ਅੰਮਿ੍ਤਸਰ (26 ਨਵੰਬਰ, 2014): ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਤਰੀਕਾਂ ਬਦਲਣ ਦੇ ਮਾਮਲੇ ‘ਤੇ ਟਿੱਪਣੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਪਹਿਲਾਂ ਤਾਂ ਬਿਨਾਂ ਮਾਹਿਰਾਂ ਦੇ ਪੰਜ ਸਿੰਘ ਸਾਹਿਬਾਨ ਮਰਜ਼ੀ ਅਨੁਸਾਰ ਕੈਲੰਡਰ ‘ਚ ਸੋਧ ਦਾ ਫੈਸਲਾ ਲੈਂਦੇ ਹਨ ਅਤੇ ਬਾਅਦ ‘ਚ ਇਹ ਫੈਸਲਾ ਪਲਟਣ ਲਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਜਰੂਰੀ ਨਹੀਂ ਸਮਝੀ ਜਾਂਦੀ।
ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਅੱਜ ਕਿਹਾ ਕਿ ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਮੂਲ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਵਿਲੱਖਣ ਹੋਂਦ ਦਾ ਪ੍ਰਤੀਕ ਹੈ ਪਰ ਅਫਸੋਸ ਕਿ ਇਸਨੂੰ ਖਤਮ ਕਰਨ ਲਈ ਯਤਨਸ਼ੀਲ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਢਾਹ ਲਾਉਣ ਦੀ ਭੁੱਲ ਵੀ ਕਰ ਰਹੇ ਹਨ ।
ਅੱਜ ਇਥੇ ਗੱਲਬਾਤ ਕਰਦਿਆਂ ਗਿਆਨੀ ਵੇਦਾਂਤੀ ਨੇ ਦੱਸਿਆ ਕਿ ਸਾਲ 2010 ‘ਚ ਸੋਧਾਂ ਦੇ ਨਾਂਅ ‘ਤੇ ਕੈਲੰਡਰ ਦੀ ਰੂਹ ਦਾ ਕਤਲ ਕੀਤਾ ਗਿਆ, ਭਾਵੇਂ ਸਾਲ 2003 ਤੋਂ 2010 ਤੱਕ ਉਸਨੇ ਕੌਮ ਦਾ ਕੋਈ ਵੀ ਧਾਰਮਿਕ, ਸਿਧਾਂਤਕ ਜਾਂ ਰਾਜਨੀਤਕ ਨੁਕਸਾਨ ਨਹੀਂ ਕੀਤਾ ਸੀ।
ਜਥੇਦਾਰ ਵੇਦਾਂਤੀ ਨੇ ਕਿਹਾ ਕਿ ਜੇਕਰ ਕੈਲੰਡਰ ‘ਚ ਕੋਈ ਕਮੀ ਸੀ ਤਾਂ ਇਸ ਲਈ ਮਾਹਿਰ ਸ: ਪੁਰੇਵਾਲ ਦੀ ਸਲਾਹ ਲੈਣੀ ਲਾਜ਼ਮੀ ਬਣਦੀ ਸੀ।
ਉਨ੍ਹਾਂ ਮੰਗ ਕੀਤੀ ਕਿ ਜੇਕਰ ਕੈਲੰਡਰ ਗੈਰ ਵਾਜ਼ਿਬ ਸੀ ਤਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਾਲ 2003 ‘ਚ ਨਾਨਕਸ਼ਾਹੀ ਕੈਲੰਡਰ ਸੰਗਤ ਨੂੰ ਅਰਪਣ ਕਰਦਿਆਂ, ਸ੍ਰੀ ਅਕਾਲ ਤਖਤ ਸਾਹਿਬ ਦੇ ਤੱਤਕਾਲੀਨ ਜਥੇਦਾਰ ਅਤੇ ਨਾਨਕਸਾਹੀ ਕੈਲੰਡਰ ਦੀ ਤਿਆਰੀ ਨਾਲ ਸਬੰਧਿਤ ਹੋਰ ਸਿੱਖ ਸ਼ਖਸ਼ੀਅਤਾਂ ਦੀ ਸ਼ਾਨ ‘ਚ ਪੜ੍ਹੇ ਗਏ ਕਸੀਦੇ ਅਤੇ ਦਿੱਤੇ ਗਏ ਮਾਣ ਸਨਮਾਨ ਵਾਪਸ ਲਏ ਜਾਣ।