Site icon Sikh Siyasat News

ਪ੍ਰਗਟ ਸਿੰਘ ਮੁੱਖ ਸੰਸਦੀ ਸਕੱਤਰ ਵਜੋਂ ਸਹੁੰ ਚੁੱਕਣ ਤੋਂ ਵੱਟ ਰਿਹਾ ਪਾਸਾ, ਆਪ ਵਿੱਚ ਸ਼ਾਮਲ ਹੋਣ ਦੇ ਚਰਚੇ

ਚੰਡੀਗੜ੍ਹ: ਪਿਛਲੇ ਸਮੇਂ ਤੋਂ ਬਾਦਲ ਦਲ ਨਾਲ ਨਾਰਾਜ਼ ਚੱਲ ਰਹੇ ਸਾਬਕਾ ਹਾਕੀ ਖਿਡਾਰੀ ਅਤੇ ਜਲੰਧਰ ਦੇ ਹਲਕਾ ਛਾਉਣੀ ਤੋਂ ਬਾਦਲ ਦਲ ਦੇ ਵਿਧਾਇਕ ਪ੍ਰਗਟ ਸਿੰਘ ਨੇ ਮੁੱਖ ਸੰਸਦੀ ਸਕੱਤਰ ਵਜੋਂ ਸਹੁੰ ਨਾਂ ਚੱਕਣ ਦਾ ਮਨ ਬਣਾਇਆ ਹੈ।

ਪ੍ਰਗਟ ਸਿੰਘ

ਸਿਆਸੀ ਹਲਕਿਆਂ ‘ਚ ਮਗਰਲੇ ਕੁੱਝ ਸਮੇਂ ਤੋਂ ਅਜਿਹੇ ਚਰਚੇ ਵੀ ਹਨ ਕਿ ਆਪਣੀ ਸਰਕਾਰ ਨਾਲੋਂ ਨਰਾਜ਼ ਹੋਣ ਕਾਰਨ ਸ. ਪ੍ਰਗਟ ਸਿੰਘ ਜਾਂ ਤਾਂ ਅਗਲੀ ਚੋਣ ਨਾ ਲੜਨ ਦਾ ਫੈਸਲਾ ਵੀ ਲੈ ਸਕਦੇ ਹਨ ਅਤੇ ਜਾਂ ਫਿਰ ਆਮ ਆਦਮੀ ਪਾਰਟੀ ‘ਚ ਵੀ ਸ਼ਾਮਿਲ ਹੋ ਸਕਦੇ ਹਨ ਪਰ ਇਹਨਾਂ ਸਾਰੀਆਂ ਕਿਆਸਰਾਈਆਂ ਅਤੇ ਅਟਕਲਾਂ ਸਬੰਧੀ ਸਥਿਤੀ ਆਉਂਦੇ ਕੁੱਝ ਦਿਨਾਂ ਦੌਰਾਨ ਸਪਸ਼ਟ ਹੋ ਸਕੇਗੀ ।

ਪੰਜਾਬੀ ਅਖਬਾਰ ਅਜੀਤ ਵਿੱਚ ਨਸ਼ਰ ਖਬਰ ਅਨੁਸਾਰ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੱਲ੍ਹ 7 ਨਵੇਂ ਮੁੱਖ ਸੰਸਦੀ ਸਕੱਤਰ ਬਣਾਉਣ ਸਬੰਧੀ ਲਏ ਗਏ ਫੈਸਲੇ ਜਿਨ੍ਹਾਂ ‘ਚ ਜਲੰਧਰ ਦੇ ਹਲਕਾ ਛਾਉਣੀ ਤੋਂ ਅਕਾਲੀ ਵਿਧਾਨਕਾਰ ਸ. ਪ੍ਰਗਟ ਸਿੰਘ ਵੱਲੋਂ ਕੱਲ੍ਹ ਪੰਜਾਬ ਭਵਨ ‘ਚ ਹੋਣ ਵਾਲੇ ਸਹੁੰ ਚੁੱਕ ਸਮਾਗਮ ‘ਚ ਹਾਜ਼ਰ ਹੋਣ ਅਤੇ ਮੁੱਖ ਸੰਸਦੀ ਸਕੱਤਰ ਵਜੋਂ ਸਹੁੰ ਚੁੱਕਣ ਸਬੰਧੀ ਅਸਮਰਥਤਾ ਪ੍ਰਗਟਾਈ ਗਈ ਹੈ ।

ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ ‘ਚ ਉਨ੍ਹਾਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਹਲਕਾ ਜਲੰਧਰ ਛਾਉਣੀ ਨਾਲ ਸਬੰਧਿਤ ਕੁੱਝ ਇਕ ਮਸਲੇ ਹਨ ਜਿਨ੍ਹਾਂ ਨੂੰ ਹਲ ਕਰਵਾਉਣ ਲਈ ਉਹ ਮਗਰਲੇ 4 ਸਾਲਾਂ ਤੋਂ ਸਿਰਤੋੜ ਯਤਨ ਕਰਦੇ ਆਏ ਹਨ ਪ੍ਰੰਤੂ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਬੇਸਟ ਮੈਨੇਜਮੈਂਟ ਪ੍ਰਾਜੈਕਟ ਜਿਸ ਨੂੰ ਲੈ ਕੇ ਉਨ੍ਹਾਂ ਸਿਰਤੋੜ ਕੋਸ਼ਿਸ਼ਾਂ ਵੀ ਕੀਤੀਆਂ ਤੇ ਸੰਘਰਸ਼ ਵੀ ਕੀਤਾ ਪਰ ਉਸ ਦਾ ਅਜੇ ਤੱਕ ਕੋਈ ਹਲ ਨਹੀਂ ਹੋ ਸਕਿਆ ।

ਸਪਸ਼ਟ ਕੀਤਾ ਕਿ ਆਪਣੇ ਹਲਕੇ ਨਾਲ ਸਬੰਧਿਤ ਜ਼ਰੂਰੀ ਮਸਲਿਆਂ ਨੂੰ ਹਲ ਕਰਵਾਉਣ ‘ਚ ਅਸਫਲ ਰਹਿਣ ਤੋਂ ਬਾਅਦ ਉਹ ਮੁੱਖ ਸੰਸਦੀ ਸਕੱਤਰ ਵਜੋਂ ਸਹੁੰ ਚੁੱਕ ਕੇ ਆਪਣੇ ਹਲਕੇ ਦੇ ਲੋਕਾਂ ਨੂੰ ਕੀ ਮੂੰਹ ਦਿਖਾ ਸਕਣਗੇ ਜਾਂ ਹਲਕੇ ਦੇ ਵੋਟਰਾਂ ਪ੍ਰਤੀ ਕਿਵੇਂ ਜਵਾਬਦੇਹ ਹੋਣਗੇ ।

ਸ. ਪ੍ਰਗਟ ਸਿੰਘ ਨੇ ਅੱਜ ਰਾਤ ਟੈਲੀਫੋਨ ‘ਤੇ ‘ਅਜੀਤ’ ਨਾਲ ਗੱਲ ਕਰਦਿਆਂ ਆਪਣੇ ਇਸ ਪੱਤਰ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਹ ਮਹਿਸੂਸ ਕਰ ਰਹੇ ਹਨ ਕਿ ਆਪਣੇ ਹਲਕੇ ਦੇ ਜ਼ਰੂਰੀ ਮਸਲੇ ਹਲ ਕਰਾਉਣ ਤੋਂ ਬਿਨ੍ਹਾਂ ਉਨ੍ਹਾਂ ਦੇ ਮੁੱਖ ਸੰਸਦੀ ਸਕੱਤਰ ਬਣਨ ਦਾ ਵੀ ਕੀ ਲਾਭ ਹੋਵੇਗਾ ।

ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਵੱਲੋਂ ਅੱਜ ਮੁਹਾਲੀ -ਚੰਡੀਗੜ੍ਹ ਬਾਡਰ ‘ਤੇ ਸਥਿਤ ਬਿਜਲੀ ਬੋਰਡ ਦੇ ਇਕ ਗੈਸਟ ਹਾਉਸ ਵਿਖੇ ਦੁਆਬੋ ਦੇ ਇਕ ਦਰਜ਼ਨ ਤੋਂ ਵੱਧ ਵਿਧਾਨਕਾਰਾਂ ਨਾਲ ਵੱਖੋਂ ਵੱਖ ਮੀਟਿੰਗਾਂ ਕਰਕੇ ਉਨ੍ਹਾਂ ਦੇ ਹਲਕੇ ਦੀਆਂ ਸਮੱਸਿਆਵਾਂ ਜਾਨਣ ਅਤੇ ਆਉਂਦੀਆਂ ਚੋਣਾਂ ਲਈ ਉਕਤ ਹਲਕੇ ਦੀ ਰਾਜਨੀਤੀ ਨੂੰ ਸਮਝਣ ਸਬੰਧੀ ਵਿਚਾਰਾਂ ਕੀਤੀਆਂ ਪ੍ਰੰਤੂ ਸ. ਪ੍ਰਗਟ ਸਿੰਘ ਇਸ ਮੀਟਿੰਗ ‘ਚ ਵੀ ਹਾਜ਼ਰ ਨਹੀਂ ਹੋਏ, ਜਦੋਂ ਕਿ ਉਪ ਮੁੱਖ ਮੰਤਰੀ ਨੇ ਹਾਜ਼ਰ ਇਕ ਦੋ ਵਿਧਾਨਕਾਰਾਂ ਨੂੰ ਦੱਸਿਆ ਕਿ ਪ੍ਰਗਟ ਸਿੰਘ ਕਿਤੇ ਮੱਥਾ ਟੇਕਣ ਗਏ ਹੋਏ ਹਨ, ਪਰ ਅੱਜ ਰਾਤ ਜਦੋਂ ਸ. ਪ੍ਰਗਟ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮੀਟਿੰਗ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਉਹ ਕਿਤੇ ਮੱਥਾ ਟੇਕਣ ਗਏ ਸਨ ।

ਵਰਨਣਯੋਗ ਹੈ ਕਿ ਉਨ੍ਹਾਂ ਦੇ ਹਲਕਾ ਜਲੰਧਰ ਛਾਉਣੀ ‘ਚ ਵੇਸਟ ਮੈਨੇਜ਼ਮੈਂਟ ਪ੍ਰਾਜੈਕਟ ਸਥਾਪਤ ਕਰਨ ਦਾ ਸ. ਪ੍ਰਗਟ ਸਿੰਘ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਸੀ ਅਤੇ ਹਲਕੇ ਦੇ ਮਸਲੇ ਹਲ ਨਾ ਹੋਣ ਕਾਰਨ ਨਿਰਾਸ਼ਾ ‘ਚ ਉਨ੍ਹਾਂ ਕੁੱਝ ਦਿਨ ਪਹਿਲਾਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਜਲੰਧਰ ਫੇਰੀ ਦਾ ਵੀ ਬਾਈਕਾਟ ਕੀਤਾ ਅਤੇ ਕਿਸੇ ਵੀ ਸਮਾਗਮ ‘ਚ ਹਾਜ਼ਰ ਨਹੀਂ ਹੋਏ ।

ਕੱਲ੍ਹ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਮੁੱਖ ਸੰਸਦੀ ਸਕੱਤਰ ਬਣਾਉਣ ਸਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਜਦੋਂ ਕੁੱਝ ਲੋਕਾਂ ਸ. ਪ੍ਰਗਟ ਸਿੰਘ ਨੂੰ ਵਧਾਈ ਲਈ ਟੈਲੀਫੋਨ ਕੀਤੇ ਤਾਂ ਉਨ੍ਹਾਂ ਵਧਾਈ ਲੈਣ ਤੋਂ ਵੀ ਇਨਕਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਲਈ ਮੁੱਖ ਸੰਸਦੀ ਸਕੱਤਰ ਨਾਲੋਂ ਹਲਕੇ ਦੇ ਮਸਲੇ ਜ਼ਿਆਦਾ ਮਹਤੱਵਪੂਰਨ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version