ਨਵੀਂ ਦਿੱਲੀ (13 ਅਗਸਤ, 2015): ਦਿੱਲੀ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲ਼ੀ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਹੋਈ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਸੀਬੀਆਈ ਵੱਲੋਂ ਦੋਸ਼ ਮੁਕਤ ਕਰਾਰ ਦੇਣ ਖਿਲਾਫ ਅਦਾਲਤ ਵਿੱਚ ਪਟੀਸ਼ਨ ਦਰਜ਼ ਕਰਵਾਈ ਜਾਵੇਗੀ।
ਸੀਬੀਆਈ ਨੇ ਸਿੱਖ ਕਤਲੇਆਮ ਦੌਰਾਨ ਪੁਲਬੰਗਸ਼ ਗੁਰਦੁਆਰੇ ਵਿੱਚ ਤਿੰਨ ਸਿੱਖਾਂ ਦੇ ਹੋੲੇ ਕਤਲ ਨਾਲ ਸਬੰਧਤ ਕੇਸ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਸੀਬੀਆਈ ਵੱਲੋਂ ਦੋਸ਼ ਮੁਕਤ ਕਰਾਰ ਦਿੱਤਾ ਗਿਆ ਸੀ।
ਸੀਬੀਆਈ ਵੱਲੋਂ ਉਕਤ ਕੇਸ ਵਿੱਚ ਟਾਇਲਰ ਨੂੰ ਦੋਸ਼ ਮੁਕਤ ਕਰਨ ਖ਼ਿਲਾਫ਼ ਕੜਕੜਡੂਮਾ ਅਦਾਲਤ ਵਿੱਚ ਪ੍ਰੋਟੈਸਟ ਪਟੀਸ਼ਨ ਦਾਇਰ ਕੀਤੀ ਜਾਵੇਗੀ। ਪੀੜਤਾਂ ਦੇ ਵਕੀਲ ਐਚਐਸ ਫੂਲਕਾ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਕੜਕੜਡੂਮਾ ਅਦਾਲਤ ਵਿੱਚ ਇਹ ਪਟੀਸ਼ਨ ਪਾਈ ਜਾਵੇਗੀ, ਜਿਸ ਵਿੱਚ ਸੀਬੀਆਈ ਵੱਲੋਂ ਟਾਈਟਲਰ ਨੂੰ ਕਲੀਨ ਚਿੱਟ ਦੇਣ ਨੂੰ ਚੁਣੌਤੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਜਿਨ੍ਹਾਂ ਗਵਾਹਾਂ ਨੂੰ ਸੀਬੀਆਈ ਨੇ ‘ਅਣਲੱਭੇ’ ਕਰਾਰ ਦਿੱਤਾ ਸੀ, ਉਨ੍ਹਾਂ ਦੇ ਵੇਰਵੇ ਵੀ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ। ਕਾਂਗਰਸੀ ਆਗੂ ਉਪਰ ਦੋਸ਼ ਲਾਇਆ ਗਿਆ ਸੀ ਕਿ ਪੁਲਬੰਗਸ਼ ਗੁਰਦੁਆਰੇ ਨੂੰ ਸਾੜਨ ਵਾਲੀ ਭੀੜ ਦੀ ਅਗਵਾਈ ਜਗਦੀਸ਼ ਟਾਈਟਲਰ ਕਰ ਰਿਹਾ ਸੀ।