ਕਾਠਮੰਡੂ: ਨੇਪਾਲ ਵੱਲੋਂ ਜਦੋਂ ਤੋਂ ਆਪਣਾ ਨਵਾਂ ਸੰਵਿਧਾਨ ਅਪਣਾਇਆ ਗਿਆ ਹੈ, ਉਸ ਸਮੇਂ ਤੋਂ ਹੀ ਭਾਰਤ ਅਤੇ ਨੇਪਾਲ ਵਿਚਾਲੇ ਟਕਰਾਅ ਵਾਲੀ ਸਥਿਤੀ ਬਣਦੀ ਜਾ ਰਹੀ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸੁਲਗਦੀ ਸੁਲਗਦੀ ਹੁਣ ਜੱਗ ਜਾਹਿਰ ਹੋ ਗਈ ਹੈ।ਨਿਪਾਲ ਵੱਲੋਂ ਭਾਰਤ ਤੇ ਦੋਸ਼ ਲਗਾਇਆ ਗਿਆ ਹੈ ਕਿ ਭਾਰਤ ਵੱਲੋਂ ਉਸਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਦਿੱਤੀ ਜਾ ਰਹੀ ਹੈ।
ਬੀਤੇ ਐਤਵਾਰ ਵਾਲੇ ਦਿਨ ਭਾਰਤ ਦੀ ਐਸ.ਐਸ.ਬੀ ਸੈਨਾ ਦੀ 12ਵੀਂ ਬਟਾਲੀਅਨ ਦੇ 13 ਜਵਾਨ ਨੇਪਾਲ ਦੀ ਸਰਹੱਦ ਦੇ 50 ਮੀਟਰ ਅੰਦਰ ਤੱਕ ਚਲੇ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਨੇਪਾਲ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ।ਭਾਵੇਂ ਕਿ ਬਾਅਦ ਵਿੱਚ ਨੇਪਾਲ ਸਰਕਾਰ ਵੱਲੋਂ ਉਨ੍ਹਾਂ ਨੂੰ ਛਡ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇੱਕ ਹੋਰ ਵੱਡਾ ਕਦਮ ਪੁੱਟਦਿਆਂ ਨੇਪਾਲ ਵੱਲੋਂ 42 ਦੇ ਕਰੀਬ ਭਾਰਤੀ ਚੈਨਲਾਂ ਦੇ ਪ੍ਰਸਾਰਣ ਤੇ ਰੋਕ ਲਗਾ ਦਿੱਤੀ ਗਈ ਹੈ।ਕਾਠਮੰਡੂ ਦੇ ਸਿਨੇਮਾ ਘਰਾਂ ਵਿੱਚ ਭਾਰਤੀ ਫਿਲਮਾਂ ਦੇ ਸ਼ੋ ਵੀ ਬੰਦ ਕਰ ਦਿੱਤੇ ਗਏ ਹਨ।
ਨੇਪਾਲ ਸਰਕਾਰ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਨੇਪਾਲ ਨੂੰ ਜਾਂਦੀ ਪੈਟਰੋਲੀਅਮ ਅਤੇ ਹੋਰ ਵਸਤਾਂ ਦੀ ਸਪਲਾਈ ਨੂੰ ਰੋਕ ਦਿੱਤਾ ਗਿਆ ਹੈ ਤੇ ਭਾਰਤ ਉਨ੍ਹਾਂ ਦੇ ਅਮਦਰੂਨੀ ਮਸਲਿਆਂ ਵਿੱਚ ਸਿੱਧੀ ਦਖਲ ਦੇ ਰਿਹਾ ਹੈ ਜਿਸ ਦੇ ਚਲਦਿਆਂ ਨੇਪਾਲ ਸਰਕਾਰ ਨੂੰ ਇਹ ਕਦਮ ਚੁੱਕਣੇ ਪਏ ਹਨ।
ਜਿਕਰਯੋਗ ਹੈ ਕਿ ਭਾਰਤ ਵੱਲੋਂ ਵਸਤਾਂ ਦੀ ਸਪਲਾਈ ਰੁਕਣ ਤੋਂ ਬਾਅਦ ਨੇਪਾਲ ਸਰਕਾਰ ਵੱਲੋਂ ਪੈਟਰੋ ਚਾਈਨਾ ਨਾਲ ਸਮਝੌਤਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਚੀਨ ਵੱਲੋਂ ਨੇਪਾਲ ਨੂੰ 1000 ਮੀਟ੍ਰਿਕ ਟਨ ਪੈਟਰੋਲੀਅਮ ਵਸਤਾਂ ਦੀ ਪੂਰਤੀ ਕੀਤੀ ਜਾਵੇਗੀ।ਚੀਨ ਵੱਲੋਂ ਨੇਪਾਲ ਨਾਲ ਕੀਤੇ ਗਏ ਇਸ ਸਮਝੌਤੇ ਤੋਂ ਬਾਅਦ ਇਸ ਖਿੱਤੇ ਵਿੱਚ ਚੀਨ ਨੇਂ ਭਾਰਤ ਨੂੰ ਵੱਡੀ ਕੂਟਨੀਤਕ ਹਾਰ ਦਿੱਤੀ ਹੈ।