ਸਿੱਖ ਖਬਰਾਂ

ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

By ਸਿੱਖ ਸਿਆਸਤ ਬਿਊਰੋ

November 04, 2015

ਨਿਊਯਾਰਕ (3 ਨਵੰਬਰ, 2015): ਨਿਊਯਾਰਕ ਦੇ ਸ਼ਹਿਰ ਰਿਚਮੰਡਹਿੱਲ ਵਿਖੇ ‘ਦਿ ਦੁਆਬਾ ਸਿੱਖ ਐਸੋਸੀਏਸ਼ਨ ਆਫ ਨਿਊਯਾਰਕ’ ਵੱਲੋਂ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਵਿਖੇ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਅਤੇ ਸ਼ਹੀਦ ਕੇਹਰ ਸਿੰਘ ਦਾ ਸ਼ਹੀਦੀ ਦਿਹਾੜਾ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਨਾਮਵਰ ਕੀਰਤਨੀ ਜਥਿਆਂ ਅਤੇ ਕਥਾਵਾਚਕਾਂ ਨੇ ਰਸਭਿੰਨੇ ਕੀਰਤਨ ਰਾਹੀਂ ਬਾਣੀ ਦੇ ਪ੍ਰਵਚਨਾਂ ਦੁਆਰਾ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ। ਗੁਰੁ ਘਰ ਦੇ ਮੁੱਖ ਸੇਵਾਦਾਰ ਗੁਰਦੇਵ ਸਿੰਘ ਕੰਗ ਅਤੇ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਧਾਮੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਸ਼ਹੀਦ ਹੀ ਕੌਮ ਦਾ ਸਿਰ ਉੱਚਾ ਕਰਦੇ ਹਨ।

ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਇੰਦਰਾ ਗਾਂਧੀ ਨੂੰ ਉਸਦੇ ਕੀੇਤੇ ਜ਼ੁਲਮਾਂ ਦੀ ਸਜ਼ਾ ਦੇ ਕੇ ਸਿੱਖਾਂ ਦੇ ਸਰਬਉੱਚ ਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ‘ਤੇ ਤੋਪਾਂ ਨਾਲ ਹਮਲਾ ਕਰਕੇ ਤਬਾਹ ਕਰਨ ਦੀ ਸਜ਼ਾ ਦੇ ਕੇ ਲੈ ਕੇ ਸਿੱਖ ਮਰਿਆਦਾ ਨੂੰ ਕਾਇਮ ਰੱਖਿਆ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿਚ ਵੀ ਜਿਸ ਕਿਸੇ ਨੇ ਸ੍ਰੀ ਅਕਾਲ ਤਖ਼ਤ ਅਤੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕੀਤਾ, ਉਸ ਦਾ ਸਿੱਖਾਂ ਨੇ ਇਹੀ ਹਸ਼ਰ ਕੀਤਾ। ਉਨ੍ਹਾਂ ਸੰਗਤਾਂ ਦਾ ਧੰਨਵਾਦ ਵੀ ਕੀਤਾ। ਸੰਸਥਾ ਦੇ ਕਾਰਕੁਨਾਂ ਨੇ ਗੁਰੂ ਘਰ ਦੀਆਂ ਦੀਵਾਰਾਂ ‘ਤੇ ਸ਼ਹੀਦਾਂ ਦੀਆਂ ਫੋਟੋਆਂ ਸਮੇਤ ਬੈਨਰ ਲਗਾਏ ਹੋਏ ਸਨ। ਸਟੇਜ ਸੇਵਾ ਜਗੀਰ ਸਿੰਘ ਖਲੀਲ ਨੇ ਨਿਭਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: