Site icon Sikh Siyasat News

ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਵਿੱਚ ਸੰਗਤਾਂ ਦੀ ਸ਼ਮੂਲੀਅਤ ਘਟੀ; ਜਥੇਦਾਰ ਵੀ ਰਹੇ ਗੈਰ ਹਾਜਿਰ

ਅੰਮ੍ਰਿਤਸਰ ਸਾਹਿਬ: ਕੱਲ੍ਹ ਸ੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਨਵੇਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ।ਨਗਰ ਕੀਰਤਨ ਵਿੱਚੋਂ ਜਿੱਥੇ ਜਥੇਦਾਰ ਅਕਾਲ ਤਖ਼ਤ ਸਾਹਿਬ ਗੈਰ ਹਾਜਿਰ ਰਹੇ, ਉਸ ਦੇ ਨਾਲ ਹੀ ਸੰਗਤਾਂ ਦੀ ਸ਼ਮੂਲੀਅਤ ਵਿੱਚ ਵੀ ਵੱਡਾ ਘਾਟਾ ਵੇਖਣ ਨੂੰ ਮਿਲਿਆ।

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਜਾਇਆ ਗਿਆ ਨਗਰ ਕੀਰਤਨ

ਇਸ ਵਾਰ ਨਗਰ ਕੀਰਤਨ ਵਿੱਚ ਪਹਿਲਾਂ ਦੇ ਮੁਕਾਬਲੇ ਸ਼ਹਿਰ ਦੀਆਂ ਧਾਰਮਿਕ ਸਭਾ ਸੁਸਾਇਟੀਆਂ, ਸ਼ਬਦੀ ਜਥਿਆਂ ਅਤੇ ਗੱਤਕਾ ਅਖਾੜਿਆਂ ਦੀ ਹਾਜਰੀ ਘੱਟ ਵੇਖੀ ਗਈ।ਇਸ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਐਸ.ਜੀ.ਪੀ.ਸੀ ਖਿਲਾਫ ਸਿੱਖ ਸੰਗਤਾਂ ਵਿੱਚ ਪੈਦਾ ਹੋਏ ਰੋਹ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੱਲੋਂ ਪ੍ਰਕਾਸ਼ ਦਿਹਾੜਾ 9 ਅਕਤੂਬਰ ਨੂੰ ਮਨਾ ਲਏ ਜਾਣ ਨੂੰ ਮੰਨਿਆ ਜਾ ਰਿਹਾ ਹੈ।

ਨਗਰ ਕੀਰਤਨ ਦੀ ਅਰੰਭਤਾ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਹੋਈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁੰਦਰ ਪਾਲਕੀ ਵਿੱਚ ਸਜਾਇਆ ਗਿਆ ਸੀ ਅਤੇ ਤਾਬਿਆ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿ. ਜਗਤਾਰ ਸਿੰਘ ਸੇਵਾ ਨਿਭਾਅ ਰਹੇ ਸਨ।

ਗਲਤ ਫੈਂਸਲਿਆਂ ਤੋਂ ਬਾਅਦ ਸਮਾਗਮਾਂ ਤੋਂ ਕਿਨਾਰਾ ਕਰ ਚੁੱਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨਗਰ ਕੀਰਤਨ ਤੋਂ ਪਹਿਲਾਂ ਦਰਬਾਰ ਸਾਹਿਬ ਸਮੂਹ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਪਛਚਾਤਾਪ ਵਜੋਂ ਕਰਵਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਦੀ ਅਰਦਾਸ ਵਿੱਚ ਵੀ ਸ਼ਾਮਿਲ ਨਹੀਂ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version