ਸਿੱਖ ਖਬਰਾਂ

ਚੰਦੂਮਾਜਰਾ ਨੇ ਲੋਕਸਭਾ ਵਿੱਚ ਫੀਬਾ ਏਸ਼ੀਆ ਕੱਪ ਵਿੱਚ ਸਿੱਖ ਖਿਡਾਰੀਆਂ ਨੂੰ ਪਟਕੇ ਨਾਲ ਨਾ ਖੇਡਣ ਦੇਣ ਦਾ ਮੁੱਦਾ ਉਠਾਇਆ

By ਸਿੱਖ ਸਿਆਸਤ ਬਿਊਰੋ

July 24, 2014

ਨਵੀਂ ਦਿੱਲੀ(24 ਜੁਲਾਈ 2014): ਹਾਲ ‘ਚ ਚੀਨ ‘ਚ ਖ਼ਤਮ ਹੋਏ ਫੀਬਾ ਏਸ਼ੀਆ ਕੱਪ ਦੌਰਾਨ 2 ਸਿੱਖ ਖਿਡਾਰੀਆਂ ਅੰਮ੍ਰਿਤਪਾਲ ਸਿੰਘ ਅਤੇ ਅਮੀਜੋਤ ਸਿੰਘ ਨੂੰ ਖੇਡ ਦੇ ਮੈਦਾਨ ‘ਚ ਦਾਖਲ ਹੋਣ ਤੋਂ ਪਹਿਲਾਂ ਆਪਣਾ ਪਟਕਾ ਲਾਹੁਣ ਲਈ ਕਿਹਾ ਸੀ।ਮੈਚ ਸ਼ੁਰੂ ਹੋਣ ਤੋਂ ਪਹਿਲ਼ਾਂ ਮੈਚ ਦੇ ਰੈਫਰੀ ਨੇ ਸਿੱਖ ਖਿਡਾਰੀਆਂ ਨੂੰ ਪਟਕੇ ਉਤਾਰਨ ਨੂੰ ਕਿਹਾ ਸੀ, ਹਾਲੇ ਤੱਕ ਸਿਰਫ਼ ਬਾਕਸਿੰਗ ‘ਚ ਅਜਿਹੀ ਪਾਬੰਦੀ ਲਾਈ ਜਾਂਦੀ ਸੀ ਅਤੇ ਬਾਸਕਿਟਬਾਲ ‘ਚ ਅਜਿਹੀ ਕਦੇ ਵੀ ਪਾਬੰਦੀ ਨਹੀਂ ਲਾਈ ਗਈ।

ਜ਼ਿਕਰਯੋਗ ਹੈ ਕਿ ਦੋਹਾਂ ਖਿਡਾਰੀਆਂ ਨੇ ਬਿਨ੍ਹਾਂ ਕਿਸੇ ਉਜ਼ਰ ਦੇ ਪਟਕੇ ਉਤਾਰ ਦਿੱਤੇ ਸਨ ਅਤੇ ਰੈਫਰੀ ਦੇ ਕਹਿਣ ਤੋਂ ਬਾਅਦ ਦੋ ਮਿੰਟ ਦੇ ਅੰਦਰ ਹੀ ਪਟਕੇ ਉਤਾਰ ਕੇ ਖੇਡਣ ਲਈ ਖੇਡ ਮੈਦਾਨ ਵਿੱਚ ਆ ਗਏ ਸਨ। ਇਸ ਮਾਮਲੇ ‘ਤੇ ਉਨ੍ਹਾਂ ਦੇ ਕੋਚ ਦਾ ਕਹਿਣਾ ਹੈ ਕਿ ਪਟਕੇ ਲਾਹ ਕੇ ਖੇਡਣ ਜਾਂ ਨਾ ਖੇਡਣ ਦਾ ਫੈਸਲਾ ਖਿਡਾਰੀਆਂ ਵੱਲੋਂ ਲਿਆ ਜਾਣਾ ਸੀ।

