ਨਿਊਯਾਰਕ: ਅਮਰੀਕਾ ਦੇ ਨੇਵਾਰਕ ਸ਼ਹਿਰ ਵਿਚ 47 ਸਾਲਾ ਇਕ ਸਿੱਖ ਵਿਅਕਤੀ ਜੋ ਕਿ ਗੈਸ ਸਟੇਸ਼ਨ ਦਾ ਮਾਲਕ ਸੀ, ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਇਹ ਨਫ਼ਰਤ ਕਰਕੇ ਕੀਤਾ ਗਿਆ ਅਪਰਾਧ ਹੈ।
ਐਨ. ਬੀ. ਸੀ. ਨਿਊਯਾਰਕ ਦੀ ਰਿਪੋਰਟ ਅਨੁਸਾਰ ਦਵਿੰਦਰ ਸਿੰਘ ਨੂੰ ਬੁੱਧਵਾਰ ਨੂੰ ਗੈਸ ਸਟੇਸ਼ਨ ‘ਤੇ ਗੋਲੀ ਮਾਰੀ ਗਈ। ਪੁਲਿਸ ਨੇ ਦੱਸਿਆ ਕਿ ਗੈਸ ਸਟੇਸ਼ਨ ‘ਤੇ ਦਵਿੰਦਰ ਸਿੰਘ ਅਚੇਤ ਅਵਸਥਾ ਵਿਚ ਮਿਲਿਆ ਜਿਸ ਤੋਂ ਬਾਅਦ ਉਸ ਨੂੰ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ।
ਦਵਿੰਦਰ ਸਿੰਘ ਦੇ ਬੇਟੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਲੱਗਦਾ ਹੈ ਕਿ 25 ਸਾਲ ਪਹਿਲਾਂ ਭਾਰਤ ਤੋਂ ਅਮਰੀਕਾ ਆਏ ਉਸਦੇ ਪਿਤਾ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਹੋਵੇਗਾ ਕਿਉਂਕਿ ਉਹ ਸਿੱਖ ਸੀ ਅਤੇ ਉਸਨੇ ਪੱਗ ਬੰਨੀ ਹੋਈ ਸੀ। ਜਤਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦਾ ਕਿਸੇ ਨਾਲ ਕੋਈ ਵੀ ਝਗ਼ੜਾ ਜਾਂ ਟਕਰਾਅ ਨਹੀਂ ਸੀ। ਉਸਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਇਹ ਇਕ ਨਫਰਤ ਅਪਰਾਧ ਦੇ ਇਲਾਵਾ ਹੋਰ ਕੀ ਹੋ ਸਕਦਾ ਹੈ।
ਜਤਿੰਦਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਬਹੁਤ ਚੰਗੇ ਇਨਸਾਨ ਸੀ, ਅਤੇ ਉਨ੍ਹਾਂ ਦਾ ਪਰਿਵਾਰ ਨੇਵਾਰਕ ‘ਚ ਉਨ੍ਹਾਂ ਦੇ ਕੰਮ ਕਰਨ ਨੂੰ ਲੈ ਕੇ ਫਿਕਰਮੰਦ ਸੀ, ਉਸਨੇ ਕਿਹਾ ਕਿ ਉਸਦੇ ਪਿਤਾ ਨੂੰ ਪਹਿਲਾਂ ਵੀ ਲੁੱਟਿਆ ਗਿਆ ਸੀ ਪ੍ਰੰਤੂ ਉਨ੍ਹਾਂ ਨੇ ਇਸਦਾ ਡਟ ਕੇ ਸਾਹਮਣਾ ਕੀਤਾ ਸੀ। ਪ੍ਰੰਤੂ ਇਸ ਵਾਰ ਉਨ੍ਹਾਂ ਨੂੰ ਇਸਦਾ ਮੌਕਾ ਹੀ ਨਹੀਂ ਮਿਲਿਆ। ਉਸਨੇ ਦੱਸਿਆ ਕਿ ਮੇਰੇ ਪਿਤਾ ਤਾਜ਼ੀ ਹਵਾ ‘ਚ ਘੁੰਮਣ ਦੇ ਲਈ ਬਾਹਰ ਆਏ ਅਤੇ ਉਸਦੇ ਬਾਅਦ ਇਕ ਵਿਅਕਤੀ ਮੇਰੇ ਪਿਤਾ ਕੋਲ ਆਇਆ ਤੇ ਬੰਦੂਕ ਨਾਲ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ।
ਅਸੈਕਸ ਕਾਂਉਂਟੀ ਪ੍ਰਾਸੀਕਿਊਟਰਜ਼ ਕ੍ਰਾਈਮ ਟਾਸਕ ਫੋਰਸ ਦੇ ਜਾਸੂਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਇਸ ਮਾਮਲੇ ਵਿਚ ਕਿਸੇ ਤਰਾਂ ਦਾ ਬਿਆਨ ਨਹੀਂ ਦਿੱਤਾ ਕਿ ਇਸ ਮਾਮਲੇ ਨੂੰ ਨਫਰਤ ਅਪਰਾਧ ਵਜੋਂ ਵੇਖ ਕੇ ਜਾਂਚ ਕੀਤੀ ਜਾ ਰਹੀ ਹੈ।