ਹੁਸ਼ਿਆਰਪੁਰ (12 ਮਾਰਚ, 2015): ਸਿੱਖ ਜੱਥੇਬੰਦੀ ਦਲ ਖਾਲਸਾ ਦੀ ਮੀਟਿੰਗ ਜੱਥੇਬੰਦੀ ਦੇ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ। ਪ੍ਰੈਸ ਨੂੰ ਜ਼ਾਰੀ ਬਿਆਨ ਵਿੱਚ ਦਲ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਮੀਟਿੰਗ ਵਿੱਚ ਸਿੱਖ ਕੌਮ ਦੇ ਮੌਜੂਦਾ ਰਾਜਸੀ ਤੇ ਧਾਰਮਿਕ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਭਵਿੱਖਤ ਵਿਉਤਬੰਦੀ ‘ਤੇ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਤਖਤ ਸਾਹਿਬਾਨਾਂ ਦੇ ਜੱਥੇਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਪਰਵਾਹੀ ਅਤੇ ਪੱਖਪਾਤੀ ਢੰਗ ਨਾਲ ਸੰਤ ਸਮਾਜ ਦੇ ਦਬਾਅ ਅਧੀਨ ਸਿੱਖ ਸਿਧਾਂਤਾਂ ਨੂੰ ਦਰਕਿਨਾਰ ਕਰਦਿਆਂ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਵਿੱਚ ਤਬਦੀਲ ਕਰਨ ਦਾ ਵਿਰੋਧ ਕੀਤਾ।ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਨਿਆਰੀ ਹਸਤੀ ਦਾ ਪ੍ਰਤੀਕ ਹੈ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਵਿੱਚ ਤਬਦੀਲ ਕਰਨ ‘ਤੇ ਤੁਲੇ ਹੋਏ ਵਿਅਕਤੀ ਕੌਮ ਦੇ ਨਿਆਰੇਪਨ ਦੇ ਦੁਸ਼ਮਣ ਹਨ।
ਉਨਾਂ ਕਿਹਾ ਕਿ ਕੈਲੰਡਰ ਮਸਲੇ ਨੂੰ ਹੱਲ ਕਰਨ ਲਈ ਬਣਾਈ ਗਈ ਕਮੇਟੀ ਰੱਦ ਕਰਦਿਆਂ ਕਿਹਾ ਕਿ ਇਹ ਇੱਕ ਪੱਖੀ ਹੈ ਅਤੇ ਇਹ ਅੱਖਾਂ ਪੁੰਝਣ ਤੋਂ ਸਿਵਾ ਕੁਝ ਨਹੀਂ।
ਉਨ੍ਹਾਂ ਨੇ ਸ੍ਰੀ ਅਕਾਲ ਤਖਤ ਦੀ ਪ੍ਰਭੂਸਤਾ ਨੂੰ ਸਮਰਪਿਤ ਸਿੱਖ ਜੱਥੇਬੰਦੀਆਂ ਨੂੰ ਬੇਨਤੀ ਕੀਤੀ ਕਿ ਸਿੱਖ ਕਾਜ਼ ਨੂੰ ਨੁਕਸਾਨ ਪਹੁੰਚਾਣ ਵਾਲੀ ਭ੍ਰਿਸ਼ਟ ਜਮਾਤ ਨੂੰ ਸ਼੍ਰੋਮਣੀ ਕਮੇਟੀ ਵਿੱਚੋਂ ਕੱਢਣ ਲਈ ਆਉਦੀਆਂ ਚੋਣਾਂ ਵਿੱਚ ਇੱਕ ਮੰਚ ‘ਤੇ ਇਕੱਠੀਆਂ ਹੋਣ।
ਪੰਜਾਬ ਦੀਆਂ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਦਿਆਂ ਜੱਥੇਬੰਦੀ ਨੇ ਕਿਹਾ ਕਿ ਜੇਲਾਂ ਵਿੱਚ ਬੰਦ ਸਿੱਖ, ਕੌਮ ਦੇ ਹੀਰੇ ਹਨ ਅਤੇ ਉਨ੍ਹਾਂ ਵਿੱਚ ਕੋਈ ਵੀ ਜ਼ਰਾਇਮ ਪੇਸ਼ਾ ਨਹੀਂ ।
ਮੀਟਿੰਗ ਵਿੱਚ ਜੰਮੂ ਕਸ਼ਮੀਰ ਦੀ ਨਵ-ਗਠਿਤ ਸਰਕਾਰ ਵੱਲੋਂ ਕਸ਼ਮੀਰੀ ਅਜ਼ਾਦੀ ਘੁਲਾਟੀਏ ਅਤੇ ਹੁਰੀਅਤ ਆਗੂ ਮਸੱਰਤ ਆਲਮ ਦੀ ਰਿਹਾਈ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਭਾਰਤੀ ਪਾਰਲੀਮੈਂਟ ਵਿੱਚ ਇਸਤੇ ਪਾਈ ਜਾ ਰਹੀ ਕਾਂਵਾਰੌਲੀ ਨੂੰ ਫਿਰਕੂਪਣੇ ਦਾ ਮੁਜ਼ਾਹਰਾ ਦੱਸਿਆ।
ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਉਹ ਅਜ਼ਾਦੀ ਦੀ ਲੜਾਈ ਨੂੰ ਤਾਕਤਵਰ ਬਣਾਉਣ ਲਈ ਵਚਨਬੱਧ ਹਨ ਅਤੇ ਇਸ ਲਈ ਉਹ ਸਾਰੀਆਂ ਹਨ ਖਿਆਲੀ ਸਾਰੀਆਂ ਪਾਰਟੀਆਂ ਨੂੰ ਇੱਕੋ ਮੰਚ ‘ਤੇ ਵੇਖਣਾ ਚਾਹੁੰਦੇ ਹਨ।
ਹੋਰਨਾ ਤੋ ਇਲਾਵਾ ਮੀਟਿੰਗ ਵਿੱਚ ਸਤਨਾਮ ਸਿੰਘ ਪਾਉਂਟਾ ਸਾਹਿਬ, ਡਾ. ਮਨਜਿੰਦਰ ਸਿੰਘ, ਰਣਬੀਰ ਸਿੰਘ, ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਹਾਜ਼ਰ ਸਨ।