ਪਟਿਆਲਾ (30 ਅਗਸਤ, 2015): ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ ਤੇ ਫ਼ਤਹਿਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖ਼ਾਲਸਾ ਨੇ ਜਿਵੇਂ ਮੁਅੱਤਲੀ ਤੋਂ ਬਾਅਦ ਪਾਰਟੀ ਕਨਵੀਨਰ ਕੇਜਰੀਵਾਲ ਵਿਰੁੱਧ ਬਿਆਨਬਾਜ਼ੀ ਕੀਤੀ ਹੈ, ਤੋਂ ਲੱਗਦਾ ਹੈ ਕਿ ਜਲਦੀ ਹਾਲਤ ਆਮ ਵਰਗੇ ਹੋਣੇ ਮੁਸ਼ਕਿਲ ਹਨ ।
ਲੋਕ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੇ 4 ਲੋਕ ਸਭਾ ਮੈਂਬਰ ਜਿਤਾ ਕੇ ਨਵਾਂ ਇਤਿਹਾਸ ਸਿਰਜਿਆ ਸੀ ਪਰ ਹੁਣ ਇਸ ਦੇ ਆਧਾਰ ਨੂੰ ਖੋਰਾ ਲੱਗਦਾ ਦਿਖਾਈ ਦੇ ਰਿਹਾ ਹੈ ਅਤੇ ਪਾਰਟੀ ‘ਚ ਚਲੀ ਲੜਾਈ ਰੁਕਣ ਦਾ ਨਾਂਅ ਨਹੀਂ ਲੈ ਰਹੀ।
ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ ਤੇ ਫ਼ਤਹਿਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖ਼ਾਲਸਾ ਨੇ ਵੱਲੋਂ ਵੱਖ-ਵੱਖ ਚੈਨਲਾਂ ‘ਤੇ ਕੀਤੀ ਜਾ ਰਹੀ ਬਿਆਨਬਾਜ਼ੀ ‘ਤੇ ਪੁੱਛੇ ਜਾਣ ‘ਤੇ ਟਿੱਪਣੀ ਕਰਦਿਆਂ ਪਾਰਟੀ ਦੀ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅਸੀਂ ਤਾਂ ਬਹੁਤ ਟਾਲਣ ਦੇ ਯਤਨ ਕੀਤੇ ਪਰ ਇਹ ਇੱਥੋਂ ਤੱਕ ਚਲੇ ਗਏ ਕਿ ਰੱਖੜ ਪੁੰਨਿਆ ਮੌਕੇ ਵੱਖਰੀ ਸਟੇਜ ਲਾ ਲਈ | ਇਸ ਪਿੱਛੋਂ ਪਾਰਟੀ ਕੋਲ ਹੋਰ ਕੀ ਚਾਰਾ ਰਹਿ ਜਾਂਦਾ ਹੈ |
ਛੋਟੇਪੁਰ ਨੇ ਕਿਹਾ ਕਿ ਪਾਰਟੀਆਂ ਤੋਂ ਉੱਪਰ ਕੋਈ ਨਹੀਂ ਹੁੰਦਾ, ਕਿਸੇ ਨੂੰ ਵੀ ਗ਼ਲਤ ਫਹਿਮੀ ਵਿਚ ਨਹੀਂ ਰਹਿਣਾ ਚਾਹੀਦਾ | ਛੋਟੇਪੁਰ ਨੇ ਕਿਹਾ ਕਿ ਇਨ੍ਹਾਂ ਨੂੰ ਜੋ ਵੋਟਾਂ ਪਈਆਂ ਸਿਰਫ਼ ਪਾਰਟੀ ਕਾਰਨ ਪਈਆਂ ਸਨ | ਇਸ ਬਾਰੇ ਕਿਸੇ ਨੂੰ ਗ਼ਲਤ ਫਹਿਮੀ ਨਹੀਂ ਰਹਿਣੀ ਚਾਹੀਦੀ | ਪਾਰਟੀ ਦੇ ਪੰਜਾਬ ‘ਚ ਭਵਿੱਖ ਬਾਰੇ ਪੁੱਛੇ ਜਾਣ ‘ਤੇ ਸ: ਛੋਟੇਪੁਰ ਨੇ ਕਿਹਾ ਕਿ ਪਾਰਟੀ ਦਾ ਭਵਿੱਖ ਸੁਨਹਿਰੀ ਹੈ | ਉਨ੍ਹਾਂ ਕਿਹਾ ਕਿ ਇਹ ਆਗੂ ਦੂਜੀਆਂ ਪਾਰਟੀਆਂ ਦਾ ਹੱਥ ਠੋਕਾ ਬਣ ਕੇ ਬਦਲਾਅ ‘ਚ ਅੜਿੱਕਾ ਬਣ ਰਹੇ ਸਨ |
ਡਾ: ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਸਾਡੀ ਮੁਅੱਤਲੀ ਵਾਲਾ ਫ਼ੈਸਲਾ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਲੀਡਰਸ਼ਿਪ ਦਾ ‘ਤੁਗ਼ਲਕੀ’ ਫ਼ੈਸਲਾ ਹੈ | ਇਸ ਨਾਲ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਤਰੀਕੇ ‘ਤੇ ਕੋਈ ਫ਼ਰਕ ਨਹੀਂ ਪਵੇਗਾ |
ਡਾ: ਗਾਂਧੀ ਨੇ ਕਿਹਾ ਕਿ ਉਹ ਅਸਤੀਫ਼ਾ ਨਹੀਂ ਦੇਣਗੇ, ਸਗੋਂ ਉਹ ਪਹਿਲਾਂ ਵਾਂਗ ਹੀ ਆਪਣੇ ਹਲਕੇ ਦੇ ਲੋਕਾਂ ਦੀਆਂ ਇੱਛਾਵਾਂ ‘ਤੇ ਪੂਰਾ ਉੱਤਰਨ ਲਈ ਯਤਨਸ਼ੀਲ ਰਹਿਣਗੇ | ਡਾ: ਗਾਂਧੀ ਨੇ ਕਿਹਾ ਕਿ ਉਹ ਪਾਰਟੀ ਵਲੋਂ ਮਿਲੇ ਨੋਟਿਸ ਦਾ ਜਲਦ ਹੀ ਉਤਰ ਦੇਣਗੇ |