ਨਵੀਂ ਦਿੱਲੀ (27 ਨਵੰਬਰ,2014 ): ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਭੁਗਤ ਚੁੱਕਣ ਤੋਂ ਬਾਅਦ ਵੀ ਭਾਰਤ ਦੀਆਂ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਰਿਹਾਈ ਯਕੀਨੀ ਬਨਾਉਣ ਦੀ ਮੰਗ ਬਾਦਲ ਦਲ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਐੱਮ.ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜ਼ਰਾ ਨੇ ਲੋਕ ਸਭਾ ਵਿੱਚ ਕੀਤੀ।
ਇਸ ਮਸਲੇ ਨੁੰ ਲੋਕ ਸਭਾ ਵਿੱਚ ਉਠਾਉਦਿਆਂ ਉਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਵੀ ਮੰਗ ਕੀਤੀ।
ਅੱਜ ਲੋਕਸਭਾ ਵਿੱਚ ਇਹ ਮਸਲਾ ਨਾਲ ਚੁੱਕਦੇ ਹੋਏ ਚੰਦੁਮਾਜਰਾ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ਵਿੱਚ ਹਰਿਆਣਾ ਵਿਖੇ ਬੀਤੇ 13 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਨਾਜੂਕ ਹਾਲਾਤ ਦਾ ਜ਼ਿਕਰ ਕਰਨ ਦੇ ਨਾਲ ਹੀ ਉਨ੍ਹਾਂ ਦੀ ਭੁੱਖ ਹੜਤਾਲ ਕਰਕੇ ਕਿਸੇ ਅਨਸੁਖਾਵੀ ਘਟਨਾ ਦੇ ਵਾਪਰਣ ਦਾ ਵੀ ਖਦਸਾ ਜਤਾਇਆ।
ਚੰਦੂ ਮਾਜਰਾ ਨੇ ਕੇਂਦਰ ਵਿੱਚ ਹੋਏ ਸੱਤਾ ਬਦਲਾਵ ਦੇ ਕਾਰਣ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੁਰਾ ਕਰਨ ਲਈ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਤੇ ਮੁਕਦਮੇ ਚਲਾਉਣ ਤੇ ਉਨ੍ਹਾਂ ਨੂੰ ਸਜਾਵਾਂ ਦਿਵਾਉਣ ਦੀ ਵੀ ਮੰਗ ਕੀਤੀ ਤਾਂਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 1984 ਸਿੱਖ ਕਤਲੇਆਮ ਨੂੰ ਲੋਕਤੰਤਰ ਦੀ ਛਾਤੀ ਵਿੱਚ ਖੰਜਰ ਖੋਭਣ ਦੇ ਦਿੱਤੇ ਗਏ ਬਿਆਨ ਤੇ ਸਰਕਾਰ ਦੀ ਕਾਰਜ ਪ੍ਰਣਾਲੀ ਦਾ ਮਿਲਾਨ ਹੋ ਸਕੇ।
ਸਦਨ ਵਿੱਚ ਬੋਲਣ ਤੋਂ ਬਾਦ ਚੰਦੂਮਾਜਰਾ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਚੈਂਬਰ ਵਿੱਚ 1984 ਦੇ ਪੀੜਤ ਪਰਿਵਾਰਾਂ ਦੇ ਮੁਆਵਜੇ ਦੀ ਰਾਸ਼ੀ ਵਿੱਚ ਕੀਤੇ ਵਾਧੇ ਤੇ ਛੇਤੀ ਨੋਟੀਫਿਕੇਸ਼ਨ ਜਾਰੀ ਕਰਨ ਤੇ ਭਾਈ ਖਾਲਸਾ ਦੇ ਮਸਲੇ ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ।