ਆਮ ਖਬਰਾਂ

ਮੋਗਾ ਓਰਬਿਟ ਕਾਂਢ ਦੀ ਮ੍ਰਿਤਕ ਕੁੜੀ ਦੇ ਬਾਪ ਦਾ ਬਿਆਨ “ਮੇਰੀ ਕੁੜੀ ਨੇ ਕਦੇ ਔਰਬਿਟ ਬੱਸ ਵਿੱਚ ਸਫਰ ਹੀ ਨਹੀਂ ਕੀਤਾ”

By ਸਿੱਖ ਸਿਆਸਤ ਬਿਊਰੋ

December 25, 2015

ਚੰਡੀਗੜ੍ਹ: 8 ਮਹੀਂਨੇ ਪਹਿਲਾਂ ਹੋਏ ਮੋਗਾ ਓਰਬਿਟ ਕਾਂਢ ਜਿਸ ਵਿੱਚ ਇੱਕ 13 ਸਾਲਾ ਕੁੜੀ ਅਰਸ਼ਦੀਪ ਕੌਰ ਨਾਲ ਔਰਬਿਟ ਬੱਸ ਦੇ ਮੁਲਾਜਮਾਂ ਵੱਲੋਂ ਛੇੜਖਾਨੀ ਕਰਨ ਤੋਂ ਬਾਅਦ ਉਸ ਨੂੰ ਬੱਸ ਵਿੱਚੋਂ ਧੱਕਾ ਦੇ ਦਿੱਤਾ ਗਿਆ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ।ਇਸ ਘਟਨਾ ਨਾਲ ਸੰਬੰਧਿਤ ਚਲ ਰਹੇ ਕੇਸ ਵਿੱਚ ਉਦੋ ਹੈਰਾਨੀਜਨਕ ਮੋੜ ਆ ਗਿਆ ਜਦੋਂ ਅਰਸ਼ਦੀਪ ਕੌਰ ਦੇ ਪਿਤਾ ਨੇਂ ਅਦਾਲਤ ਵਿੱਚ ਬਿਆਨ ਦਿੱਤਾ ਕਿ ਉਸ ਦੀ ਕੁੜੀ, ਉਸ ਦੀ ਪਤਨੀ ਅਤੇ ਪੁੱਤਰ ਨਾਲ ਕਦੇ ਓਰਬਿਟ ਬੱਸ ਵਿੱਚ ਚੜੀ ਹੀ ਨਹੀਂ।

ਜਿਕਰਯੋਗ ਹੈ ਕਿ ਓਰਬਿਟ ਬੱਸ ਕੰਪਨੀ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹੈ।29 ਅਪ੍ਰੈਲ ਨੂੰ ਹੋਈ ਇਸ ਘਟਨਾ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ ਤੇ ਵਿਰੋਧੀ ਧਿਰਾਂ ਵੱਲੋਂ ਇਸ ਦਾ ਜਿੰਮੇਵਾਰ ਸੁਖਬੀਰ ਸਿੰਘ ਬਾਦਲ ਨੂੰ ਦੱਸਦਿਆਂ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ ਗਈ ਸੀ।

ਪੰਜਾਬ ਦੀਆਂ ਵਿਰੋਧੀ ਧਿਰਾਂ ਵੱਲੋਂ ਇਸ ਨੂੰ ਸ਼੍ਰੌਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਜਬਰਦਸਤੀ ਕਰਵਾਇਆ ਗਿਆ ਸਮਝੌਤਾ ਦੱਸਿਆ ਜਾ ਰਿਹਾ ਹੈ।

ਟਾਈਮਜ਼ ਆਫ ਇੰਡੀਆ ਅਖਬਾਰ ਦੀ ਰਿਪੋਰਟ ਅਨੁਸਾਰ 11 ਦਿਸੰਬਰ ਨੂੰ ਕੁੜੀ ਦੇ ਪਿਤਾ ਵੱਲੋਂ ਮੋਗਾ ਅਦਾਲਤ ਵਿੱਚ ਵਧੀਕ ਸੈਸ਼ਨ ਜੱਜ ਗੁਰਜੰਟ ਸਿੰਘ ਦੀ ਅਦਾਲਤ ਵਿੱਚ ਇੱਕ ਐਫੀਡੈਵਿਟ ਪੇਸ਼ ਕੀਤਾ ਗਿਆ ਜਿਸ ਵਿੱਚ ਉਸਨੇਂ ਕਿਹਾ ਹੈ ਕਿ “ਇਸ ਗੱਲ ਵਿੱਚ ਕੋਈ ਤੱਥ ਨਹੀਂ ਹੈ ਤੇ ਨਾਂ ਹੀ ਮੈ ਇਹ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ 29 ਅਪ੍ਰੈਲ ਨੂੰ ਮੇਰੀ ਪਤਨੀ ਸ਼ਿੰਦਰ ਕੌਰ, ਮੇਰੀ ਕੁੜੀ ਅਰਸ਼ਦੀਪ ਕੌਰ ਅਤੇ ਮੇਰਾ ਪੁੱਤਰ ਅਕਾਸ਼ਦੀਪ ਸਿੰਘ ਮੇਰੀ ਪਤਨੀ ਦੇ ਪੇਕੇ ਪਿੰਡ ਕੋਠਾ ਗੁਰੂ ਕਾ ਵਿਖੇ ਗਏ ਸਨ, ਜਾਂ ਉਹ ਓਰਬਿਟ ਬੱਸ ਜਿਸ ਦਾ ਨੰਬਰ ਪੀਬੀ 10 ਸੀਪੀ 1813 ਹੈ ਜੋ ਮੋਗਾ ਤੋਂ ਬਾਘਾਪੁਰਾਣਾ ਜਾ ਰਹੀ ਸੀ ਉਸ ਤੇ ਚੜੇ ਸਨ, ਜਾਂ ਮੈਨੂੰ ਇਹ ਪਤਾ ਲੱਗਿਆ ਸੀ ਕਿ ਬੱਸ ਦੇ ਕੰਡਕਟਰ ਅਤੇ ਹੈਲਪਰ ਨੇਂ ਮੇਰੀ ਪਤਨੀ ਅਤੇ ਕੁੜੀ ਨਾਲ ਬਦਤਮੀਜੀ ਕਰਕੇ ਉਨ੍ਹਾਂ ਨੂੰ ਬੱਸ ਵਿੱਚੋਂ ਧੱਕਾ ਦਿੱਤਾ ਸੀ”।

ਮੋਗਾ ਪੁਲਿਸ ਵੱਲੋਂ ਇਸ ਕੇਸ ਸੰਬੰਧੀ 4 ਲੋਕਾਂ ਦੇ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਤੇ ਇਰਾਦਾ ਕਤਲ ਅਤੇ ਛੇੜਛਾੜ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।

ਆਪਣੇ ਬਿਆਨ ਵਿੱਚ ਸੁਖਦੇਵ ਸਿੰਘ ਨੇਂ ਮੰਨਿਆ ਹੈ ਕਿ ਉਸ ਦੀ ਕੁੜੀ ਦੀ ਮੌਤ ਦੀ ਘਟਨਾ ਲਈ ਉਸ ਨੂੰ 24 ਲੱਖ ਰੁਪਏ ਦੀ ਮਦਦ ਦਿੱਤੀ ਗਈ ਹੈ।

12 ਦਸੰਬਰ ਨੂੰ ਮ੍ਰਿਤਕ ਕੁੜੀ ਦੀ ਮਾਤਾ ਜਸਟਿਸ ਵੀ.ਕੇ ਬਾਲੀ(ਰਿਟਾਇਰਡ) ਅਧਾਰਿਤ ਇੱਕ ਮੈਂਬਰੀ ਜਾਂਚ ਕਮਿਸ਼ਨ ਅੱਗੇ ਪੇਸ਼ ਨਹੀਂ ਹੋਈ।ਮ੍ਰਿਤਕ ਕੁੜੀ ਦੇ ਪਿਤਾ ਸੁਖਦੇਵ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਚੰਗੀ ਤਰ੍ਹਾਂ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: