ਨਾਭਾ (13 ਦਸੰਬਰ, 2009) : ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ੍ਹ ਵਿੱਚ ਨਜ਼ਰਬੰਦ ਸਿੰਘ ਲੁਧਿਆਣਾ ਗੋਲੀ ਕਾਂਡ ਦੀ ਘਟਨਾ ਤੋਂ ਕਾਫੀ ਚਿੰਤਤ ਹਨ। ਨਜ਼ਰਬੰਦ ਸਿੰਘਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਅਕਾਲੀ ਸਰਕਾਰ ਦੇ ਕਹਿਣ ਉਪਰ ਹੀ ਪੁਲਿਸ ਨੂੰ ਸ਼ਾਂਤਮਈ ਅਤੇ ਨਿਹੱਥੇ ਸਿੰਘਾਂ ਉਂਪਰ ਗੋਲੀ ਚਲਾਈ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਕਾਂਡ ਨਾਲ ਬਾਦਲ ਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲੁਧਿਆਣੇ ਸ਼ਹਿਰ ’ਚ ਪੰਥੀ ਵਿਰੋਧੀ ਅਤੇ ਸਿੱਖ ਗੁਰੂ ਸਾਹਿਬਾਨਾਂ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਨੂਰਮਹਿਲੀਏ ਆਸ਼ੂਤੋਸ਼ ਦੇ ਸਮਾਗਮ ਦੇ ਵਿਰੋਧ ’ਚ ਸ਼ਾਂਤਮਈ ਰੋਸ ਮਾਰਚ ਕਰਦੇ ਹੋਏ ਸਿੰਘਾਂ ਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ, ਜਿਸ ਵਿੱਚ ਭਾਈ ਦਰਸ਼ਨ ਸਿੰਘ ਲੁਹਾਰਾ ਜੀ ਸ਼ਹੀਦ ਹੋ ਗਏ ਅਤੇ ਦਰਜਨਾਂ ਸਿੰਘ ਸਖਤ ਜ਼ਖਮੀ ਹਨ।
ਨਾਭਾ ਦੇ ਨਜ਼ਰਬੰਦਾਂ ਵੱਲੋਂ ਇੱਕ ਬਿਆਨ ਜਾਰੀ ਕਰਦੇ ਹੋਏ ਨਜ਼ਰਬੰਦ ਆਗੂ ਭਾਈ ਅਮੋਲਕ ਸਿੰਘ (ਮੈਕਸੀਮਮ ਸਕਿਉਰਟੀ ਜੇਲ੍ਹ ਨਾਭਾ) ਨੇ ਕਿਹਾ ਕਿ 31 ਸਾਲ ਬਾਅਦ ਬਾਦਲ ਨੇ ਫਿਰ ਸਿੱਖ ਕੌਮ ਨੂੰ ਉਹ ਸਮਾਂ ਯਾਦ ਕਰਵਾ ਦਿੱਤਾ ਹੈ, ਜਦੋਂ ਅੰਮ੍ਰਿਤਸਰ ਵਿੱਚ ਬਾਦਲ ਦੀ ਸ਼ਹਿ ਤੇ ਨਰਕ ਧਾਰੀਆਂ ਵੱਲੋਂ ਅਖੰਡ ਕੀਰਤਨੀ ਜਥੇ ਅਤੇ ਦਮਦਮੀ ਟਕਸਾਲ ਦੇ 13 ਸਿੰਘਾਂ ਨੂੰ ਸ਼ਹੀਦ ਅਤੇ 78 ਸਿੰਘ ਜ਼ਖਮੀ ਕਰ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਨੇ ਸਮੁੱਚੇ ਪੰਥ ਦੀ ਵਿਰੋਧਤਾ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਅਤੇ ਪੰਥ ਵਿਰੋਧੀ ਆਸ਼ੂਤੋਸ਼ ਦੇ ਸਮਾਗਮ ਕਰਵਾ ਕੇ ਪੰਥ ਦੀ ਪਿੱਠ ਵਿੱਚ ਛੁਰਾ ਮਾਰ ਕੇ ਸਮੁੱਚੇ ਪੰਥ ਨਾਲ ਗਦਾਰੀ ਕੀਤੀ ਹੈ। ਇਸ ਲਈ ਖਾਲਸਾ ਪੰਥ ਇਸ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ।
ਬਾਦਲ ਦੇ ਰਾਜਕਾਲ ਦੌਰਾਨ 1978 ਵਿੱਚ ਨਕਸਲੀ ਲਹਿਰ ਦੇ ਨਾਂ ਉੱਪਰ ਸਿੱਖ ਨੌਜਵਾਨ ਕਤਲ ਕੀਤੇ ਗਏ। ਹੁਣ ਸਿਰਸੇ ਵਾਲੇ ਸਾਧ ਅਤੇ ਹੋਰ ਨਕਲੀ ਸਾਧਾਂ ਨੂੰ ਖੁਸ਼ ਕਰਨ ਲਈ ਸਿੱਖ ਜਵਾਨੀ ਨੂੰ ਕਤਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਨੇ ਆਪਣੇ ਫਰਜੰਟ ਦੀ ਕੁਰਸੀ ਪੱਕੀ ਕਰਨ ਵਾਸਤੇ ਹਮੇਸ਼ਾ ਪੰਥ ਵਿਰੋਧੀ ਸ਼ਕਤੀਆਂ ਦੀ ਹੀ ਪਿੱਠ ਠੋਕੀ ਹੈ। ਉਨ੍ਹਾਂ ਕਿਹਾ ਕਿ ਸਮੇਂ ਜ਼ਰੂਰਤ ਹੈ ਕਿ ਪੰਥ ਨਾਲ ਹਮਦਰਦੀ ਰੱਖਣ ਵਾਲੀਆਂ ਸਾਰੀਆਂ ਜਥੇਬੰਦੀਆਂ ਆਪਣੇ ਛੋਟੇ ਮੋਟੇ ਗਿਲੇ ਸ਼ਿਕਵੇ ਭੁੱਲਾ ਕੇ ਇੱਕ ਪਲੇਟ ਫਾਰਮ ਤੇ ਇਕੱਠੀਆਂ ਹੋ ਜਾਣ, ਤਾਂ ਕਿ ਬਾਦਲ ਪਰਵਾਰ ਦੇ ਗਲਬੇ ਤੋਂ ਪੰਥ ਨੂੰ ਆਜ਼ਾਦ ਕਰਵਾਇਆ ਜਾ ਸਕੇ।