March 13, 2015 | By ਸਿੱਖ ਸਿਆਸਤ ਬਿਊਰੋ
ਬਠਿੰਡਾ (12 ਅਪ੍ਰੈਲ, 2015): ਨਾਨਕਸ਼ਾਹੀ ਕੈਲੰਡਰ ਦੇ ਮਸਲੇ ‘ਤੇ ਭਾਈ ਪੰਥਪ੍ਰੀਤ ਸਿੰਘ ਜੀ ਨੇ ਕਿਹਾ ਕਿ ਜਿਹੜੇ ਸਿੱਖ ਰਹਿਤ ਮਰਯਾਦਾ ਨਹੀਂ ਮੰਨਦੇ ਉਹ ਕਦੀ ਵੀ ਨਾਨਕਸ਼ਾਹੀ ਕੈਲੰਡਰ ਦੇ ਮਸਲੇ ’ਤੇ ਸਮੁੱਚੇ ਪੰਥ ਦੀ ਭਾਵਨਾ ਅਨੁਸਾਰ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਲਈ ਸਹਿਮਤ ਨਹੀਂ ਹੋ ਸਕਦੇ।
ਉਨ੍ਹਾਂ ਕਿਹਾ ਜਿਸ ਤਰ੍ਹਾਂ ਦੋ ਤਖ਼ਤਾਂ ਅਤੇ ਡੇਰੇਦਾਰਾਂ ਦੇ ਡੇਰਿਆਂ ’ਤੇ ਲਾਗੂ ਰਹਿਤ ਮਰਯਾਦਾ ਵਿੱਚ ਗੁਰਮਤਿ ਘੱਟ ਅਤੇ ਬਿਪ੍ਰਵਾਦਵੱਧ ਹੁੰਦਾ ਹੈ ਉਸੇ ਤਰ੍ਹਾਂ ਇਹ ਚਾਹੁੰਦੇ ਹਨ ਕਿ ਬਿਪ੍ਰਵਾਦੀ ਸੋਚ ਅਨੁਸਾਰ ਸਿੱਖਾਂ ਨੂੰ ਸੰਗਰਾਂਦਾਂ, ਮੱਸਿਆ ਅਤੇ ਪੂਰਨਮਾਸ਼ੀਆਂ ਦਾ ਸ਼੍ਰਧਾਲੂ ਬਣਾ ਕੇ ਸਿੱਖਾਂ ਦੇ ਨਿਆਰੇਪਨ ’ਤੇ ਪ੍ਰਸ਼ਨ ਲੱਗਿਆ ਰਹੇ ਤਾਂ ਕਿ ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਕਰਵਾ ਕੇ ਸਿੱਖ ਵੱਖਰੀ ਕੌਮ ਦੀ ਕੀਤੀ ਜਾ ਰਹੀ ਮੰਗ ਦਾ ਪ੍ਰਭਾਵ ਖਤਮ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਲਈ ਜਥੇਦਾਰ ਅਕਾਲ ਤਖ਼ਤ ਨੂੰ ਚਾਹੀਦਾ ਹੈ ਕਿ ਪੰਥ ਵਿੱਚ ਸਿਧਾਂਤਕ ਏਕਤਾ ਲਈ ਅਤੇ ਸਿੱਖ ਪੰਥ ਦੇ ਨਿਆਰੇਪਨ ਦੀ ਹੋਂਦ ਬਚਾਉਣ ਲਈ ਪਹਿਲਾਂ ਉਹ ਪੰਜਾਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਤਖ਼ਤਾਂ ’ਤੇ ਸਿੱਖ ਰਹਿਤ ਮਰਯਾਦਾ ਲਾਗੂ ਕਰਵਾਉਣ।
ਭਾਈ ਪੰਥਪ੍ਰੀਤ ਸਿੰਘ ਜੀ ਨੇ ਸੁਝਾਉ ਦਿੱਤਾ ਕਿ ਨਾਨਕਸ਼ਾਹੀ ਕੈਲੰਡਰ ਵਿਵਾਦ ਦਾ ਸਹੀ ਹੱਲ ਇਹ ਹੈ ਕਿ 2003 ਵਾਲਾ ਨਾਨਕਸ਼ਾਹੀ ਕੈਲੰਡਰ ਫੌਰੀ ਤੌਰ ’ਤੇ ਬਹਾਲ ਕੀਤਾ ਜਾਵੇ ਕਿਉਂਕਿ ਇਸ ਦੇ ਲਾਗੂ ਹੋਣ ਸਮੇਂ ਸਾਰੀਆਂ ਪੰਥਕ ਅਤੇ ਸੰਵਿਧਾਨਕ ਮਰਯਾਦਾਵਾਂ/ਕਿਰਿਆਵਾਂ ਪੂਰੀਆਂ ਕੀਤੀਆਂ ਗਈਆਂ ਸਨ।
ਜੇ ਇਸ ਵਿੱਚ ਕਿਸੇ ਧਿਰ ਵੱਲੋਂ ਸੋਧ ਦੀ ਮੰਗ ਕੀਤੀ ਜਾਂਦੀ ਹੈ ਉਸ ਦੇ ਸੁਝਾਵਾਂ ਸਬੰਧੀ ਵੀਚਾਰ ਕਰਨ ਲਈ ਕੇਵਲ ਬਿਕ੍ਰਮੀ ਕੈਲੰਡਰ ਦੇ ਹਾਮੀ ਡੇਰੇਦਾਰਾਂ ਦੀ ਨਹੀਂ ਬਲਕਿ ਦੋਵਾਂ ਧਿਰਾਂ ਦੇ ਬਰਾਬਰ ਦੀ ਗਿਣਤੀ ਵਿੱਚ ਕੈਲੰਡਰ ਦੇ ਮਾਹਰ ਵਿਦਵਾਨਾਂ ਦੀ ਇਕ ਕਮੇਟੀ ਬਣਾਈ ਜਾਵੇ ਜਿਨ੍ਹਾਂ ਦੀਆਂ ਮੀਟਿੰਗਾਂ ਸਾਬਕਾ ਜਸਟਿਸ ਕੁਲਦੀਪ ਸਿੰਘ ਵਰਗੀ ਦਿਆਨਤਦਾਰ ਸੋਚ ਵਾਲੀ ਅਤੇ ਸਿੱਖ ਮਸਲਿਆਂ ਨਾਲ ਲਗਾਉ ਰੱਖਣ ਵਾਲੀ ਸਖ਼ਸ਼ੀਅਤ ਦੀ ਦੇਖ ਰੇਖ ਹੇਠ ਹੋਣ।
ਉਨ੍ਹਾਂ ਕਿਹਾ ਕਿ ਕਮੇਟੀ ਵੀਚਾਰ ਸਿਰਫ ਉਨ੍ਹਾਂ ਸੁਝਾਵਾਂ ’ਤੇ ਹੀ ਕਰੇ ਜਿਹੜੇ ਸਿੱਖ ਰਹਿਤ ਮਰਯਾਦਾ ਮੰਨਣ ਵਾਲੀਆਂ ਧਿਰਾਂ ਵੱਲੋਂ ਆਉਣ। ਜਦ ਤੱਕ ਇਹ ਕਮੇਟੀ ਗੁਰਬਾਣੀ, ਸਿੱਖ ਇਤਿਹਾਸ, ਅਤੇ ਕੈਲੰਡਰ ਵਿਗਿਆਨ ’ਤੇ ਪੂਰੀਆਂ ਉਤਰਨ ਵਾਲੀਆਂ ਸੋਧਾਂ ਸਰਬ ਸੰਮਤੀ ਜਾਂ ਦੋ ਤਿਹਾਈ ਬਹੁਸੰਮਤੀ ਨਾਲ ਪ੍ਰਵਾਨ ਨਹੀਂ ਕਰਦੀ ਉਨਾਂ ਚਿਰ 2003 ਵਾਲਾ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਰਹਿਣਾ ਚਾਹੀਦਾ ਹੈ।
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਉਪ੍ਰੋਕਤ ਢੰਗ ਤਰੀਕਾ ਅਪਨਾਉਣ ਤੋਂ ਬਿਨਾ ਬਣਾਈ ਗਈ ਇੱਕ ਪਾਸੜ ਸੋਚ ਵਾਲੀ ਕਮੇਟੀ ਤੋਂ ਕੋਈ ਆਸ ਨਹੀਂ ਹੈ ਕਿ ਇਹ ਸਿੱਖ ਪੰਥ ਦੀਆਂ ਭਾਵਨਾਵਾਂ ਅਨੁਸਾਰ ਕੋਈ ਫੈਸਲਾ ਲਵੇ, ਇਸ ਲਈ ਇਸ ਕਮੇਟੀ ਨੂੰ ਗੁਰਮਤਿ ਸੇਵਾ ਲਹਿਰ ਸੰਸਥਾ ਅਤੇ ਹੋਰ ਜਾਗਰੂਕ ਧਿਰਾਂ ਵੱਲੋਂ ਅਸੀਂ ਪੂਰਨ ਤੌਰ ’ਤੇ ਰੱਦ ਕਰਦੇ ਹਾਂ।
Related Topics: Bhai Panthpreet Singh Khalsa, Nanakshahi Calender Issue