ਸਿੱਖ ਖਬਰਾਂ

ਨਾਨਕਸ਼ਾਹੀ ਕੈਲੰਡਰ ਮਾਮਲਾ: ਕਰਨੈਲ ਸਿੰਘ ਪੰਜੋਲੀ ਸਮੇਤ ਕਈ ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਨੰਦਗੜ੍ਹ ਦੀ ਹਮਾਇਤ ‘ਚ ਖੜੇ ਹੋਏ

By ਸਿੱਖ ਸਿਆਸਤ ਬਿਊਰੋ

January 05, 2015

ਪਟਿਆਲਾ (4 ਜਨਵਰੀ, 2015): ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਦ੍ਰਿੜ ਸਟੈਂਡ ਲੈਣ ਵਾਲੇ ਅਤੇ ਬਾਦਲ ਦਲ ਅਤੇ ਸੰਤ ਸਮਾਜ ਦੀ ਨਰਾਜ਼ਗੀ ਦਾ ਸਾਹਮਣਾ ਕਰ ਰਹੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਹੱਕ ਵਿੱਚ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ।

ਐਸ.ਜੀ.ਪੀ.ਸੀ. ਦੇ ਐਗਜ਼ੈਕਟਿਵ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਜਥੇਦਾਰ ਨੰਦਗੜ੍ਹ ਵਿਰੁੱਧ ਕੁਝ ਮੈਂਬਰਾਂ ਅਤੇ ਕੁਝ ਲੋਕਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਮੰਦਭਾਗੀ ਦੱਸਿਆ ਤੇ ਕਿਹਾ ਕਿ ਜਥੇਦਾਰ ਨੰਦਗੜ੍ਹ ਬਿਲਕੁਲ ਸਹੀ ਪੱਖ ਰੱਖ ਰਹੇ ਹਨ ਕਿ 2003 ਵਿੱਚ ਜਾਰੀ ਕੀਤਾ ਨਾਨਕਸ਼ਾਹੀ ਕੈਲੰਡਰ ਬਿਲਕੁਲ ਹੀ ਸਹੀ ਹੈ, ਜਿਸ ਨੂੰ ਪੂਰੇ ਵਿਸ਼ਵ ਦੇ ਸਿੱਖਾਂ ਨੇ ਪ੍ਰਵਾਨ ਕਰ ਲਿਆ ਸੀ। ਇਸ ਮੁੱਦੇ ਨੂੰ ਲੈ ਕੇ ਜਥੇਦਾਰ ਨੰਦਗੜ੍ਹ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਬੇਤੁਕੀ ਹੈ।

ਇਕ ਹੋਰ ਐਗਜ਼ੈਕਟਿਵ ਨਿਰਮੈਲ ਸਿੰਘ ਜੌਲਾ ਨੇ ਕਿਹਾ ਕਿ ਜਥੇਦਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਸਲੇ ਦਾ ਹੱਲ ਕੱਢਣ ਨਾ ਕਿ ਜਥੇਦਾਰ ਨੰਦਗੜ੍ਹ ਖਿਲਾਫ ਬਿਆਨਬਾਜ਼ੀ ਸ਼ੁਰੂ ਹੋ ਜਾਵੇ।

ਮੈਂਬਰ ਐਸ.ਜੀ.ਪੀ.ਸੀ. ਜਸਮੇਰ ਸਿੰਘ ਲਾਛੜੂ, ਜਰਨੈਲ ਸਿੰਘ ਕਰਤਾਰਪੁਰ, ਹਰਦੀਪ ਕੌਰ ਖੋਖ, ਕੁਲਦੀਪ ਸਿੰਘ ਨਾਸੂਪੁਰ ਨੇ ਵੀ ਜਥੇਦਾਰ ਨੰਦਗੜ੍ਹ ਦੇ ਪੱਖ ਵਿੱਚ ਨਿੱਤਰਦਿਆਂ ਕਿਹਾ ਕਿ ਉਹ ਨਾਨਕਸ਼ਾਹੀ ਕੈਲੰਡਰ ਦੇ ਪੱਖ ਵਿੱਚ ਹਨ ਅਤੇ ਇਹ ਵਿਵਾਦ ਬੇਲੋੜਾ ਹੈ। ਉਨ੍ਹਾਂ ਕਿਹਾ, ‘‘ਆਰ.ਐਸ. ਐਸ. ਵਰਗੀ ਜਥੇਬੰਦੀ, ਜਿਸ ’ਤੇ ਦੋਸ਼ ਹੈ ਕਿ ਉਹ ਨਾਨਕਸ਼ਾਹੀ ਕੈਲੰਡਰ ਲਾਗੂ ਨਹੀਂ ਕਰਾਉਣਾ ਚਾਹੁੰਦੀ, ਦੀ ਹਮਾਇਤ ਕੁਝ ਲੋਕ ਕਰ ਰਹੇ ਹਨ, ਜੋ ਗਲਤ ਹੈ।

ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਦਾ ਕੋਈ ਹੱਲ ਕੱਢਣ ਤਾਂ ਕਿ ਸਿੱਖ ਸੰਗਤ ਭੰਬਲਭੂਸੇ ਤੋਂ ਬਚ ਸਕੇ।’’ ਸ਼੍ਰੋਮਣੀ ਕਮੇਟੀ ਦੇ ਬਜ਼ੁਰਗ ਮੈਂਬਰ ਸਵਿੰਦਰ ਸਿੰਘ ਸੱਭਰਵਾਲ ਨੇ ਕਿਹਾ ਕਿ ਨਾ ਸੰਮਤ ਅਤੇ ਨਾ ਹੀ ਬਿਕਰਮੀ ਕੈਲੰਡਰ ਵਰਤਿਆ ਜਾਵੇ, ਸਗੋਂ ਸੋਧਾਂ ਕਰਕੇ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਕੀਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: