ਮੋਹਾਲੀ (25 ਮਾਰਚ, 2012): ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸ਼ਜ਼ਾ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕੀਤੇ ਗਏ ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰ ਕੇ ਭਾਈ ਰਾਜੋਆਣਾ ਦੀ ਫਾਂਸੀ ਵਿਰੁੱਧ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਉਪਰੰਤ ਵੱਡੇ ਲੋਕ ਸੈਲਾਬ ਨੇ ਭਾਰਤੀ ਨਿਜ਼ਾਮ ਵੱਲੋਂ ਸਿੱਖ ਕੌਮ ਨਾਲ ਕੀਤੀ ਜਾ ਰਹੀ ਬੇਇਨਸਾਫ਼ੀ ਵਿਰੁੱਧ ਗੁਰਦੁਆਰਾ ਅੰਬ ਸਾਹਿਬ ਤੱਕ ਖਾਲਸਈ ਝੰਡਿਆਂ ਨਾਲ ਰੋਹ ਭਰਪੂਰ ਮਾਰਚ ਵੀ ਕੱਢਿਆ।
ਇਸ ਤੋਂ ਬਿਨਾਂ ਪ੍ਰਦਰਸ਼ਨਕਾਰੀਆਂ ਨੇ ਮੋਹਾਲੀ ਦੇ ਫ਼ੇਜ 7 ਵਿੱਚ ਇਕ ਘੰਟੇ ਲਈ ਆਵਾਜਾਈ ਠੱਪ ਕਰਕੇ ਰੱਖੀ ਆਵਜਾਈ ਠੱਪ ਕਰਨ ਦਾ ਮਕਸਦ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਨਹੀਂ ਸਗੋਂ ਦੇਸ਼ ਦੇ ਢਾਂਚੇ ਵਲੋਂ ਸਿੱਖ ਕੌਮ ’ਤੇ ਕੀਤੇ ਜਾ ਰਹੇ ਜ਼ੁਲਮਾਂ ਵਿਰੁਧ ਡਟਣ ਦਾ ਸੰਦੇਸ਼ ਦੇਣਾ ਸੀ ਅਤੇ ਨਾਲ ਹੀ ਇਹ ਦੱਸਣਾ ਵੀ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਦਿਲਾਵਰ ਸਿੰਘ ਦੇ ਕਾਰਨ ਹੀ ਪੰਜਾਬ ਵਿੱਚ ਸਾਂਤੀ ਆਈ ਹੈ ਕਿਉਂਕਿ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਉਸ ਸਮੇਂ ਦੇ ਪੁਲਿਸ ਮੁਖੀ ਕੇ ਪੈ ਐਸ ਗਿਲ ਰਾਹੀਂ ਪੰਜਾਬ ਵਿੱਚ ਵੱਡੇ ਪੱਧਰ ’ਤੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਿਹਾ ਸੀ। ਇਸ ਮੌਕੇ ਭਾਈ ਹਰਪਾਲ ਸਿੰਘ ਚੀਮਾ ਤੇ ਸੰਦੀਪ ਸਿੰਘ ਕੈਨੇਡੀਅਨ ਨੇ ਕਿਹਾ ਕਿ ਭਾਰਤੀ ਨਿਜ਼ਾਮ ਲਗਾਤਾਰ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਿਹਾ ਹੈ।
ਜੇਕਰ ਭਾਈ ਰਾਜੋਆਣਾ ਨੂੰ ਫਾਂਸੀ ਦਿੱਤੀ ਗਈ ਤਾਂ ਪੰਜਾਬ ਦੇ ਨਵੇਂ ਬਣੇ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਲਈ ਭਾਰਤ ਤੇ ਪੰਜਾਬ ਸਰਕਾਰਾਂ ਖੁਦ ਜਿੰਮੇਵਾਰ ਹੋਣਗੀਆਂ।ਉਨ੍ਹਾਂ ਸੱਦਾ ਦਿੱਤਾ ਕਿ 29 ਮਾਰਚ ਨੂੰ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਣ ਇੱਥੋਂ ਹੀ ਭਾਰੀ ਗਿਣਤੀ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਪਹੁੰਚਿਆ ਜਾਵੇਗਾ ਇਸ 29, 30 ਅਤੇ 31 ਮਾਰਚ ਦੇ ਇਸ ਸਾਰੇ ਪ੍ਰੋਗਰਾਮ ਦੇ ਵੇਰਵੇਅਤੇ ਰੂਟ-ਮੈਪ ਬਾਰੇ ਅਖ਼ਬਾਰਾਂ ਰਾਹੀਂ ਆਪ ਨੂੰ ਜਾਣਕਾਰੀ ਮਿਲ ਜਾਵੇਗੀ। ਇਸ ਮੌਕੇ ਬੀਬੀ ਕੁਲਵੀਰ ਕੌਰ ਧਾਮੀ, ਬੀਬੀ ਪ੍ਰੀਤਮ ਕੌਰ, ਹਰਮੋਹਿੰਦਰ ਸਿੰਘ ਢਿੱਲੋਂ, ਸਤਨਾਮ ਸਿੰਘ ਪਾਉਂਟਾ ਸਾਹਿਬ, ਆਰ ਪੀ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਰਾਜਿੰਦਰ ਸਿੰਘ ਅਤੇ ਸਰਦਾਰਾ ਸਿੰਘ, ਅਮਰੀਕ ਸਿੰਘ ਭਾਗੋਮਾਜਰਾ ਅਤੇ ਹਰਪਾਲ ਸਿੰਘ ਸ਼ਹੀਦਗੜ੍ਹ ਵੀ ਮੌਜ਼ੂਦ ਸਨ।