ਸਿੱਖ ਚਿੰਤਕ ਅਜਮੇਰ ਸਿੰਘ ਅਤੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕੈਲਗਰੀ
ਵਿੱਚ ਸਿੱਖ ਸੰਗਤਾਂ ਅਤੇ ਜਾਗਦੀ ਜ਼ਮੀਰ ਵਾਲੇ ਸਿੱਖਾਂ ਨਾਲ ਵਿਚਾਰਾਂ ਦੀ ਸਾਂਝ ਪਾਈ
ਕੈਲਗਰੀ, ਕਨੇਡਾ(5 ਅਗਸਤ , 2015): ਸਿੱਖ ਚਿੰਤਕ ਅਤੇ ਲੇਖਕ ਅਜਮੇਰ ਸਿੰਘ ਅਤੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਇੱਥੇ ਆਮਦ ਦਾ ਖ਼ੈਰਮਕਦਮ ਕਰਨ ਅਤੇ ਦੋਵਾਂ ਦੀਆਂ ਕਿਤਾਬਾਂ ‘ਵੀਹਵੀ ਸਦੀ ਦੀ ਸਿੱਖ ਰਾਜਨੀਤੀ’ ਅਤੇ ‘ਐਮਬੈਡਡ ਜਰਨਲਿਜਮ’ ਨੂੰ ਜਾਰੀ ਕਰਨ ਸਮੇਂ ਇੱਥੇ ਕੀਤੇ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਿੱਖ ਮਸਲਿਆਂ ਸਬੰਧੀ ਬਹੁਤ ਹੀ ਸਾਰਥਕ, ਦਿਲਚਸਪ ਅਤੇ ਅਹਿਮ ਵਿਚਾਰ ਵਟਾਂਦਰਾ ਹੋਇਆ।
ਦੋਵਾਂ ਪੰਜਾਬ ਦਰਦੀਆਂ ਨੇ ਪਹਿਲਾਂ ਦਸਮੇਸ਼ ਕਲਚਰ ਕੇਂਦਰ ਗੁਰੂ ਘਰ ਵਿਖੇ ਸੰਗਤ ਅੱਗੇ ਅਤੇ ਬਾਅਦ ਦੁਪਹਿਰ ਹੋਟਲ ਰੈਡੀਸਨ ਵਿਖੇ ਸਿੱਖ ਭਾਈਚਾਰੇ ਦੇ ਚੁਣੀਂਦਾ ਨੁਮਇੰਦਿਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੱਖ ਸੰਘਰਸ਼ ਦੇ ਅਹਿਮ ਪੱਖਾਂ ਅਤੇ ਭਾਰਤ ਦੇ ਫਿ਼ਰਕੂ ਹਿੰਦੂ ਬੁਧੀਜੀਵੀਆਂ, ਅਖੌਤੀ ਇਤਿਹਾਸਕਾਰਾਂ, ਕਾਲਮ ਨਵੀਸਾਂ, ਸਰਕਾਰ ਪੱਖੀ ਸਿੱਖ ਲੇਖਕਾਂ ਅਤੇ ਮੀਡੀਏ ਦੇ ਸਿੱਖ ਵਿਰੋਧੀ ਕਿਰਦਾਰ ਦੇ ਬਖ਼ੀਏ ਉਧੇੜੇ।
