ਨਿਊਯਾਰਕ (27 ਜਨਵਰੀ, 2015): ਅਮਰੀਕਾ ਵਿੱਚ ਸਿੱਖਾਂ ਬਾਰੇ ਦੀ ਨੈਸ਼ਨਲ ਸਿੱਖ ਕੈਂਪੇਨ (ਐਨਐਸਸੀ) ਅਤੇ ਹਾਰਟ ਰਿਸਰਚ ਵਲੋਂ ਕੀਤੇ ਗਏ ਹੁਣ ਤਕ ਦੇ ਸੱਭ ਤੋਂ ਪ੍ਰਭਾਵਸ਼ਾਲੀ ਅਧਿਐਨ, ”ਅਮਰੀਕਾ ਵਿਚ ਸਿੱਖ ਧਰਮ : ਅਮਰੀਕੀ ਲੋਕ ਕੀ ਜਾਣਦੇ ਹਨ ਅਤੇ ਕੀ ਜਾਣਨਾ ਚਾਹੁੰਦੇ ਹਨ,” ਵਿਚ ਦਸਿਆ ਗਿਆ ਹੈ ਕਿ ਅਮਰੀਕੀ ਲੋਕ ਸਿੱਖਾਂ, ਸਿੱਖ ਧਰਮ ਅਤੇ ਸਿੱਖੀ ਸਿਧਾਂਤਾਂ ਬਾਰੇ ਕੀ ਵਿਚਾਰਧਾਰਾ ਰਖਦੇ ਹਨ?
ਸਿੱਖਾਂ ਬਾਰੇ ਅਮਰੀਕਾ ਵਿਚ ਹੋਏ ਨਵੇਂ ਇਸ ਅਧਿਐਨ ਵਿਚ ਪ੍ਰਗਟਾਵਾ ਹੋਇਆ ਹੈ ਕਿ ਬਹੁਤੇ ਅਮਰੀਕੀ ਬਾਸ਼ਿੰਦਿਆਂ ਨੂੰ ਸਿੱਖਾਂ ਅਤੇ ਸਿੱਖੀ ਸਿਧਾਂਤਾਂ ਬਾਰੇ ਕੁੱਝ ਨਹੀਂ ਪਤਾ।
ਸਰਵੇਖਣ ਵਿਚ ਪਤਾ ਲੱਗਿਆ ਕਿ ਅਮਰੀਕਾ ਦੇ 60 ਫ਼ੀ ਸਦੀ ਲੋਕਾਂ ਨੂੰ ਸਿੱਖਾਂ ਜਾਂ ਸਿੱਖ ਧਰਮ ਬਾਰੇ ਕੋਈ ਜਾਣਕਾਰੀ ਨਹੀਂ ਜਦਕਿ ਮਹਿਜ਼ 11 ਫ਼ੀ ਸਦੀ ਲੋਕ ਹੀ ਸਿੱਖ ਧਰਮ ਬਾਰੇ ਜਾਣਕਾਰੀ ਰਖਦੇ ਹਨ।
ਸਰਵੇਖਣ ਵਿਚ ਸਿਰਫ਼ ਦੋ ਤੋਂ 11 ਫ਼ੀ ਸਦੀ ਲੋਕਾਂ ਨੇ ਤਸਵੀਰਾਂ ਵੇਖ ਦੇ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਪਛਾਣ ਕੀਤੀ। ਤਸਵੀਰਾਂ ਵਿਚ ਦਸਤਾਰ ਪਹਿਨੀ ਸਿੱਖਾਂ ਨੂੰ ਵੇਖ ਕੇ ਜ਼ਿਆਦਾਤਰ ਅਮਰੀਕੀ ਲੋਕਾਂ ਨੇ ਚੌਕਸ, ਬੈਚੈਨ ਜਾਂ ਸਾਵਧਾਨ ਹੋਣ ਦੀ ਪ੍ਰਤੀਕਰਮ ਦਿਤਾ।
ਅਮਰੀਕਾ ‘ਤੇ ਹੋਏ 9/11 ਦੇ ਅਤਿਵਾਦੀ ਹਮਲੇ ਤੋਂ ਬਾਅਦ ਸਿੱਖਾਂ ਵਿਰੁਧ ਨਸਲੀ ਹਿੰਸਾ ਅਤੇ ਮਾਰੂ ਹਮਲਿਆਂ ਵਿਚ ਵਾਧਾ ਹੋਇਆ ਹੈ ਅਤੇ ਹੁਣ ਐਨਐਸਸੀ ਇਸ ਤਾਜ਼ਾ ਅਧਿਐਨ ਦੇ ਹਵਾਲੇ ਨਾਲ ਅਮਰੀਕਾ ਵਿਚ ਰਹਿੰਦੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕੱਢਣ ਬਾਰੇ ਸੰਭਾਵਨਾਵਾਂ ਲੱਭ ਰਹੀ ਹੈ।
ਦਸਣਯੋਗ ਹੈ ਕਿ ਸਿੱਖ ਧਰਮ, ਸੰਸਾਰ ਦਾ ਪੰਜਵਾਂ ਸੱਭ ਤੋਂ ਵੱਡਾ ਧਰਮ ਹੈ ਅਤੇ ਇਸ ਵੇਲੇ ਅਮਰੀਕਾ ਵਿਚ 5 ਲੱਖ ਤੋਂ ਵੱਧ ਸਿੱਖ ਰਹਿੰਦੇ ਹਨ। ਅਮਰੀਕੀ ਸਿੱਖਾਂ ਨੇ ਇਥੋਂ ਦੀ ਸਿਆਸਤ, ਵਪਾਰ, ਵਿਦਿਆ ਵਿਚ ਕਾਫ਼ੀ ਯੋਗਦਾਨ ਪਾਇਆ ਹੈ। ਐਨਐਸਸੀ ਦੇ ਸਹਾਇਕ ਸੰਸਥਾਪਕ ਗੁਰਵੀਨ ਸਿੰਘ ਆਹੂਜਾ ਨੇ ਕਿਹਾ ਕਿ ਉਹ ਅਮਰੀਕਾ ਵਿਚ ਨੌਜਵਾਨ ਸਿੱਖ ਪੀੜ੍ਹੀ ਨੂੰ ਚੰਗਾ ਭਵਿੱਖ ਦੇਣਾ ਚਾਹੁੰਦੇ ਹਨ ਜਿਥੇ ਸੱਭ ਨੂੰ ਦਸਤਾਰ ਦਾ ਅਰਥ ਅਤੇ ਉਸ ਦੀ ਮਹੱਤਤਾ ਬਾਰੇ ਪਤਾ ਹੋਵੇ।
ਦੀ ਨੈਸ਼ਨਲ ਸਿੱਖ ਕੈਂਪੇਨ ਦੇ ਸੰਚਾਰ ਡਾਇਰੈਕਟਰ ਸ਼ੌਨ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਅਧਿਐਨ ਵਿਚ ਜਿਹੜੇ ਤੱਥ ਸਾਹਮਣੇ ਆਏ ਹਨ, ਉਨ੍ਹਾਂ ਤੋਂ ਸਾਫ਼ ਹੈ ਕਿ ਅਮਰੀਕਾ ਵਿਚ ਰਹਿੰਦੇ ਲੋਕਾਂ ਨੂੰ ਸਿੱਖਾਂ ਅਤੇ ਸਿੱਖ ਧਰਮ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਦਸਿਆ ਕਿ ਐਨਐਸਸੀ ਦਾ ਮੁੱਖ ਮਕਸਦ ਇਹ ਹੈ ਕਿ ਅਮਰੀਕੀ ਸਿੱਖਾਂ ਬਾਰੇ ਇਥੇ ਰਹਿੰਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਅਮਰੀਕਾ ਵਿਚ ਸਿੱਖਾਂ ਵਲੋਂ ਪਾਏ ਹਾਂਪੱਖੀ ਯੋਗਦਾਨ ਨੂੰ ਵੀ ਦਸਿਆ ਜਾਵੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਦਿਅਕ ਸੰਦੇਸ਼ਾਂ ਤੋਂ ਪਤਾ ਲਗਦਾ ਹੈ ਕਿ ਅਮਰੀਕਨ ਲੋਕ, ਸਿੱਖਾਂ ਦੀ ਦਸਤਾਰ ਬਾਰੇ ਅਤੇ ਦਸਤਾਰ ਦੀ ਮਹੱਤਤਾ ਜਾਣਨਾ ਚਾਹੁੰਦੇ ਹਨ।