ਅੰਮ੍ਰਿਤਸਰ (10 ਅਕਤੂਬਰ ,2015): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਭਾਰਤ ਦਾ ਮੰਡੇਲਾ ਆਖੇ ਜਾਣ ‘ਤੇ ਦਲ ਖ਼ਾਲਸਾ ਪ੍ਰਧਾਨ ਨੇ ਟਿਪਣੀ ਕਰਦਿਆਂ ਕਿਹਾ ਕਿ ਨੇਲਸਨ ਮੰਡੇਲਾ ਆਪਣੇ ਲੋਕਾਂ ਦੀ ਆਜ਼ਾਦੀ ਲਈ ਲੜੇ, ਜਦ ਕਿ ਬਾਦਲ ਨੇ ਆਜ਼ਾਦੀ ਪਸੰਦ ਲੋਕਾਂ ਦੀ ਆਵਾਜ਼ ਨੂੰ ਦਬਾਉਣ ਅਤੇ ਕੁਚਲਣ ਵਿੱਚ ਭੂਮਿਕਾ ਨਿਭਾਈ ਹੈ।
ਦਲ ਖ਼ਾਲਸਾ ਦੇ ਮੁਖੀ ਸ. ਹਰਚਰਨਜੀਤ ਸਿੰਘ ਧਾਮੀ ਨੇ ਆਖਿਆ ਕਿ ਮੰਡੇਲਾ ਨੂੰ ਇਸ ਗੱਲ ਲਈ ਸਤਿਕਾਰਿਆ ਜਾਂਦਾ ਹੈ ਕਿ ਉਹਨਾਂ ਨੇ ਆਪਣੇ ਮੁਲਕ ਦੇ ਜਨਮ-ਜਾਤ ਗੁਲਾਮਾਂ ਨੂੰ ਆਜ਼ਾਦੀ ਦਿਵਾਈ। ਜਦ ਕਿ ਬਾਦਲ ਨੂੰ ਇਸ ਗੱਲ ਲਈ ਜਾਣਿਆ ਜਾਂਦਾ ਹੈ ਕਿ ਉਹਨਾਂ ਸਿੱਖਾਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਪੱਕਿਆ ਕੀਤਾ।ਉਹਨਾਂ ਕਿਹਾ ਕਿ ਮੋਦੀ ਵੱਲੋਂ ਬਾਦਲ ਦੀ ਬੇਲੋੜੀ ਤਾਰੀਫ ਨੇ ਸਾਡੇ ਇਸ ਵਿਸਵਾਸ਼ ਨੂੰ ਪਕੇਰਾ ਕੀਤਾ ਹੈ ਕਿ ਸਿੱਖ ਭਾਵਨਾਵਾਂ ਨੂੰ ਦਬਾਉਣ ਲਈ ਬਾਦਲ ਸਦਾ ਲਈ ਦਿੱਲੀ ਦਾ ਸਭ ਤੋਂ ਬੇਹਤਰੀਨ ਹੱਥ ਠੋਕਾ ਹੈ।
ਉਹਨਾਂ ਕਿਹਾ ਕਿ ਨੇਲਸਨ ਮੰਡੇਲਾ ਦੀ ਉਸਦੇ ਆਪਣੇ ਲੋਕਾਂ ਪ੍ਰਤਿ ਭਾਵਨਾ, ਨਜ਼ਰੀਆ, ਵੱਚਨਬੱਧਤਾ ਅਤੇ ਘਾਲਣਾ ਬੇਮਿਸਾਲ ਰਹੀ ਹੈ, ਜਦ ਕਿ ਦੂਜੇ ਪਾਸੇ ਬਾਦਲ ਦੀ ਸਾਰੀ ਲੜਾਈ ਧੰਨ, ਦੌਲਤ, ਸੱਤਾ ੳਤੇ ਆਪਣੇ ਪਰਿਵਾਰ ਲਈ ਸੁੱਖ ਸਹੂਲਤਾਂ ਜਟਾਉਣ ਦੀ ਰਹੀ ਹੈ। ਉਹਨਾਂ ਕਿਹਾ ਕਿ ਮੋਦੀ ਦੇ ਸ਼ਬਦ ਦੱਖਣੀ ਅਫਰੀਕਾ ਦੇ ਉਹਨਾਂ ਹਜ਼ਾਰਾਂ ਲੋਕਾਂ ਦੀ ਬੇਇੱਜ਼ਤੀ ਕਰਦੇ ਹਨ, ਜੋ ਮੰਡੇਲਾ ਦੀ ਅਗਵਾਈ ਹੇਠ ਲੜੇ।
ਉਹਨਾਂ ਕਿਹਾ ਕਿ ਮੰਡੇਲਾ ਨੇ, ਮਨੁੱਖੀ ਹੱਕਾਂ ਦੀ ਬਹਾਲੀ ਅਤੇ ਇਨਸਾਫ ਲਈ ਜੰਗ ਲੜੀ, ਜਦਕਿ ਬਾਦਲ ਤਾਂ ਮਨੁੱਖੀ ਹੱਕਾਂ ਨੂੰ ਕੁਚਲਣ, ਵੱਖਰੀਆਂ ਆਵਾਜ਼ਾਂ ਨੂੰ ਦਰੜਨ ਅਤੇ ਵਿਚਾਰਾਂ ਨੂੰ ਪੇਸ਼ ਕਰਨ ਦੀ ੳਾਜ਼ਾਦੀ ਨੂੰ ਦਬਾਉਣ ਲਈ ਬਦਨਾਮ ਹੈ। ਉਹਨਾਂ ਆਖਿਆ ਕਿ ਮੰਡੇਲਾ ਨੇ ਕਨੂੰਨ ਦਾ ਰਾਜ ਸਥਾਪਿਤ ਕਰਨ ਲਈ ਜੀਵਨ ਲਾਇਆ ਅਤੇ ਇਸ ਦੇ ਉਲਟ ਬਾਦਲ ਨੇ ਜੋ ਕੁਝ ਬਣਾਇਆ ਉਸਦਾ ਮੁਖ ਧੁਰਾ ਇਹ ਹੈ ਕਿ “ਹਾਕਮ ਦਾ ਹੁਕਮ ਹੀ ਕਨੂੰਨ ਹੈ।” ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਦੇ ਰਾਜ ਵਿੱਚ ਤਸ਼ਦੱਦ ਝੱਲ ਰਹੇ ਹਨ।
ਸ. ਧਾਮੀ ਨੇ ਬਾਦਲਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਸਮੇਤ ਹੋਰ ਪਾਰਟੀ ਕਾਰਕੁੰਨਾਂ ਨੂੰ ਝੂਠੇ ਦੋਸ਼ਾਂ ‘ਚ ਜ਼ੇਲ ਦੀਆਂ ਸਲਾਖਾਂ ਪਿਛੇ ਧੱਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲ ਨੇ ਸਿਆਸੀ-ਧਾਰਮਿਕ ਮੁਹਾਜ ਉੱਤੇ ਆਪਣੇ ਗੈਰ-ਸਿਧਾਂਤਕ ਰਵੱਈਏ ਨੂੰ ਚੁਣੌਤੀ ਦੇਣ ਵਾਲਿਆਂ ਵਿਰੁੱਧ ਖਾਕੀ ਵਰਦੀ ਦੀ ਦੁਰਵਰਤੋਂ ਕਰਨੀ ਸ਼ੁਰੂ ਕੀਤੀ ਹੋਈ ਹੈ।
ਉਹਨਾਂ ਆਖਿਆ ਕਿ ਪੁਲਿਸ ਅਜੇ ਵੀ ਦਲ ਖ਼ਾਲਸਾ ਦੇ ਨੌਜਵਾਨਾਂ ਦਾ ਪਿੱਛਾ ਕਰ ਰਹੀ ਹੈ। ਉਹਨਾਂ ਦੱਸਿਆ ਕਿ ਪਾਰਟੀ ਯੂਥ ਵਿੰਗ ਸਿੱਖ ਯੂਥ ਆਫ ਪੰਜਾਬ ਨੇ ਅੰਮ੍ਰਿਤਸਰ ਵਿੱਚ ਪੋਸਟਰ ਲਾ ਕੇ ਡੇਰਾ ਸਰਸੇ ਦੇ ਮੁਖੀ ਬਾਰੇ ਕੀਤੇ ਗਲਤ ਫੈਸਲੇ ਕਾਰਨ ਜਥੇਦਾਰਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ, ਜਿਸ ਕਾਰਨ ਬਾਦਲ ਸਰਕਾਰ ਉਹਨਾਂ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ।