ਨਾਭਾ: ਨਾਭਾ ਜੇਲ੍ਹ ਬ੍ਰੇਕ ਕੇਸ ਦੀ ਸਾਜ਼ਿਸ਼ ਵਿੱਚ ਸ਼ਾਮਲ ਛੇ ਵਿਅਕਤੀਆਂ ਨੂੰ ਕੱਲ੍ਹ ਨਾਭਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰਿਆਂ ਦਾ ਪੁਲਿਸ ਰਿਮਾਂਡ ਖ਼ਤਮ ਕਰਦਿਆਂ 26 ਦਸੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਨਾਭਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਨਾਭਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਬੀਤੀ 27 ਨਵੰਬਰ ਨੂੰ ਸਵੇਰੇ ਕਰੀਬ 9 ਵਜੇ ਹਥਿਆਰਬੰਦ ਹਮਲਾਵਰ ਪੁਲਿਸ ਦੀ ਵਰਦੀ ਵਿੱਚ ਆਏ ਸਨ ਤੇ ਆਪਣੇ ਛੇ ਸਾਥੀਆਂ ਨੂੰ ਛੁਡਾ ਕੇ ਲੈ ਗਏ ਸਨ। ਇਸ ਤੋਂ ਬਾਅਦ ਪੁਲਿਸ ਨੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫਤਾਰ ਵਿਅਕਤੀਆਂ ਵਿੱਚੋਂ ਰਾਜਵਿੰਦਰ ਸਿੰਘ ਉਰਫ਼ ਲਾਟੂ ਨੂੰ ਛੱਡ ਕੇ ਕੱਲ੍ਹ ਪਲਵਿੰਦਰ ਸਿੰਘ ਪਿੰਦਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ, ਬਿੱਕਰ ਸਿੰਘ, ਭੀਮ ਸਿੰਘ, ਜਗਮੀਤ ਸਿੰਘ ਅਤੇ ਤੇਜਿੰਦਰ ਸ਼ਰਮਾ ਨੂੰ ਡੀ.ਐਸ.ਪੀ. ਨਾਭਾ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਕੋਤਵਾਲੀ ਇੰਚਾਰਜ ਰਾਜੇਸ਼ ਸ਼ਰਮਾ ਨੇ ਜੱਜ ਪੈਮਲਪ੍ਰੀਤ ਗਰੇਵਾਲ ਦੀ ਅਦਾਲਤ ਵਿੱਚ ਪੇਸ਼ ਕੀਤਾ।
ਸਬੰਧਤ ਖ਼ਬਰ: ਜੇਲ੍ਹ ਬ੍ਰੇਕ ‘ਚ ਮਦਦ ਕਰਨ ਵਾਲਾ ਪਲਵਿੰਦਰ ਸਿੰਘ ਸ਼ਾਮਲੀ (ਯੂ.ਪੀ.) ਤੋਂ ਗ੍ਰਿਫਤਾਰ …
ਅਦਾਲਤ ਨੇ ਉਕਤ ਦਾ ਪੁਲਿਸ ਰਿਮਾਂਡ ਖ਼ਤਮ ਕਰਦਿਆਂ ਉਨ੍ਹਾਂ ਨੂੰ 26 ਦਸੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਨਾਭਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਭੇਜ ਦਿੱਤਾ।
ਡੀ.ਐਸ.ਪੀ. ਨਾਭਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਤੋਂ ਕੀਤੀ ਗਈ ਪੁੱਛ-ਪੜਤਾਲ ਦੇ ਆਧਾਰ ’ਤੇ ਪੁਲਿਸ ਜਲਦੀ ਹੀ ਫਰਾਰ ਹੋਏ ਚਾਰ ਗੈਂਗਸਟਰਾਂ ਅਤੇ ਇੱਕ ਖ਼ਾਲਿਸਤਾਨੀ ਖਾੜਕੂ ਕਸ਼ਮੀਰ ਸਿੰਘ ਨੂੰ ਫੜਨ ਵਿੱਚ ਕਾਮਯਾਬ ਹੋਵੇਗੀ।
ਸਬੰਧਤ ਖ਼ਬਰ: ਨਾਭਾ ਜੇਲ੍ਹ ਬ੍ਰੇਕ: ਕੁਲਪ੍ਰੀਤ ਸਿੰਘ ਦੇ ਪਿਤਾ ਸੁਰਜੀਤ ਸਿੰਘ ਵਲੋਂ ਪਟੀਸ਼ਨ ਦਾਇਰ …