Site icon Sikh Siyasat News

ਸਿੱਖ ਬੀਬੀਆਂ ਦੀਆਂ ਮਹਾਨ ਕੁਰਬਾਨੀਆਂ ਤੇ ਸੰਘਰਸ਼ ਦੀ ਬਾਤ ਪਾਉਂਦੀ ਕਿਤਾਬ “ਕੌਰਨਾਮਾ-੨” ਜਾਰੀ

ਤਰਨਤਾਰਨ: ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ‘ਕੌਰਨਾਮਾ-੨’ ਕਿਤਾਬ ਅੱਜ (12 ਜੁਲਾਈ 2025) ਇਤਿਹਾਸਕ ਧਰਤੀ ਪੰਜਵੜ੍ਹ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਜਾਰੀ ਕੀਤੀ ਗਈ। ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਵੱਲੋਂ ਆਰੰਭ ਕਰਵਾਈ ਤੇ ਪੰਥ ਸੇਵਕ ਭਾਈ ਦਲਜੀਤ ਸਿੰਘ ਦੀ ਅਗਵਾਈ ’ਚ ਖੋਜੀ ਤੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਤੇ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਛਾਪੀ ਇਹ ਕਿਤਾਬ ਸ਼ਹੀਦ ਸਿੰਘਣੀਆਂ ਤੇ ਸਿੰਘਾਂ ਦੇ ਵਾਰਸਾਂ ਤੇ ਬੀਬੀਆਂ ਵੱਲੋਂ ਸੰਗਤਾਂ ਦੇ ਸਨਮੁੱਖ ਕੀਤੀ ਗਈ। ਕਿਤਾਬ ਜਾਰੀ ਕਰਨ ਵਾਲੀਆਂ ਬੀਬੀਆਂ ਵਿਚ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਸੁਰਜੀਤ ਕੌਰ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭੈਣ ਜੀ ਬੀਬੀ ਬਲਵਿੰਦਰ ਕੌਰ ਵੀ ਸ਼ਾਮਿਲ ਸਨ।

ਭਾਈ ਦਲਜੀਤ ਸਿੰਘ

ਇਸ ਮੌਕੇ ਬੋਲਦਿਆ ਭਾਈ ਦਲਜੀਤ ਸਿੰਘ ਨੇ ਖਾੜਕੂ ਲਹਿਰ ਦੇ ਇਤਿਹਾਸ ਨੂੰ ਸਾਂਭਣ ਲਈ ਯਤਨ ਜਾਰੀ ਰੱਖਣ ਪ੍ਰਤੀ ਆਸਾਵੰਦ ਹੁੰਦਿਆ ਕਿਹਾ ਕਿ ਹੁਣ ਸਮਾਂ ਇਕੱਲੇ ਇਕੱਲੇ ਖਾੜਕੂ ਸਿੰਘ ਤੇ ਸਿੰਘਣੀ ਦੀ ਕੁਰਬਾਨੀ ਤੇ ਪ੍ਰਾਪਤੀਆਂ ਨੂੰ ਸਾਂਭਣ ਦਾ ਹੈ। ਉਹਨਾਂ ਖਾਲਸਾ ਰਾਜ ਦੇ ਸੰਕਲਪ ਨੂੰ ਸਪੱਸਟ ਕਰਦਿਆ ਕਿਹਾ ਕਿ ਇਹ ਸਾਰੀਆਂ ਕੁਰਬਾਨੀਆਂ ਖਾਲਸਤਾਨ ਦੀ ਸਥਾਪਨਾ ਲਈ ਸੀ ਨਾ ਕਿ ਕਿਸੇ ਪਾਰਲੀਮੈਂਟ ਰਾਹ ਪੈ ਕੇ ਵਜ਼ੀਰੀਆਂ ਹਾਸਲ ਕਰਨ ਲਈ।

ਇਸ ਮੌਕੇ ਬੋਲਦਿਆਂ ਭਾਈ ਹਰਦੀਪ ਸਿੰਘ ਮਹਿਰਾਜ ਨੇ ਖਾੜਕੂ ਲਹਿਰ ਦੇ ਇਤਿਹਾਸ ਨੂੰ ਸਾਂਭਣ ਦੀ ਬੇਨਤੀ ਕਰਦਿਆ ਕਿਹਾ ਕਿ ਸਟੇਟ ਵੱਲੋਂ ਖਾੜਕੂ ਲਹਿਰ ਦੇ ਮਾਣਮੱਤੇ ਇਤਿਹਾਸ ਨੂੰ ਰੋਲਣ ਦਾ ਨਿਖਿੱਧ ਰੋਲ ਅਦਾ ਕੀਤਾ, ਉਹਨਾਂ ਨੌਜਵਾਨਾਂ ਨੂੰ ਅੱਗੇ ਆ ਕੇ ਇਸ ਇਤਿਹਾਸ ਤੋਂ ਪ੍ਰਰੇਣਾ ਲੈਣ ਦੀ ਅਪੀਲ ਵੀ ਕੀਤੀ।

ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਨੇ ਜੁਝਾਰੂ ਲਹਿਰ ਨਾਲ ਗੈਂਗਸਟਰਵਾਦ ਨੂੰ ਜੋੜਨ ਦੀ ਸਾਜ਼ਿਸ਼ ਨੂੰ ਨਕਾਮ ਕਰਦਿਆ ਕਿਹਾ ਕਿ ਇਹ ਸ਼ਹੀਦ ਸਿੰਘਾਂ ਦਾ ਰਾਹ ਨਾ ਸੀ, ਨਾ ਹੈ ਤੇ ਨਾ ਹੀ ਰਹੇਗਾ।

ਇਹ ਕਿਤਾਬ ਸ਼ਹੀਦ ਭਾਈ ਲਾਭ ਸਿੰਘ ਪੰਜਵੜ ਦੇ ਸ਼ਹੀਦੀ ਸਮਾਗਮ ਮੌਕੇ ਜਾਰੀ ਕੀਤੀ ਗਈ। ਇਸ ਮੌਕੇ ਸ੍ਰੀ ਆਖੰਡ ਪਾਠ ਤੇ ਕੀਰਤਨ ਦੀ ਸਮਾਪਤੀ ਉਪਰੰਤ ਢਾਡੀ ਤੇ ਕਵੀਸਰੀ ਜਥਿਆਂ ਨੇ ਸ਼ਹੀਦਾਂ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਵੀਰ ਰਸ ਨਾਲ ਨਿਹਾਲ ਕੀਤਾ। ਇਲਾਕੇ ਦੇ ਵੱਡੀ ਗਿਣਤੀ ’ਚ ਸ਼ਹੀਦ ਸਿੰਘਾਂ ਦੇ ਵਾਰਸਾਂ ਨੂੰ ਸਨਮਾਨਤ ਵੀ ਕੀਤਾ ਗਿਆ।

ਭਾਈ ਨਰਾਇਣ ਸਿੰਘ ਚੌੜਾ ਵੱਲੋਂ ਰਚਿਤ ਦਸਤਾਵੇਜ ‘ਖਾਲਸਤਾਨ ਵਿਰੁੱਧ ਸਾਜ਼ਿਸ਼’ ਦੀ ਕਾਪੀ ਸ਼ਹੀਦ ਭਾਈ ਲਾਭ ਸਿੰਘ ਦੇ ਸਪੁੱਤਰ ਭਾਈ ਰਾਜੇਸਵਰ ਸਿੰਘ ਨੂੰ ਵੀ ਭੇਂਟ ਕੀਤੀ ਗਈ।

ਇਸ ਮੌਕੇ ਗੁਰਪਾਲ ਸਿੰਘ ਵੱਲੋਂ ਪੰਜਾਬੀ ’ਚ ਉਲੱਥਾ ਕੀਤੀ ਕਿਤਾਬ ‘ਸਿੱਖ ਰਾਜ ਦਾ ਖਿਆਲ’ ਵੀ ਜਾਰੀ ਕੀਤੀ ਗਈ। ਇਹ ਕਿਤਾਬ ਨੀਸਾਣੁ ਪ੍ਰਕਾਸ਼ਨ ਸੰਗਰੂਰ ਵੱਲੋਂ ਛਾਪੀ ਗਈ ਹੈ।

ਸ਼ਹੀਦੀ ਸਮਾਗਮ ਵਿੱਚ ਭੈਣ ਦਵਿੰਦਰ ਕੌਰ ਸਿੰਘਣੀ ਸ਼ਹੀਦ ਭਾਈ ਲਾਭ ਸਿੰਘ ਪੰਜਵੜ੍ਹ, ਭਾਈ ਦਲਜੀਤ ਸਿੰਘ ਪੰਜਵੜ੍ਹ, ਭੈਣ ਅੰਮ੍ਰਿਤ ਕੌਰ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਭੈਣ ਬਲਵਿੰਦਰ ਕੌਰ, ਭਾਊ ਬਲਦੇਵ ਸਿੰਘ ਪੰਜਵੜ੍ਹ, ਜਸਵੀਰ ਸਿੰਘ ਖਾਡੂਰ, ਭਾਈ ਸਤਨਾਮ ਸਿੰਘ ਖੰਡਾ, ਸਤਨਾਮ ਸਿੰਘ ਝੰਝੀਆ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਪੰਥਕ ਜਥਾ ਮਾਲਵਾ ਤੇ ਮਾਝਾ ਦੇ ਸੇਵਾਦਾਰ, ਭਾਈ ਪਰਮਜੀਤ ਸਿੰਘ ਮਾਲੂਵਾਲ, ਲੇਖਕ ਭਾਈ ਸਰਬਜੀਤ ਸਿੰਘ ਘੁੰਮਾਣ ਤੇ ਵਾਰਸਤ ਪੰਜਾਬ ਦੇ ਤਰਸੇਮ ਸਿੰਘ ਝੰਡੂਖੇੜਾ ਆਦਿ ਵੀ ਸ਼ਾਮਲ ਸਨ।ਸਟੇਜ ਦੀ ਕਾਰਵਾਈ ਨੂੰ ਭਾਈ ਰਾਮ ਸਿੰਘ ਨੇ ਸੁਚੱਜੇ ਢੰਗ ਨਾਲ ਸੰਭਾਲਿਆ।

ਅੱਜ (12 ਜੁਲਾਈ 2025 ਨੂੰ) ਜਾਰੀ ਹੋਈਆਂ ਦੋਵੇਂ ਕਿਤਾਬਾਂ “ਕੌਰਨਾਮਾ-੨” ਅਤੇ “ਸਿੱਖ ਰਾਜ ਦਾ ਖਿਆਲ”, ਭਾਈ ਨਰਾਇਣ ਸਿੰਘ ਚੌੜਾ ਵੱਲੋਂ ਲਿਖੀ ਕਿਤਾਬ “ਖਾਲਿਸਤਾਨ ਵਿਰੁਧ ਸਾਜਿਸ਼” ਕਿਤਾਬ ਸਮੇਤ ਸਿੱਖ ਸਿਆਸਤ ਰਾਹੀਂ ਦੁਨੀਆ ਭਰ ਵਿਚ ਕਿਤੇ ਵੀ ਮੰਗਵਾਈਆਂ ਜਾ ਸਕਦੀਆਂ ਹਨ।

· ਕਿਤਾਬਾਂ ਮੰਗਵਾਉਣ ਲਈ ਸਿੱਖ ਸਿਆਸਤ ਦੇ ਕਿਤਾਬਾਂ ਵਾਲੇ ਵਟਸਐਪ +91 8968225990 ਉੱਤੇ ਸੁਨੇਹਾ ਭੇਜੋ ਜੀ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version