ਵਰਨਣਯੋਗ ਹੈ ਕਿ ਜਿਥੇ ਅਜਮੇਰ ਸਿੰਘ ‘ਵੀਹਵੀ ਸਦੀ ਦੀ ਸਿੱਖ ਰਾਜਨੀਤੀ’ ਤੋਂ ਸ਼ੁਰੂ ਕਰਕੇ ਸਿੱਖ ਸੰਘਰਸ਼ ਦੀ ਲੜੀ ਵਿਚ ਆਪਣੀ ਚੌਥੀ ਕਿਤਾਬ ‘ਤੀਜੇ ਘਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਅਤੇ ਆਪਣੇ ਨਵੇਂ ਅਤੇ ਉਸਾਰੂ ਵਿਚਾਰਾਂ ਨਾਲ ਕੈਨੇਡਾ ਅਮਰੀਕਾ ਵਿਚ ਸਿੱਖ ਸੰਗਤਾਂ ਦੇ ਰੂ ਬ ਰੂ ਹੋ ਰਹੇ ਹਨ ਉਥੇ ਜਸਪਾਲ ਸਿੰਘ ਆਪਣੀ ਕਿਤਾਬ ‘ਐਮਬੈਡਡ ਜਰਨਲਿਜਮ’ ਅਤੇ ਪੱਤਰਕਾਰੀ ਦੀਆਂ ਦੁਸ਼ਵਾਰੀਆ ਬਾਰੇ ਸਿੱਖ ਸੰਗਤਾਂ ਨੂੰ ਆਪਣੀ ਹੱਡ ਬੀਤੀ ਕਹਿ ਰਹੇ ਹਨ। ਇਨ੍ਹਾਂ ਦੀ ਸਿੱਖ ਸੰਗਤਾਂ ਨਾਲ ਪਹਿਲੀ ਮਿਲਣੀ 26 ਜੁਲਾਈ 2015 ਨੂੰ ਟੋਰਾਂਟੋ ਵਿਖੇ ਹੋਈ ਜੋ ਬਹੁਤ ਹੀ ਭਾਵ ਪੂਰਵਕ ਅਤੇ ਪਰਭਾਵਸ਼ਾਲੀ ਸੀ।
ਸ਼ਨਿਚਰਵਾਰ ਇੱਕ ਅਗਸਤ ਨੂੰ ਕੈਲਗਰੀ ਵਿਖੇ ਪਹਿਲੀ ਮਿਲਣੀ ਬਾਅਦ ਦੁਪਹਿਰ ਦਸ਼ਮੇਸ਼ ਗੁਰੂ ਘਰ ਨੇੜੇ ਬਜ਼ੁਰਗਾਂ ਨਾਲ ਸੀਨੀਅਰ ਸਿਟੀਸਨਜ ਸੁਸਾਇਟੀ’ ਦੇ ਹਾਲ ਵਿਚ ਹੋਈ ਜਿੱਥੇ ਸੁਸਾਇਟੀ ਦੇ ਪ੍ਰਧਾਨ ਸੁਖਦੇਵ ਸਿੰਘ ਖੈਹਰਾ ਅਤੇ ਪ੍ਰੀਤਮ ਸਿੰਘ ਕਾਹਲੋਂ ਨੇ ਸਮੇਤ ਕਮੇਟੀ ਮੈਂਬਰ ਸਾਹਿਬਾਨ ਦੋਵਾਂ ਸ਼ਖਸੀਅਤਾਂ ਨੂੰ ਜੀ ਆਇਆ ਕਿਹਾ ਅਤੇ ਵਿਚਾਰ ਸੁਣਨ ਤੋਂ ਬਾਅਦ ਇਨ੍ਹਾਂ ਨੂੰ ਮੋਮੈਂਟੋ ਨਾਲ ਸਨਮਾਨਤ ਕੀਤਾ ਗਿਆ।
ਧਿਆਨ ਯੋਗ ਗੱਲ ਇਹ ਹੈ ਕਿ ਸੀਨੀਅਰਜ ਸੁਸਾਇਟੀ ਦੇ ਬਹੁਤੇ ਮੈਂਬਰ ਚੰਗੀਆਂ ਨੌਕਰੀਆਂ ਵਿਚੋਂ ਆਏ ਹਨ ਉਥੇ ਸੁਖਦੇਵ ਸਿੰਘ ਖਹਿਰਾ ਵੱਖ ਵੱਖ ਪਿੜਾਂ ਵਿਚ ਨੌਕਰੀਆਂ ਦੇ ਉੱਚ ਅਹੁਦਿਆਂ ਦੇ ਨਾਲ ਨਾਲ ਬਤੌਰ ਵਕੀਲ ਇਸ ਸੰਘਰਸ਼ ਦੀ ਪੀੜ ਨਾਲ ਲਗਾਤਾਰ ਜੁੜੇ ਰਹੇ। ਇਸੇ ਕਰਕੇ ਦੋਵਾਂ ਸਖ਼ਸੀਅਤਾਂ ਦੇ ਵਿਚਾਰਾਂ ਨੂੰ ਬਹੁਤ ਇਕਾਗਰਤਾ ਅਤੇ ਉਤਸੁਕਤਾ ਨਾਲ ਸੁਣਿਆ ਗਿਆ।
