ਲੁਧਿਆਣਾ/ਜਲੰਧਰ (11 ਸਤੰਬਰ, 2014): ਆਰ. ਐੱਸ. ਐੱਸ ਜੰਮੂ ਕਸ਼ਮੀਰ ਨੂੰ ਵਿਸ਼ੇਸ ਰਾਜ ਦਾ ਦਰਜ਼ਾ ਦੇਣ ਵਾਲੀ ਧਾਰਾ 370, ਜਿਸ ਅਧੀਨ ਜੰਮੂ ਕਸ਼ਮੀਰ ਵਿੱਚ ਵੱਸਣ ਵਾਲੇ ਲੋਕਾਂ ਨੂੰ ਕਈ ਰਿਆਇਤਾਂ ਮਿਲੀਆ ਹੋਈਆਂ ਹਨ, ਨੂੰ ਖਤਮ ਕਰਵਾਉਣ ਦੇ ਆਪਣੇ ਪੈਂਤੜੇ ਤੋਂ ਪਿਛੇ ਹਟਣ ਲਈ ਤਿਆਰ ਨਹੀਂ। ਕੱਲ੍ਹ ਆਰ. ਐੱਸ. ਐੱਸ ਦੇ ਸਰਬ ਭਾਰਤ ਪ੍ਰਚਾਰ ਮੁਖੀ ਮਨਮੋਹਨ ਵੈਦ ਨੇ ਦੋਰਾਹਾ ਵਿੱਚ ਜੈਨ ਵਣਥਲੀ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਪੱਸ਼ਟ ਕਿਹਾ ਹੈ ਕਿ ਮੋਦੀ ਸਰਕਾਰ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਇਕ ਸਾਲ ਵਿੱਚ ਹਟਾ ਦੇਵੇ। ਇਸ ਮੁੱਦੇ ‘ਤੇ ਸੰਘ ਮੋਦੀ ਸਰਕਾਰ ਨੂੰ ਇਕ ਸਾਲ ਤੱਕ ਦੇਖੇਗਾ ਅਤੇ ਉਸ ਦੇ ਮਗਰੋਂ ਕੋਈ ਫੈਸਲਾ ਲਵੇਗਾ। ਵੈਦ ਇੱਥੇ ਆਰ. ਐੱਸ. ਐੱਸ ਦੇ ਕਾਰਕੂਨਾਂ ਦੀ ਟਰੇਨਿੰਗ ਲਈ ਲੱਗੇ ਕੈਂਪ ਨੂੰ ਸੰਬੋਧਨ ਕਰਨ ਆਏ ਸਨ।
ਵੈਦ ਨੇ ਕਿਹਾ ਕਿ ਸੰਘ ਦਾ ਮੰਨਣਾ ਹੈ ਕਿ ਚੋਣਾਂ ਵਿੱਚ ਦੇਸ਼ ਦੀ ਜਨਤਾ ਨੂੰ ਰਾਸ਼ਟਰੀ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਕੇ ਵੋਟ ਦੇਣੀ ਚਾਹੀਦੀ ਹੈ, ਨਾ ਕਿ ਕਿਸੇ ਪਾਰਟੀ ਦੇ ਸੰਗਠਨ ਨੂੰ ਧਿਆਨ ਵਿੱਚ ਰੱਖ ਕੇ। ਸੰਘ ਨੇ ਲੋਕ ਸਭਾ ਚੋਣਾਂ ਵਿੱਚ ਰਾਸ਼ਟਰੀ ਹਿੱਤ ਲਈ ਕੰਮ ਕੀਤਾ ਤਾਂ ਕਿ ਰਾਸ਼ਟਰਵਾਦੀ ਸਰਕਾਰ ਬਣ ਸਕੇ। ਹੁਣ ਸਰਕਾਰ ਦੇ ਮੁੱਦਿਆਂ ‘ਚ ਸੰਘ ਦਾ ਕੋਈ ਦਖਲ ਨਹੀਂ। ਸੰਘ ਸਿਰਫ ਆਪਣੇ ਸੰਗਠਨ ਦੇ ਕੰਮ ਨੂੰ ਦੇਖ ਰਿਹਾ ਹੈ।
ਇਕ ਸਵਾਲ ਦੇ ਜਵਾਬ ਵਿੱਚ ਮਨਮੋਹਨ ਵੈਦ ਨੇ ਕਿਹਾ ਕਿ ਅਯੁੱਧਿਆ ਵਿੱਚ ਮੁੱਦਾ ਰਾਮ ਮੰਦਰ ਬਣਾਉਣ ਦਾ ਨਹੀਂ ਹੈ। ਰਾਮ ਮੰਦਰ ਤਾਂ ਉਤੇ ਬਣਿਆ ਹੋਇਆ ਹੈ, ਉਸ ਨੂੰ ਸ਼ਾਨਦਾਰ ਰੂਪ ਦੇਣ ਦਾ ਕੰਮ ਬਾਕੀ ਹੈ।
ਸੰਘ ਦੇ ਵਿਰੁੱਧ ਭਰਮਾਊ ਪ੍ਰਚਾਰ ਦੀ ਨਿੰਦਾ ਕਰਦੇ ਹੋਏ ਮਨਮੋਹਨ ਵੈਦ ਨੇ ਕਿਹਾ ਕਿ ਸੰਘ ਨੇ ਹਿੰਦੂਤਵ ਨੂੰ ਜੀਵਨ ਜੀਣ ਦੀ ਪ੍ਰਣਾਲੀ ਦੇ ਰੂਪ ਵਿੱਚ ਮੰਨਿਆ ਹੈ। ਇਸ ਦੇ ਗਲਤ ਅਰਥ ਨਹੀਂ ਕੱਢੇ ਜਾਣੇ ਚਾਹੀਦੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਹਿੰਦੁਸਤਾਨ ਦੋਵੇਂ ਨਾਂ ਇਕ ਦੂਸਰੇ ਦੇ ਪੂਰਕ ਹਨ। ਇਸ ਉਤੇ ਵਿਵਾਦ ਵਿਅਰਥ ਹੈ। ਵੈਦ ਨੇ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਇਕ ਸਮਾਜਿਕ ਸੰਗਠਨ ਹੈ ਜੋ ਭਾਰਤ ਮਾਂ ਦੀ ਸੇਵਾ ਲਈ ਕੰਮ ਕਰਦਾ ਹੈ। ਸੰਗਠਨ ਵੱਲ ਜਿਥੇ ਨੌਜਵਾਨਾਂ ਦਾ ਰੁਝਾਨ ਵਧਿਆ ਹੈ, ਉਥੇ ਆਈ ਟੀ ਖੇਤਰ ਵਿੱਚ ਕੰਮ ਕਰਨ ਵਾਲੇ ਨੌਜਵਾਨ ਵੱਡੀ ਗਿਣਤੀ ਵਿੱਚ ਵਰਕਰਾਂ ਵਜੋਂ ਸੰਗਠਨ ਨਾਲ ਜੁੜ ਰਹੇ ਹਨ ਤੇ ਹਰ ਸਾਲ ਇਕ ਲੱਖ ਨੌਜਵਾਨ ਟਰੇਨਿੰਗ ਕੈਂਪਾਂ ਵਿੱਚ ਆ ਰਹੇ ਹਨ।