ਚੰਡੀਗੜ੍ਹ: ਪਿਛਲੇ ਸਮੇਂ ਹਰਿਆਣੇ ਵਿੱਚ ਜਾਟ ਅੰਦੋਲਨ ਦੌਰਾਨ ਮੂਰਥਲ ‘ਚ ਬੀਬੀਆਂ ਨਾਲ ਹੋਏ ਸਮੂਹਿਕ ਜਬਰ ਜਨਾਹ ਹੋਣ ਤੋਂ ਇਨਕਾਰ ਕਰਦੀ ਆ ਰਹੀ ਹਰਿਆਣਾ ਪੁਲਿਸ ਆਪਣੇ ਦਾਅਵੇ ਤੋਂ ਪਲਟ ਗਈ ਹੈ।ਹਰਿਆਣਾ ਪੁਲਿਸ ਨੇ ਬੀਤੇ ਦਿਨ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪ੍ਰਵਾਨ ਕੀਤਾ ਹੈ ਕਿ ਜਾਟ ਅੰਦੋਲਨ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਸੰਭਾਵਨਾ ਹੋ ਸਕਦੀ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੀ ਕਮੇਟੀ ਐਸ.ਆਈ.ਟੀ. ਦੀ ਮੁਖੀ ਆਈ.ਜੀ. ਮਮਤਾ ਸਿੰਘ ਨੇ ਹਾਈਕੋਰਟ ‘ਚ ਹਲਫ਼ਨਾਮਾ ਦਾਖਲ ਕੀਤਾ ।ਇਸ ਹਲਫ਼ਨਾਮੇ ‘ਚ ਜਸਟਿਸ ਐਸ. ਐਸ. ਸਾਰੋਂ ਅਤੇ ਜਸਟਿਸ ਗੁਰਮੀਤ ਰਾਮ ਦੇ ਡਿਵੀਜ਼ਨ ਬੈਂਚ ਨੂੰ ਦੱਸਿਆ ਗਿਆ ਕਿ ਇਕ ਪ੍ਰਵਾਸੀ ਲੜਕੀ ਨਾਲ ਜਬਰ ਜਨਾਹ ਦਾ ਖ਼ੁਲਾਸਾ ਕਰਦੀ ਈ-ਮੇਲ ਦੇ ਆਧਾਰ ‘ਤੇ ਪੁਲਿਸ ਨੇ ਜਬਰ ਜਨਾਹ ਦੀ ਧਾਰਾ ਵੀ ਪਹਿਲਾਂ ਤੋਂ ਦਰਜ ਮਾਮਲੇ ਨਾਲ ਜੋੜ ਦਿੱਤੀ ਹੈ ।
ਦੱਸਿਆ ਗਿਆ ਕਿ ਇਸ ਲੜਕੀ ਸਬੰਧੀ ਈ ਮੇਲ ਸੋਨੀਪਤ ਦੇ ਐਸ.ਪੀ. ਨੂੰ ਫ਼ਰੀਦਾਬਾਦ ਦੇ ਪੁਲਿਸ ਕਮਿਸ਼ਨਰ ਤੋਂ ਮਿਲੀ ਸੀ ।ਕਥਿਤ ਪੀੜਤ ਲੜਕੀ ਤੱਕ ਪਹੁੰਚਣ ਲਈ ਇਸ ਈ-ਮੇਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।
ਪੁਲਿਸ ਨੇ ਬੈਂਚ ਨੂੰ ਇਹ ਵੀ ਦੱਸਿਆ ਗਿਆ ਕਿ ਇਕ ਵਿਦਿਆਰਥਣ ਨਾਲ ਹੋਏ ਜਬਰ ਜਨਾਹ ਸਬੰਧੀ ਵੀ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ।ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਡਿਗਰੀ ਕਾਲਜਾਂ ਤੋਂ ਇਹ ਪਤਾ ਲਾਇਆ ਜਾ ਰਿਹਾ ਹੈ ਕਿ 21 ਫ਼ਰਵਰੀ ਨੂੰ ਕਿਹੜੇ ਕਾਲਜ ਦੇ ਹੋਸਟਲ ਤੋਂ ਕੋਈ ਵਿਦਿਆਰਥਣ ਆਪਣੇ ਪਿਤਾ ਨਾਲ ਫ਼ਰੀਦਾਬਾਦ ਗਈ ਸੀ ।
ਪੁਲਿਸ ਨੇ ਮੂਰਥਲ ਢਾਬੇ ਦੇ ਕੋਲ ਰਾਤ ਕੱਟਣ ਵਾਲੇ 161 ਲੋਕਾਂ ਦੀ ਜਾਣਕਾਰੀ ਇਕੱਠੀ ਕੀਤੀ ਹੈ ।ਮੋਬਾਈਲ ਟਾਵਰ ਦੀ ਸਹਾਇਤਾ ਨਾਲ ਇਨ੍ਹਾਂ ਤੱਕ ਪਹੁੰਚਣ ਦਾ ਯਤਨ ਜਾਰੀ ਹੈ ।
ਜ਼ਿਕਰਯੋਗ ਹੈ ਕਿ ਜਬਰ ਜਨਾਹ ਦੀ ਘਟਨਾਂ ਤੋਂ ਹਰਿਆਣਾ ਪੁਰੀ ਤਰਾਂ ਇਨਕਾਰ ਕਰ ਰਹੀ ਸੀ। ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਇਸ ਮਾਮਲੇ ‘ਚ ਲਗਾਤਾਰ ਸਥਿਤੀ ਬਦਲ ਰਹੀ ਹੈ । ਹਾਈਕੋਰਟ ਦੀ ਝਾੜ ਤੋਂ ਬਾਅਦ ਸਰਕਾਰ ਨੇ ਐਸ.ਆਈ.ਟੀ. ਦੇ ਮੁਖੀ ਨੂੰ ਵੀ ਬਦਲ ਦਿੱਤਾ ਹੈ ।ਹੁਣ ਇਸ ਮਾਮਲੇ ‘ਚ ਮੁੱਦਈ ਚੁਸਤ ਤੇ ਗਵਾਹ ਸੁਸਤ ਹੁੰਦੇ ਜਾ ਰਹੇ ਹਨ ।