ਸਿੱਖ ਦਸਤਾਰ ਨਾਲ ਵਿਦੇਸ਼ਾਂ ਵਿੱਚ ਵਾਪਰਿਆ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸਤੋਂ ਪਹਿਲਾਂ ਵੀ ਅਨੇਕਾਂ ਸਿੱਖਾਂ ਨੂੰ  ਦਸਤਾਰ ਜਾਂ ਕ੍ਰਿਪਾਨ ਦੇ ਮਸਲੇ ‘ਤੇ ਬੜੇ ਨਿੱਗਰ ਫੇਸਲੇ ਲੈਣੇ ਪਏ। ਕਈ  ਅਜਿਹੇ ਮਾਮਲਿਆਂ ਵਿੱਚ ਸਿੱਖਾਂ ਨੇ ਆਪਣੀਆਂ ਨੌਕਰੀਆਂ, ਆਪਣਾ ਭਵਿੱਖ ਦਾਅ ‘ਤੇ ਲਾਅ ਦਿੱਤਾ ਪਰ ਆਪਣੇ ਧਰਮ ਦੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ।

ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਚੀਨ ‘ਚ ਫੀਬਾ ਏਸ਼ੀਆ ਕੱਪ ‘ਚ ਸਿੱਖ ਖਿਡਾਰੀਆਂ ਨਾਲ ਹੋਈ ਵਧੀਕੀ ਦੀ ਕਰੜੀ ਆਲੋਚਨਾ ਕਰਦਿਆਂ ਮਾਮਲਾ ਅੱਜ ਸੰਸਦ ‘ਚ ਉਠਾਇਆ।

ਉਨ੍ਹਾਂ ਨੇ ਇਸ ਮੁੱਦੇ ‘ਤੇ ਸਰਕਾਰ ਨੂੰ ਤੁਰੰਤ ਨੋਟਿਸ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖੀ ਦੀ ਸ਼ਾਨ ਸਮਝੀ ਜਾਂਦੀ ਪੱਗ, ਸਿੱਖਾਂ ਲਈ ਕੋਈ ਸਜਾਵਟੀ ਵਸਤੂ ਨਹੀਂ ਸਗੋਂ ਇਕ ਧਾਰਮਿਕ ਚਿੰਨ ਹੈ।

ਇਸ ਮਾਮਲੇ ‘ਤੇ ਦੁੱਖ ਪ੍ਰਗਟਾਉਂਦਿਆਂ ਖੇਡ ਮੰਤਰਾਲੇ ਨੇ ਕੱਲ੍ਹ ਹੀ ਐਲਾਨ ਕੀਤਾ ਕਿ ਉਨ੍ਹਾਂ ਨੇ ਇਸ ਮੁੱਦੇ ‘ਤੇ ਬੀ. ਐਫ. ਆਈ. ਤੋਂ ਰਿਪੋਰਟ ਮੰਗੀ ਹੈ। ਖੇਡ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੂੰ ਵੀ ਖੇਡ ਫੈਡਰੇਸ਼ਨ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਨੂੰ ਕਿਹਾ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।

ਉਧਰ ਅਮਰੀਕਾ ਦੇ ਸੰਸਦਾ ਮੈਂਬਰਾਂ ਨੇ ਸਿੱਖ ਖਿਡਾਰੀਆਂ ਨੂੰ ਪਟਕੇ ਉਤਾਰ ਕੇ ਖੇਡਣ ਦੇ ਮਾਮਲੇ ‘ਤੇ ਹੈਰਾਨੀ ਪ੍ਰਗਟ ਕਰਦਿਆਂ ਫੀਬਾ ਦੇ ਮੁੱਖ ਦਫਤਰ ਨੂੰ ਇਸ ਗਲਤੀ ਦੇ ਸੁਧਾਰ ਕਰਨ ਲਈ ਪੱਤਰ ਲਿਖਿਆ ਅਤੇ ਪੱਤਰ ਦੀਆਂ ਕਾਪੀਆਂ ਅਮਰੀਕੀ ਸੰਸਦ ਵਿੱਚ ਵੀ ਵੰਡੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: