਦੀ ਦਸਤਾਰ ਦੀ ਬੇਪੱਤੀ ਕਰਨ ਦੇ ਦੋਸ਼ ਹੇਠ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਕੇ ਦੰਡਤ ਕੀਤਾ ਜਾਵੇ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਤਹਿਸੀਲਦਾਰ ਬੈਨੀਪਾਲ ਦੀ ਦਫਤਰ ਵਿਚ ਕੁੱਟਮਾਰ ਤੇ ਉਸਦੀ ਦਸਤਾਰ ਦੇ ਬੇਪੱਤੀ ਦੇ ਕੇਸ ਪ੍ਰਤੀ ਵੀ ਗੰਭੀਰਤਾ ਦਿਖਾਉਂਦੇ ਹੋਏ ਪੀੜਤ ਅਫਸਰ ਨੂੰ ਜਲਦੀ ਇਨਸਾਫ ਦਿਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version