ਗੁਰਵਿਨ ਸਿੰਘ ਆਹੂਜਾ ਸੰਸਥਾ ਵੱਲੋਂ ਤਿਆਰ ਪ੍ਰੋਗਾਰਮ ਬਾਰੇ ਜਾਣਕਾਰੀ ਦਿੰਦੇ ਹੋਏ

ਵਿਦੇਸ਼

ਕੌਮੀ ਸਿੱਖ ਮੁਹਿੰਮ ਵੱਲੋਂ ਅਮਰੀਕਾ ਵਿੱਚ ਵੱਖ-ਵੱਖ ਧਰਮਾਂ, ਨਸਲਾਂ ਅਤੇ ਵਿਸ਼ਵਾਸ਼ਾਂ ਦੇ ਲੋਕਾਂ ਵਿੱਚ ਆਪਸੀ ਤਾਲਮੇਲ ਅਤੇ ਸਦਭਾਵਨਾ ਵਧਾਉਲ ਲਈ ਗਠਜੋੜ ਕਾਇਮ

By ਸਿੱਖ ਸਿਆਸਤ ਬਿਊਰੋ

December 23, 2015

ਕੈਲੀਫੋਰਨੀਆ (22 ਦਸੰਬਰ, 2015): ਅਮਰੀਕਾ ਵਿਚ ਸਿੱਖਾਂ ਖਿਲਾਫ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਅਤੇ ਅਮਰੀਕਾ ਵਾਸੀਆਂ ਨੂੰ ਸਿੱਖ ਪਛਾਣ ਅਤੇ ਸਿੱਖ ਕੌਮ/ਧਰਮ ਬਾਰੇ ਦੱਸਣ ਲਈ ਸਿੱਖ ਜੱਥੇਬੰਦੀ ਕੌਮੀ ਸਿੱਖ ਮੁਹਿੰਮ (ਐਨ. ਐਸ. ਸੀ.) ਨੇ ਸਮਾਜ ਸੇਵੀ ਸੰਗਠਨਾਂ ਦਾ ਇਕ ਗਠਜੋੜ ਕਾਇਮ ਕੀਤਾ ਹੈ ।

ਸੰਸਥਾ ਵੱਲੋਂ ਅਮਰੀਕਾ ਵਿੱਚ ਰਹਿ ਰਹੇ ਵੱਖ-ਵੱਖ ਧਰਮਾਂ, ਨਸਲਾਂ ਅਤੇ ਵਿਸ਼ਵਾਸ਼ਾਂ ਦੇ ਲੋਕਾਂ ਵਿੱਚ ਆਪਸੀ ਤਾਲਮੇਲ ਅਤੇ ਸਦਭਾਵਨਾ ਪੈਦਾ ਕਰਨ ਲਈ ਇਕ ਉਤਸ਼ਾਹਜਨਕ ਪ੍ਰੋਜੈਕਟ ‘ਨੋਅ ਯੂਅਰ ਨੇਬਰ’ ( ਆਪਣੇ ਗੁਆਢੀ ਨੂੰ ਜਾਣੋ) ਸ਼ੁਰੂ ਕੀਤਾ ਜਾ ਰਿਹਾ ਹੈ।

ਐਨ. ਐਸ. ਸੀ. ਦੇ ਐਗਜ਼ੈਕਟਿਵ ਡਾਇਰੈਕਟਰ ਗੁਰਵਿਨ ਸਿੰਘ ਆਹੂਜਾ ਵੱਲੋਂ ਤਿਆਰ ਕੀਤੇ ਗਏ ਇਸ ਪ੍ਰਾਜੈਕਟ ਵਿਚ ਸਾਰੇ ਅਮਰੀਕੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਆਪਣੇ ਖੁਦ ਦੇ ਵਿਚਾਰ ਸਾਂਝੇ ਕਰਨ ਤੇ ਬਾਕੀਆਂ ਦੇ ਵਿਚਾਰ ਸੁਣਨ ਤੇ ਉਨ੍ਹਾਂ ਦਾ ਸਤਿਕਾਰ ਕਰਨ ।

