ਕੈਲੀਫੋਰਨੀਆ (28 ਅਕਤੂਬਰ, 2015): ਅਮਰੀਕਾ ਵਿੱਚ ਛੇੜਛਾੜ ਰੋਕੂ ਕੌਮੀ ਮਹੀਨੇ ਵਿਚ ਸਿੱਖ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਨੂੰ ਖ਼ਤਮ ਕਰਨ ਲਈ ਭਾਰਤੀ ਅਮਰੀਕੀ ਤੇ ਏਸ਼ੀਆਈ ਅਮਰੀਕੀ ਸੰਗਠਨਾਂ ਨੇ ਵ੍ਹਾਈਟ ਹਾਊਸ ਦੇ ਸਹਿਯੋਗ ਨਾਲ ਜਨ-ਜਾਗਰੂਕਤਾ ਲਹਿਰ ਦੀ ਸ਼ੁਰੂਆਤ ਕੀਤੀ ਹੈ ।ਇਸ ਸਮੱਸਿਆ ਨੂੰ ਹੱਲ ਕਰਨ ਲਈ ਵ੍ਹਾਈਟ ਹਾਊਸ ਵੱਲੋਂ ‘ਐਕਟ ਆਫ਼ ਚੇਂਜ’ ਨਾਂਅ ਤਹਿਤ ਇਹ ਜਨ ਜਾਗਰੂਕਤਾ ਲਹਿਰ ਦੀ ਵ੍ਹਾਈਟ ਹਾਊਸ ਵੱਲੋਂ ਸ਼ੁਰੂ ਕੀਤੀ ਗਈ ਹੈ ।
ਅਜੀਤ ਅਖਬਾਰ ਵਿੱਚ ਪ੍ਰਕਾਸ਼ਿਤ ਖ਼ਬਰ ਅਨੁਸਾਰ ਇਸ ਲਹਿਰ ਦੇ ਐਗਜ਼ੈਕਟਿਵ ਡਾਇਰੈਕਟਰ ਕਿਰਨ ਅਹੂਜਾ ਨੇ ਕਿਹਾ ਕਿ ਏਸ਼ੀਆਈ ਅਮਰੀਕੀਆਂ ਲਈ ਛੇੜਛਾੜ ਇਕ ਪ੍ਰਮੁੱਖ ਨਾਗਰਿਕ ਅਧਿਕਾਰਾਂ ਬਾਰੇ ਮੁੱਦਾ ਬਣ ਗਿਆ ਹੈ ।ਸਾਨੂੰ ਆਮ ਸੁਣਨ ਨੂੰ ਮਿਲਦਾ ਹੈ ਕਿ ਸਿੱਖ, ਮੁਸਲਮਾਨ ਤੇ ਹੋਰਾਂ ਨੂੰ ਤੰਗ-ਪ੍ਰੇਸ਼ਾਨ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ ।
ਸਿੱਖ ਕੁਲੀਸ਼ਨ ਦੀ 2014 ਦੀ ਰਿਪੋਰਟ ਅਨੁਸਾਰ ਅਮਰੀਕਾ ਵਿਚ ਵੱਖ-ਵੱਖ ਥਾੲੀਂ 67 ਦਸਤਾਰਧਾਰੀ ਸਿੱਖਾਂ ਨਾਲ ਭਾਰੀ ਛੇੜਛਾੜ ਹੋਈ ਹੈ ।ਸਿੱਖ ਕੁਲੀਸ਼ਨ ਦੇ ਕਾਨੂੰਨ ਤੇ ਨੀਤੀ ਡਾਇਰੈਕਟਰ ਅਰਜੁਨ ਸਿੰਘ ਨੇ ਕਿਹਾ ਕਿ ਸਿੱਖ ਬੱਚਿਆਂ ਨਾਲ ਛੇੜਛਾੜ ਇਕ ਬਿਮਾਰੀ ਵਾਂਗ ਫੈਲੀ ਹੋਈ ਹੈ ।
ਸਿੱਖ ਧਰਮ ਬਾਰੇ ਗ਼ਲਤ ਜਾਣਕਾਰੀ ਤੇ ਗ਼ਲਤ ਪਛਾਣ ਕਾਰਨ ਇਹ ਸਭ ਸਿੱਖਾਂ ਨਾਲ ਹੋ ਰਿਹਾ ਹੈ ।ਲਹਿਰ ਦੀ ਵੈੱਬਸਾਈਟ ‘ਤੇ ਇਸ ਦੇ ਸੋਸ਼ਲ ਮੀਡੀਆ ਟੈਗ ਨੌਜਵਾਨਾਂ ਤੇ ਭਾਈਚਾਰੇ ਦੇ ਮੈਂਬਰਾਂ ਨੂੰ ਇਕ ਮੰਚ ਪ੍ਰਦਾਨ ਕਰੇਗੀ, ਜਿੱਥੇ ਉਹ ਆਪਣੇ ਨਾਲ ਬੀਤੀ ਸਾਂਝੀ ਕਰ ਸਕਣ ਤੇ ਇਸ ਨੂੰ ਰੋਕਣ ਲਈ ਜਾਗਰੂਕਤਾ ਪੈਦਾ ਕਰ ਸਕਣ ।ਇਸੇ ਸਬੰਧ ਵਿਚ ਲਹਿਰ ਦੇ ਭਾਈਵਾਲ 21 ਨਵੰਬਰ ਨੂੰ ਜੈਪਨੀਜ਼ ਅਮਰੀਕਨ ਨੈਸ਼ਨਲ ਮਿਊਜ਼ੀਅਮ ਲਾਸ ਏਾਜਲਸ ਵਿਚ ਇਕ ਲਾਈਵ ਸਮਾਗਮ ਕਰਵਾ ਰਹੇ ਹਨ ।