ਅਗਲੇ ਦਿਨ ਐਤਵਾਰ 2 ਅਗਸਤ 2015 ਨੂੰ ਦਸਮੇਸ਼ ਕਲਚਰ ਕੇਂਦਰ ਗੁਰੂ ਘਰ ਵਿਖੇ ਜਸਪਾਲ ਸਿੰਘ ਅਤੇ ਅਜਮੇਰ ਸਿੰਘ ਆਪੋ ਆਪਣੇ ਵਿਚਾਰ ਲੈ ਕੇ ਸਿੱਖ ਸੰਗਤਾਂ ਨੂੰ ਸੰਬੋਧਿਤ ਹੋਏ। ਨਵੀਆਂ ਅਤੇ ਨਰੋਈਆਂ ਵਿਚਾਰਾਂ ਸੰਗਤਾਂ ਦੇ ਮਨਾਂ ਵਿਚ ਉਤਸੁਕਤਾ ਪੈਦਾ ਕਰਦੀਆਂ ਮਹਿਸੂਸ ਕੀਤੀਆਂ ਜਾ ਰਹੀਆਂ ਹਨ। ਵਧੀਆ ਅਤੇ ਨਿਵੇਕਲੀ ਗੱਲ ਇਹ ਮਹਿਸੂਸ ਕੀਤੀ ਗਈ ਕਿ ਜਿਥੇ ਸੰਗਤਾਂ ਦੀ ਸੋਰਤ ਇਕਾਗਰ ਸੀ ਉਤੇ ਭਾਈ ਗੁਰਿੰਦਰ ਸਿੰਘ ਪ੍ਰਧਾਨ ਅਤੇ ਸੈਕਟਰੀ ਭਾਈ ਰਣਬੀਰ ਸਿੰਘ ਇਨ੍ਹਾਂ ਨਾਲ ਇਤਨੇ ਇਕ ਮਿਕ ਹੋਏ ਜਿਵੇਂ ਜੀਵਨ ਵਿਚ ਪਹਿਲੀ ਵਾਰ ਵਿਛੜੇ ਹੋਏ ਮਿਲੇ ਹੋਣ। ਇਹ ਮਨ ਨੂੰ ਰੋਕ ਕੇ ਰੂਹ ਦੀਆਂ ਸਾਝਾਂ ਹੋ ਨਿਬੜੀਆਂ ਹਨ। ਗ੍ਰੰਥੀ ਸਿੰਘ ਨੇ ਗੁਰੂ ਘਰ ਦੀ ਕਮੇਟੀ ਵੱਲੋਂ ਅਜਮੇਰ ਸਿੰਘ ਅਤੇ ਜਸਪਾਲ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ।
ਇਸੇ ਹੀ ਦਿਨ ਸ਼ਾਮ ਨੂੰ ਰੈਡੀਸਨ ਹੋਟਲ ਦੇ ਇਕ ਹਾਲ ਵਿਚ ਅਜਮੇਰ ਸਿੰਘ ਦੀ ਨਵੀਂ ਕਿਤਾਬ ਦਾ ਉਦਘਾਟਨੀ ਸਮਾਰੋਹ ਸੀ। ਤਕਰੀਬਨ ਦੋ ਸੌ ਦੀ ਕੈਪਸਟੀ ਵਾਲਾ ਸਾਰਾ ਹਾਲ ਭਰਿਆ ਹੋਇਆ ਸੀ। ਕਿਤਾਬ ਰਿਲੀਜ਼ ਰਸਮ ਤੋਂ ਪਹਿਲਾਂ ਜਸਪਾਲ ਸਿੰਘ ਸਿੱਧੂ ਨੇ ਪੱਤਰਕਾਰੀ ਬਾਰੇ ਵਿਸਥਾਰ ਪੂਰਬਕ ਪਰਤਾਂ ਖੋਹਲੀਆਂ ਅਤੇ ਆਪਣੇ ਤਲਖ਼ ਤਜਰਬੇ ਲੋਕਾਂ ਨੂੰ ਦੱਸੇ। ਮਹਿਸੂਸ ਕੀਤਾ ਜਾ ਰਿਹਾ ਸੀ ਕਿ ਪੱਤਰਕਾਰੀ ਦਾ ਭੇਖ ਕੁਝ ਹੋਰ ਹੈ ਅਤੇ ਸੱਚ ਕੁਝ ਹੋਰ ਹੈ। ਇਹ ਵੀ ਸਭ ਤੋਂ ਵੱਡਾ ਸਨਮਾਨ ਹੈ ਕਿ ਸਰੋਤੇ ਗੱਲ ਨੂੰ ਧਿਆਨ ਨਾਲ ਸੁਣਨ ਅਤੇ ਵਿਚਾਰਨ। ਇਹ ਗੱਲ ਇਥੇ ਗੂਹੜੀ ਚੁੱਪ ਵਿਚੋਂ ਪ੍ਰਗਟ ਹੋ ਰਹੀ ਸੀ।
ਜਸਪਾਲ ਸਿੰਘ ਦੇ ਬੋਲਣ ਤੋਂ ਬਾਅਦ ਛੋਟੀ ਜਿਹੀ ਚਾਹ ਪਾਣੀ ਦੀ ਬਰੇਕ ਅਤੇ ਅਜਮੇਰ ਸਿੰਘ ਦੇ ਬੋਲਣ ਤੋਂ ਪਹਿਲਾਂ ਤਰਲੋਚਨ ਸਿੰਘ ਸੈਂਹਬੀ ਨੇ ‘ਗਦਰੀ ਬਾਬੇ ਕੌਣ ਸਨ’ ਪੜ੍ਹਨ ਤੋਂ ਪ੍ਰੇਰਿਤ ਹੋ ਕੇ ਗ਼ਦਰੀ ਦੇਸ਼ ਭਗਤਾਂ ਬਾਰੇ ਇਕ ਗੀਤ ਸੁਣਾਇਆ ਜੋ ਸਲਾਹੁਣ ਯੋਗ ਸੀ। ਅਜਮੇਰ ਸਿੰਘ ਜਿੱਥੇ ਸਿੱਖ ਸੰਘਰਸ਼ ਦੀ ਗੱਲ ਕਰਦਾ ਹੈ ਉਥੇ ਨਿੱਤ ਨਵਾਂ ਨਰੋਆ ਹੋਣਾ ਨਹੀਂ ਭੁੱਲਦਾ। ਇਹ ਹੀ ਉਸ ਦੀ ਵਿਲੱਖਣਤਾ ਹੈ ਜਿਹੜੀ ਸਰੋਤਿਆ ਨੂੰ ਇਕਾਗਰ ਚਿੱਤ ਰੱਖਦੀ ਹੈ। ਖੜੋਤ ਭਾਵੇਂ ਗਿਆਨ ਦੀ ਹੋਵੇ ਭਾਵੇਂ ਕਿਸੇ ਹੋਰ ਤ੍ਰਿਸ਼ਨਾ ਦੀ ਉਹ ਖਾਤਮੇ ਵੱਲ ਹੋ ਨਿਬੜਦੀ ਹੈ। ਇਹ ਤਾਂ ਗਿਆਨ ਦਾ ਵਗਦਾ ਦਰਿਆ ਹੈ ਜੋ ਪਿਆਸੇ ਮਨੁੱਖਾਂ ਦੀ ਰੂਹ ਦੀ ਪਿਆਸ ਬੁਝਾਉਂਦਾ ਹੈ।
ਟੋਰਾਂਟੋ ਦੇ ਸਮਾਗਮ ਦੀ ਤਰ੍ਹਾਂ ਇਕ ਵਿਲੱਖਣ ਤਸਵੀਰ ਕੈਲਗਰੀ ਵਿਚ ਵੇਖਣ ਨੂੰ ਮਿਲੀ ਕਿ ਘੱਟ ਪਬਲੀਸਿਟੀ ਦੇ ਬਾਵਜੂਦ ਵੀ ਵੱਖ ਵੱਖ ਵਰਗਾਂ ਚੋਂ ਚੰਗੇ ਤਜਰਬਿਆਂ ਅਤੇ ਜਾਗਦੀ ਬੁੱਧੀ ਵਾਲੇ ਲੋਕ ਇਸ ਇਕੱਠ ਦਾ ਸਿ਼ੰਗਾਰ ਸਨ।