ਗਠਜੋੜ ਇਸ ਗੱਲ ਵਿਚ ਵਿਸ਼ਵਾਸ ਰੱਖਦਾ ਹੈ ਕਿ ਅਮਰੀਕਾ ਦੀ ਤਾਕਤ ਇਸ ਦੇ ਵਿਭਿੰਨ ਵਿਰਾਸਤ ਹੈ ।ਆਹੂਜਾ ਨੇ ਕਿਹਾ ਕਿ ਇਸਾਈ, ਮੁਸਲਮਾਨ, ਯਹੂਦੀ, ਹਿੰਦੂ, ਸਿੱਖ, ਬੋਧੀ, ਗ਼ੈਰ-ਧਾਰਮਿਕ ਲੋਕ ਅਤੇ ਹੋਰਾਂ ਦਾ ਇਕ ਸਮੁੱਚਾ ਦੇਸ਼ ਹੈ ।ਉਹ ਇਕਜੁੱਟ ਹੋ ਕੇ ਰਹਿੰਦੇ ਹਨ ਤੇ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਇਕ-ਦੂਜੇ ਵਿਚ ਵਿਸ਼ਵਾਸ ਹੋਣਾ ਚਾਹੀਦਾ ਹੈ ।

ਡੂੰਘੀ ਖੋਜ ਤੋਂ ਬਾਅਦ ਤਿਆਰ ਕੀਤੇ ਗਏ ਇਸ ਪ੍ਰਾਜੈਕਟ ਵਿਚ ਵਿਸ਼ਵ ਦੇ ਸਭ ਤੋਂ ਵੱਧ ਧਾਰਮਿਕ ਵਿਭਿੰਨਤਾ ਵਾਲੇ ਦੇਸ਼ ਦੇ ਧਾਰਮਿਕ ਤਾਣੇ-ਬਾਣੇ ਦੀ ਰਾਖੀ ਕਰਨਾ ਤੇ ਇਸ ਨੂੰ ਹੋਰ ਮਜ਼ਬੂਤ ਕਰਨਾ ਹੈ ।

ਐਨ. ਐਸ. ਸੀ. ਦੇ ਸੀਨੀਅਰ ਸਲਾਹਕਾਰ ਡਾ: ਰਾਜਵੰਤ ਸਿੰਘ ਨੇ ਕਿਹਾ ਕਿ ਅਮਰੀਕੀ ਜਾਣਦੇ ਹਨ ਕਿ ਸਿੱਖ ਧਰਮ, ਇਸਲਾਮ ਅਤੇ ਹਿੰਦੂ ਧਰਮ ਦੇ ਘੱਟ ਗਿਣਤੀ ਧਰਮ ਵਾਲੇ ਲੋਕ ਅਮਰੀਕਾ ਵਿਚ ਰਹਿੰਦੇ ਹਨ, ਫਿਰ ਵੀ ਉਹ ਇਹ ਨਹੀਂ ਸਮਝਦੇ ਕਿ ਉਹ ਉਨ੍ਹਾਂ ਦੇ ਆਪਣੇ ਹੀ ਗੁਆਂਢੀ ਹਨ, ਦੋਸਤ ਅਤੇ ਸਹਿਕਰਮੀ ਹਨ ।ਇਸ ਪ੍ਰਾਜੈਕਟ ਦਾ ਇਕ ਖਾਸ ਮਕਸਦ ਹੈ ਕਿ ਅਮਰੀਕਾ ਵਿਚ ਸਿੱਖਾਂ ਖਿਲਾਫ ਹੁੰਦੇ ਨਸਲੀ ਹਮਲਿਆਂ ਨੂੰ ਰੋਕਿਆ ਜਾਵੇ ਤੇ ਅਮਰੀਕਾ ਵਾਸੀਆਂ ਦੇ ਦਿਲਾਂ ਵਿਚ ਸਿੱਖਾਂ ਪ੍ਰਤੀ ਪਿਆਰ ਤੇ ਅਪਣੱਤ ਦੀ ਭਾਵਨਾ ਪੈਦਾ ਕੀਤੀ ਜਾ ਸਕੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: