ਚੰਡੀਗੜ੍ਹ: ਪੰਜਾਬ ਦੇ ਦੋ ਮੰਤਰੀਆਂ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਹੈ ਕਿ ਸੂਬੇ ’ਚ ਗ਼ੈਰਕਾਨੂੰਨੀ ਚੱਲਦੀਆਂ ਬੱਸਾਂ ਹਰ ਹਾਲ ਬੰਦ ਕੀਤੀਆਂ ਜਾਣਗੀਆਂ। ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ’ਚ ਸਿੱਧੂ ਨੇ ਕਿਹਾ ਕਿ ਪਿਛਲੀ ਬਾਦਲ-ਭਾਜਪਾ ਸਰਕਾਰ ਸਮੇਂ ਅੱਠ ਸੌ ਕਰੋੜ ਰੁਪਏ ਦੇ ਕੰਮ ਸਿੰਗਲ ਟੈਂਡਰ ’ਤੇ ਕੀਤੇ ਗਏ ਹਨ ਅਤੇ ਕਿਸੇ ਦਾ ਆਡਿਟ ਨਹੀਂ ਕਰਾਇਆ ਗਿਆ। ਇਸ ਤਰ੍ਹਾਂ ਬਾਦਲ ਪਰਿਵਾਰ ਨੇ ਸੂਬੇ ਦੇ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਬਾਦਲ ਪਰਿਵਾਰ ਦੀਆਂ ਕਦੇ ਦੋ ਬੱਸਾਂ ਹੁੰਦੀਆਂ ਸਨ ਅਤੇ ਅੱਜ 650 ਕਿਵੇਂ ਹੋ ਗਈਆਂ। ਦੂਜੇ ਪਾਸੇ ਪੀਆਰਟੀਸੀ ਤੇ ਰੋਡਵੇਜ਼ ਨੂੰ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ 1990 ਦੀ ਟਰਾਂਸਪੋਰਟ ਨੀਤੀ ਲਿਆਵੇਗੀ, ਜਿਸ ਨਾਲ ਬਾਦਲਾਂ ਸਮੇਤ ਹੋਰ ਵਿਅਕਤੀਆਂ ਦੀਆਂ ਗੈ਼ਰਕਾਨੂੰਨੀ ਟਰਾਂਸਪੋਰਟਾਂ ਨੂੰ ਸਿੱਧੇ ਰਾਹ ਪਾਇਆ ਜਾਵੇਗਾ।
ਗ਼ੈਰਕਾਨੂੰਨੀ ਬੱਸਾਂ ਰੋਕਣ ਲਈ ਕਿਸੇ ਨੀਤੀ ਦੀ ਲੋੜ ਨਾ ਹੋਣ ਅਤੇ ਕਾਂਗਰਸ ਸਰਕਾਰ ਦੇ ਤਿੰਨ ਮਹੀਨੇ ਪੂਰੇ ਹੋਣ ਬਾਅਦ ਵੀ ਗੈ਼ਰਕਾਨੂੰਨੀ ਬੱਸਾਂ ਚੱਲਣ ਬਾਰੇ ਸਵਾਲ ’ਤੇ ਉਨ੍ਹਾਂ ਕਿਹਾ, ‘ਜੇਕਰ ਮੇਰੇ ਕੋਲ ਮਹਿਕਮਾ ਹੁੰਦਾ ਤਾਂ ਹੁਣ ਨੂੰ ਫੱਟੇ ਚੱਕ ਦਿੰਦਾ ਪਰ ਇਹ ਮਹਿਕਮਾ ਮੁੱਖ ਮੰਤਰੀ ਕੋਲ ਹੈ।
ਉਨ੍ਹਾਂ ਨੂੰ ਕਈ ਹੋਰ ਵਿਭਾਗਾਂ ਦਾ ਵੀ ਕੰਮ-ਕਾਜ ਦੇਖਣਾ ਪੈਂਦਾ ਹੈ।’ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਗਾਲ੍ਹ ਨਹੀਂ ਕੱਢੀ ਪਰ ਬਾਦਲਾਂ ਨੂੰ ਸਾਰਾ ਪੰਜਾਬ ਗਾਲ੍ਹਾਂ ਜ਼ਰੂਰ ਕੱਢਦਾ ਹੈ। ਸਿੱਧੂ ਤੇ ਮਨਪ੍ਰੀਤ ਬਾਦਲ ਨੇ ਕਿਹਾ, ‘ਅਕਾਲੀ ਸਾਨੂੰ ਕਰਜ਼ਾ ਮੁਆਫੀ ਬਾਰੇ ਪੁੱਛਦੇ ਹਨ, ਸਾਡੀ ਸਰਕਾਰ ਕਰਜ਼ਾ ਮੁਆਫੀ ਲਈ ਵਚਨਬੱਧ ਹੈ ਅਤੇ ਬਜਟ ਆਉਣ ਦਿਓ ਕੁਝ ਨਾ ਕੁਝ ਜ਼ਰੂਰ ਕੀਤਾ ਜਾਵੇਗਾ।’
ਸਬੰਧਤ ਖ਼ਬਰ:
ਵਿਜੀਲੈਂਸ ਵਿਭਾਗ ਨੇ ਨਿੱਜੀ ਬੱਸਾਂ ਦੇ ਕਾਗਜ਼ ਚੈਕ ਕੀਤੇ, ਕਈਆਂ ਦੇ ਚਲਾਨ ਅਤੇ ਕਈਆਂ ਨੂੰ ਛੱਡਿਆ …