ਕੈਲੀਫੋਰਨੀਆ (17 ਸਤੰਬਰ, 2015): ਅਮਰੀਕੀ ਸਿੱਖ ਭਾਈਚਾਰੇ ਲਈ ਬਹੁਤ ਵੱਡੀ ਜਿੱਤ ਵਾਲੀ ਗੱਲ ਹੋਈ ਜਦੋਂ ਡੂ ਪੇਜ ਕਾਉਂਟੀ ਸਟੇਟ ਅਟਾਰਨੀ ਦੇ ਦਫਤਰ ਨੇ ਪਿਛਲੇ ਹਫਤੇ ਸਿੱਖ ਬਜ਼ੁਰਗ ‘ਤੇ ਹਮਲਾ ਕਰਨ ਵਾਲੇ ਨਾਬਾਲਗ ‘ਤੇ ਨਫਰਤੀ ਹਿੰਸਾ ਦਾ ਦੋਸ਼ ਲਾਉਣ ਦਾ ਫੈਸਲਾ ਕੀਤਾ ਹੈ | ਨਾਬਾਲਗ ਹੋਣ ਕਾਰਨ ਹਮਲਾਵਰ ਦਾ ਨਾਂਅ ਨਹੀਂ ਦੱਸਿਆ ਜਾ ਰਿਹਾ ਹੈ |
ਦੱਸਣਯੋਗ ਹੈ ਕਿ ਪਿਛਲੇ ਹਫਤੇ 17 ਸਾਲਾ ਨਾਬਾਲਗ ਗੋਰੇ ਨੇ ਸ਼ਿਕਾਗੋ ਵਿਚ ਬਜ਼ੁਰਗ ਸਿੱਖ 53 ਸਾਲਾ ਇੰਦਰਜੀਤ ਸਿੰਘ ਮੱਕੜ ਦਾ ਪਿੱਛਾ ਕੀਤਾ ਸੀ ਤੇ ਇਕ ਥਾਂ ਜਾ ਕੇ ਉਸ ਨੇ ਮੱਕੜ ਦੀ ਕਾਰ ਰੋਕ ਲਈ ਤੇ ਉਤਰ ਕੇ ਕਾਰ ਦੀ ਖਿੜਕੀ ਰਾਹੀਂ ਮੱਕੜ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ | ਮੱਕੜ ਨੇ ਦਸਿਆ ਕਿ ਉਸ ਨੇ ਮੈਨੂੰ ਬਿਨ ਲਾਦੇਨ ਕਿਹਾ ਤੇ ਦੇਸ਼ ਛੱਡ ਜਾਣ ਲਈ ਕਿਹਾ |
ਉਨ੍ਹਾਂ ਨੇ ਕਿਹਾ ਕਿ ਮੈ ਪਿਛਲੇ 28 ਸਾਲਾਂ ਤੋਂ ਇਥੇ ਰਹਿ ਰਿਹਾ ਹੈ ਤੇ ਮੈ ਕਦੀ ਸੋਚਿਆ ਵੀ ਨਹੀਂ ਸੀ ਕਿ ਨਸਲੀ ਹਿੰਸਾ ਦਾ ਸ਼ਿਕਾਰ ਹੋਵਾਂਗਾ |
ਡੂ ਪੇਜ ਸਟੇਟ ਅਟਾਰਨੀ ਨੇ ਪਹਿਲਾਂ ਉਕਤ ਹਮਲਾਵਰ ‘ਤੇ ਗੁੱਸੇ ਵਿਚ ਕੀਤੀ ਕਾਰਵਾਈ ਜਾਂ ਸੜਕੀ ਲੜਾਈ ਦਾ ਦੋਸ਼ ਲਾਇਆ ਸੀ ਪਰ ਬਾਅਦ ਵਿਚ ਸਿੱਖ ਕੁਲੀਸ਼ਨ ਦੇ ਮੈਂਬਰਾਂ ਅਤੇ ਮੱਕੜ ਨਾਲ ਮੁਲਾਕਾਤ ਤੋਂ ਬਾਅਦ ਆਪਣੇ ਫੈਸਲੇ ਨੂੰ ਬਦਲਦਿਆਂ ਅਟਾਰਨੀ ਰੋਬਰਟ ਬਰਲਿਨ ਨੇ ਐਲਾਨ ਕੀਤਾ ਕਿ ਹਮਲਾਵਰ ‘ਤੇ ਨਫਰਤੀ ਹਿੰਸਾ ਦਾ ਦੋਸ਼ ਲਾਇਆ ਜਾਵੇਗਾ |
ਦੋਸ਼ੀ ਪਾਏ ਜਾਣ ‘ਤੇ ਹਮਲਾਵਰ ਨੂੰ ਕਈ ਤਰਾਂ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਵਿਚ 200 ਘੰਟੇ ਦੀ ਕਮਿਊਨਿਟੀ ਸਰਵਿਸ, ਮੱਕੜ ਤੇ ਸਿੱਖ ਭਾਈਚਾਰੇ ਤੋਂ ਲਿਖਤੀ ਮੁਆਫੀ ਮੰਗਣੀ ਜਾਂ ਫਿਰ ਨਫਰਤੀ ਹਿੰਸਾ ਖਿਲਾਫ ਮੁਹਿੰਮ ਚਲਾਉਣੀ ਸ਼ਾਮਿਲ ਹੈ |