ਬਰਨਾਲਾ: ਪਿੰਡ ਜੋਧਪੁਰ ਦੇ ਖੁਦਕੁਸੀ ਮਾਮਲੇ ਵਿੱਚ ਪੰਜਾਬ ਦੀ ਸੱਤਾਧਾਰੀ ਬਾਦਲ ਅਤੇ ਭਾਜਪਾ ਦੇ ਆਗੂ ਖੁੱਲਮ ਖੁੱਲੇ ਦੋਸ਼ੀ ਆੜਤੀਆਂ ਦੇ ਹੱਕ ਆ ਹਏ ਹਨ।ਲੰਘੀ 26 ਅਪਰੈਲ ਨੂੰ ਆੜ੍ਹਤੀਏ ਵੱਲੋਂ ਜ਼ਮੀਨ ’ਤੇ ਕਬਜ਼ਾ ਕਰਨ ਮਗਰੋਂ ਖ਼ੁਦਕੁਸ਼ੀ ਕਰ ਗਏ ਕਿਸਾਨ ਮਾਂ-ਪੁੱਤ ਦੇ ਮਾਮਲੇ ਵਿੱਚ ਨਾਮਜ਼ਦ ਆੜ੍ਹਤੀਏ ਤੇ ਉਸ ਦੇ ਰਿਸ਼ਤੇਦਾਰਾਂ ਖਿਲਾਫ਼ ਦਰਜ ਕੇਸ ਰੱਦ ਕਰਵਾਉਣ ਦੀ ਮੰਗ ਲਈ ਅੱਜ ਸੱਤਾਧਾਰੀ ਬਾਦਲ ਦਲ ਦੇ ਆਗੂਆਂ ਦੀ ਅਗਵਾਈ ਹੇਠ ਆੜ੍ਹਤੀਆਂ ਤੇ ਵਪਾਰੀਆਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਮਗਰੋਂ ਐਸ.ਐਸ.ਪੀ. ਦਫਤਰ ਵਿੱਚ ਧਰਨਾ ਦਿੱਤਾ ਗਿਆ।
ਪਰਚਾ ਰੱਦ ਕਰਨ ਦੀ ਮੰਗ ਲਈ ਉਨ੍ਹਾਂ ਜ਼ਿਲ੍ਹਾ ਪੁਲੀਸ ਮੁਖੀ ਨੂੰ ਮੰਗ ਪੱਤਰ ਵੀ ਸੌਂਪਿਆ। ਇਹ ਵੀ ਮੰਗ ਕੀਤੀ ਕਿ ਖ਼ੁਦਕੁਸ਼ੀ ਲਈ ਕਿਸਾਨ ਮਾਂ-ਪੁੱਤ ਨੂੰ ਕਥਿਤ ਤੌਰ ’ਤੇ ਉਕਸਾਉਣ ਵਾਲੇ ਕਿਸਾਨ ਯੂਨੀਅਨ ਦੇ ਕਾਰਕੁਨਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਜ਼ਿਲ੍ਹਾ ਪ੍ਰਧਾਨ ਤੇ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਸੰਜੀਵ ਸ਼ੋਰੀ, ਜ਼ਿਲ੍ਹਾ ਯੂਥ ਆਗੂ ਰਵਿੰਦਰ ਸਿੰਘ ਰੰਮੀ ਢਿੱਲੋਂ, ਆਈ.ਟੀ. ਸੈੱਲ ਦੇ ਯਾਦਵਿੰਦਰ ਸਿੰਘ ਬਿੱਟੂ ਅਤੇ ਸੂਬਾਈ ਸਲਾਹਕਾਰ ਇੰਜ. ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨ ਮਾਂ-ਪੁੱਤ ਦੀ ਖ਼ੁਦਕੁਸ਼ੀ ਭਾਵੇਂ ਮੰਦਭਾਗੀ ਘਟਨਾ ਹੈ, ਪ੍ਰੰਤੂ ਇਸ ਲਈ ਆੜ੍ਹਤੀਆ ਤੇਜਾ ਸਿੰਘ ਤੇ ਉਸ ਦੇ ਪੁੱਤਰਾਂ ਸਮੇਤ ਰਿਸ਼ਤੇਦਾਰਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ । ਉਨ੍ਹਾਂ ਦੋਸ਼ ਲਗਾਇਆ ਕਿ ਖੁਦਕੁਸ਼ੀ ਕਰਨ ਵਾਲੇ ਮਾਂ-ਪੁੱਤ ਨੂੰ ਇਸ ਕਾਰੇ ਲਈ ਉੱਥੇ ਮੌਜੂਦ ਕਿਸਾਨ ਯੂਨੀਅਨ ਆਗੂਆਂ ਤੇ ਕਾਰਕੁਨਾਂ ਵੱਲੋਂ ਕਥਿਤ ਤੌਰ ’ਤੇ ਉਕਸਾਇਆ ਗਿਆ।
ਭਾਜਪਾ ਨਾਲ ਸਬੰਧਤ ਵਪਾਰੀ ਆਗੂ ਧੀਰਜ ਕੁਮਾਰ ਦੱਦਾਹੂਰ ਤੇ ਸੋਮਨਾਥ ਸਹੋਰੀਆ ਨੇ ਵੀ ਆੜ੍ਹਤੀਏ ਖਿਲਾਫ਼ ਦਰਜ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਨੂੰ ਸੂਬਾ ਪੱਧਰ ’ਤੇ ਲਿਜਾਇਆ ਜਾਵੇਗਾ। ਆੜ੍ਹਤੀਏ ਐਸੋਸੀਏਸ਼ਨ ਆਗੂ ਦਰਸ਼ਨ ਸਿੰਘ ਸੰਘੇੜਾ ਤੇ ਪਿਆਰਾ ਲਾਲ ਰਾਏਸਰ ਨੇ ਐਲਾਨ ਕੀਤਾ ਕਿ ਫ਼ਿਲਹਾਲ ਤਿੰਨ ਦਿਨ ਆੜ੍ਹਤੀਆਂ ਵੱਲੋਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ। ਜੇਕਰ ਇਨਸਾਫ਼ ਨਾ ਹੋਇਆ ਤਾਂ ਸੂਬੇ ਦੀਆਂ ਮੰਡੀਆਂ ਬੰਦ ਕਰਵਾਉਣ ਦਾ ਵੀ ਫੈਸਲਾ ਲਿਆ ਜਾਵੇਗਾ। ਦਰਸ਼ਨ ਸਿੰਘ ਨੇ ਤਾਂ ਮੰਗ ਨਾ ਮੰਨੇ ਜਾਣ ’ਤੇ ਅਕਾਲੀ ਦਲ ਤੋਂ ਹੀ ਅਸਤੀਫ਼ੇ ਦੀ ਵੀ ਧਮਕੀ ਦਿੱਤੀ।
ਇਸ ਮੌਕੇ ਮਾਰਕੀਟ ਕਮੇਟੀ ਬਰਨਾਲਾ ਦੇ ਉਪ ਚੇਅਰਮੈਨ ਪ੍ਰਵੀਨ ਕੁਮਾਰ, ਇਕਬਾਲ ਸਿੰਘ ਸਰਾਂ, ਸਵਰਾਜ ਅਭਿਆਨ ਦੇ ਇੰਦਰਜੀਤ ਸ਼ਰਮਾ ਆਦਿ ਆਗੂ ਵੀ ਸ਼ਾਮਲ ਸਨ।