ਬੇਕਰਸਫੀਲਡ (14 ਮਾਰਚ, 2011): ਰਾਜ ਭਾਗ ਤੋਂ ਬਿਨਾ ਕੋਈ ਵੀ ਕੌਮ ਹੋਂਦ ਵਿੱਚ ਰਹਿ ਨਹੀਂ ਸਕਦੀ। ਗੁਲਾਮਾਂ ਨੂੰ ਆਜ਼ਾਦੀ ਦਿਵਾਉਣ ਲਈ ਜਿਹੜੀ ਕੌਮ ਨੇ ਫਾਂਸੀਆਂ ਦੇ ਰੱਸੇ ਚੁੰਮੇ ਅਤੇ ਤਸੀਹੇ ਝੱਲਦਿਆਂ ਸ਼ਹਾਦਤਾਂ ਦਿੱਤੀਆਂ, ਆਪ ਗੁਲਾਮ ਹੈ। ਇਸ ਗੁਲਾਮੀ ਦੇ ਜੂਲੇ ਨੂੰ ਗਲੋਂ ਲਾਹੁਣ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਲੜਾਈ ਚਲਦੀ ਆ ਰਹੀ ਹੈ। ਹਕੂਮਤਾਂ ਅਤੇ ਹਕੂਮਤਾਂ ਦੇ ਦੁੰਮਛੱਲੇ ਸਰਕਾਰੀ ਵਰਦੀਆਂ ਵਿੱਚ ਕੌਮ ਨੂੰ ਮਾਰ ਮੁਕਾਉਣ ਲਈ ਪੱਬਾਂ ਭਾਰ ਰਹੇ ਹਨ। ਸਿੱਖ ਇੱਕ ਵੱਖਰੀ ਕੌਮ ਹੈ ਇਸ ਗੱਲ ਨੂੰ ਝੂਠਾ ਸਾਬਤ ਕਰਨ ਲਈ ਕੁਝ ਲੋਕਾਂ, ਜਥੇਬੰਦੀਆਂ ਵਲੋਂ ਅੱਡੀ-ਚੋਟੀ ਦਾ ਜ਼ੋਰ ਲਾਇਆ ਗਿਆ ਹੈ ਪਰ ਵਗਦੇ ਵਹਿਣਾਂ ਨੂੰ ਕੌਣ ਰੋਕ ਸਕਦਾ ਹੈ? ਅੱਜ ਦੁਨੀਆਂ ਭਰ ਵਿੱਚ ਨਾਨਕ ਨਾਮ ਲੇਵਾ ਸਿੱਖਾਂ ਨੇ ਆਪਣਾ ਨਵਾਂ ਸਾਲ ਧੂਮਧਾਮ ਨਾਲ ਮਨਾਇਆ ਅਤੇ ਸੰਗਤਾਂ ਨੇ ਹੁੰਮ-ਹੁਮਾ ਕੇ ਆਪਣੇ ਨਾਨਕਸ਼ਾਹੀ ਸਾਲ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਜੀ ਆਇਆਂ ਆਖਿਆ।
ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅੰਗਦ ਦਰਬਾਰ ਬੇਕਰਸਫੀਲਡ ਵਿਖੇ ਵੀ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਨਵਾਂ ਸਾਲ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਗੁਰਮੁਖ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ ਪ੍ਰੀਤ ਦੇ ਜਥਿਆਂ ਵਲੋਂ ਕੀਰਤਨ ਕੀਤਾ ਗਿਆ। ਭਾਈ ਕਰਨੈਲ ਸਿੰਘ ਵਲੋਂ ਕਥਾ ਵੀਚਾਰ ਉਪਰੰਤ ਨਾਭੇ ਵਾਲੀਆਂ ਬੀਬੀਆਂ ਦੇ ਜਥੇ ਵਲੋਂ ਗੁਰ ਇਤਿਹਾਸ ਨਾਲ ਜੋੜਿਆ ਗਿਆ। ਸ. ਮਨਜੀਤ ਸਿੰਘ ਜੌਹਲ ਵਲੋਂ ਸਟੇਜ ਦੀ ਸੇਵਾ ਨਿਭਾਈ ਗਈ ਅਤੇ ਪ੍ਰਧਾਨ ਸ. ਸੁਖਵੀਰ ਸਿੰਘ ਸੰਧੂ, ਛਿੰਦਾ ਉ¤ਪਲ, ਸ. ਅਜੀਤ ਸਿੰਘ ਬਸਰਾ ਅਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਸਮੂਹ ਸਾਧ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਗਈ। ਨਵੇਂ ਸਾਲ ਚੜ੍ਹਨ ਤੱਕ ਸੰਗਤਾਂ ਵਲੋਂ ਸਿਮਰਨ ਕੀਤਾ ਗਿਆ ਅਤੇ ਅਰਦਾਸ ਨਾਲ ਸਮਾਪਤੀ ਹੋਈ।