Site icon Sikh Siyasat News

ਪਟਿਆਲਾ ਘਟਨਾ ਦੀ ਆੜ ਹੇਠ ਫੜੇ ਪੱਤਰਕਾਰਾਂ ਤੇ ਬਿਜਲਸੱਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ: ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਸ੍ਰੀ ਅੰਮ੍ਰਿਤਸਰ: ਨਿਹੰਗ ਸਿੰਘਾਂ ਅਤੇ ਪੁਲਿਸ ਦੌਰਾਨ ਹੋਈ ਝੜਪ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲਿਖਣ-ਬੋਲਣ ਵਾਲੇ ਇੱਕ ਦਰਜਨ ਦੇ ਕਰੀਬ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ ਹੈ ਤੇ ਉਹਨਾਂ ਉੱਤੇ ਕਈ ਸਖਤ ਧਾਰਾਵਾਂ ਲਾ ਕੇ ਜੇਲ੍ਹੀਂ ਡੱਕ ਦਿੱਤਾ ਹੈ ਜਿਸ ਕਾਰਨ ਸਰਗਰਮ ਸਿੱਖ ਜਥੇਬੰਦੀਆਂ ਵਿਚ ਕਾਫੀ ਰੋਹ ਅਤੇ ਰੋਸ ਵੇਖਣ ਨੂੰ ਮਿਲ ਰਿਹਾ ਹੈ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ (ਸਿ.ਯੂ.ਫੈ.ਭਿ.) ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ, ਜਨਰਲ ਅਤੇ ਹੋਰਨਾਂ ਨੇ ਕਿਹਾ ਹੈ ਕਿ ਗ੍ਰਿਫਤਾਰ ਕੀਤੇ ਪੱਤਰਕਾਰ ਭੁਪਿੰਦਰ ਸਿੰਘ ਸੱਜਣ, ਸਤਿਕਾਰ ਕਮੇਟੀ ਦੇ ਸਥਾਨਕ ਮੁਖੀ ਦਵਿੰਦਰ ਸਿੰਘ ਮੁਕੇਰੀਆਂ, ਢਾਡੀ ਜਸਵੀਰ ਸਿੰਘ ਮਾਨ, ਪਰਮਿੰਦਰ ਸਿੰਘ ਖਾਲਸਾ, ਰਿੱਚੀ ਸਿੰਘ, ਵਰਿੰਦਰਪਾਲ ਸਿੰਘ, ਜਸਵੀਰ ਸਿੰਘ ਚੌਲਾਂਗ ਆਦਿ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤੇ ਜਾਵੇ। 

ਭੁਪਿੰਦਰ ਸਿੰਘ ਸੱਜਣ

ਉਹਨਾਂ ਕਿਹਾ ਕਿ ਵੱਖਰੇ ਵਿਚਾਰ ਰੱਖਣ ਵਾਲਿਆਂ ਨਾਲ ਪੁਲਿਸ ਧੱਕੇਸ਼ਾਹੀ ਅਤੇ ਬੇਇਨਸਾਫੀ ਕਰ ਰਹੀ ਹੈ। 

ਸਿ.ਯੂ.ਫੈ.ਭਿ. ਦੇ ਆਗੂਆਂ ਨੇ ਕਿਹਾ ਕਿ ਇਹ ਬੋਲਣ-ਲਿਖਣ ਦੀ ਅਜਾਦੀ ’ਤੇ ਹਮਲਾ ਹੈ ਤੇ ਪੰਜਾਬ ਵਿੱਚ ਪੁਲਿਸ ਰਾਜ ਕਾਇਮ ਹੋ ਚੁੱਕਾ ਹੈ ਤੇ ਬੇਦੋਸ਼ੇ ਲੋਕਾਂ ਨੂੰ ਝੂਠੇ ਕੇਸਾਂ ’ਚ ਫਸਾ ਕੇ ਦਰੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਸਿੱਖ ਨੌਜਵਾਨਾਂ ’ਤੇ ਪੁਲਿਸ ਨੇ ਅਜਿਹੀਆਂ ਸਖਤ ਧਾਰਾਵਾਂ ਲਗਾ ਦਿੱਤੀਆਂ ਹਨ ਕਿ ਜਿਹੜੀਆਂ ਉਹਨਾਂ ਦੇ ਕੇਸ ਅਨੁਸਾਰ ਬਣਦੀਆਂ ਵੀ ਨਹੀਂ ਸਨ। 

ਫੈਡਰੇਸ਼ਨ ਆਗੂਆਂ ਨੇ ਸਿੱਖ ਨੌਜਵਾਨਾਂ ਦੀਆਂ ਕੀਤੀਆਂ ਗਈਆਂ ਗ੍ਰਿਫਤਾਰੀਆਂ ਨੂੰ ਗੈਰ-ਕਨੂੰਨੀ ਕਰਾਰ ਦਿੱਤਾ ਹੈ। 

ਇਸ ਮੌਕੇ ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਹਰਪ੍ਰੀਤ ਸਿੰਘ ਬੰਟੀ, ਭਾਈ ਗੁਰਸਾਹਿਬ ਸਿੰਘ ਦਮਨ, ਭਾਈ ਬ੍ਰਹਮਪਾਲ ਸਿੰਘ ਬ੍ਰਹਮਾ, ਭਾਈ ਰਾਜਬੀਰ ਸਿੰਘ ਕਵੀਸ਼ਰ, ਭਾਈ ਗੁਰਦੀਪ ਸਿੰਘ ਲੋਹਾਰਾ ਆਦਿ ਹਾਜ਼ਰ ਸਨ। 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version