ਪੰਜਾਬ ਦੀ ਰਾਜਨੀਤੀ

ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ‘ਤੇ ਹੋਏ ਸਮਾਗਮ ਵਿੱਚ ਬੋਲਦਿਆਂ ਬਾਦਲ ਨੇ ਕਿਹਾ, ਮੋਦੀ ਸਰਕਾਰ ਕਿਸਾਨਾਂ ਨੂੰ ਫਸ਼ਲਾਂ ਦਾ ਜ਼ਾਇਜ ਮੁੱਲ ਦੇਣ ਲਈ ਜਰੂਰੀ ਕਾਰਵਾਈ ਕਰੇ

By ਸਿੱਖ ਸਿਆਸਤ ਬਿਊਰੋ

October 23, 2014

ਤਰਨਤਾਰਨ (21 ਅਕਤੂਬਰ, 2014): ਸਿੱਖ ਪੰਥ ਵਿੱਚ ਅਤਿ ਸਤਿਕਾਰਤ ਸ਼ਖਸ਼ੀਅਤ ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਤਰਨਤਾਰਨ ਨੇੜੇ ਪਿੰਡ ਭੁਰਾ ਕੋਹਨਾ ਵਿੱਖੇ ਮਨਾਇਆ ਗਿਆ।ਜਿਸ ਵਿੱਚ ਸਿੱਖ ਕੌਮ ਦੀਆਂ ਪੰਥਕ ਅਤੇ ਰਾਜਸੀ ਹਸਤੀਆਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ  ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਬੋਲਦਿਆਂ ਕਿਹਾ ਕਿ ਐਮਰਜੰਸੀ ਦੌਰਾਨ ਸੰਤ ਕਰਤਾਰ ਸਿੰਘ ਜੀ ਨੇ ਵੱਡੇ ਪੱਧਰ ’ਤੇ ਲੋਕਾਂ ਨੂੰ ਲਾਮਬੰਦ ਕੀਤਾ ਅਤੇ ਐਮਰਜੰਸੀ ਦੇ ਵਿਰੁੱਧ ਇਕ ਤਗੜੀ ਲੋਕ ਰਾਏ ਪੈਦਾ ਕਰਕੇ ਕੇਂਦਰ ਸਰਕਾਰ ਨੂੰ ਐਮਰਜੈਂਸੀ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਸੰਤ ਕਰਤਾਰ ਸਿੰਘ ਨੇ ਸਿੱਖੀ ਸਿਧਾਂਤਾ ਦੇ ਪ੍ਰਚਾਰ, ਨੌਜਵਾਨਾਂ ਨੂੰ ਸਿੱਖ ਧਰਮ ਨਾਲ ਜੋੜਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਵੱਡੀ ਪ੍ਰੇਰਨਾ ਦਿੱਤੀ ਅਤੇ ਲੱਖਾਂ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਜੀਵਨ ਬਤੀਤ ਕਰਨ ਲਈ ਪ੍ਰੇਰਿਆ।

ਜਨਮ ਦਿਹਾੜੇ ’ਤੇ ਆਯੋਜਿਤ ਕੀਤੇ ਗਏ ਧਾਰਮਿਕ ਸਮਾਗਮ ਸਮੇਂ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜਾਂਦੀਆਂ ਖੇਤੀ ਜਿਣਸਾਂ ਦੇ ਲਾਹੇਵੰਦ ਕੀਮਤਾਂ ਨਿਰਧਾਰਿਤ ਕਰਨ ਦਾ ਮੁੱਦਾ ਜਲਦੀ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਕੇ ਉਠਾਇਆ ਜਾਵੇਗਾ, ਕਿਉਂਕਿ ਕਿਸਾਨੀ ਲਾਹੇਵੰਦ ਧੰਦਾ ਨਹੀਂ ਹੈ। ਖੇਤੀ ਲਈ ਲੋੜੀਂਦੀਆਂ ਵਸਤਾਂ ਖਾਦਾਂ, ਦਵਾਈਆਂ, ਡੀਜਲ ਅਤੇ ਫਾਰਮ ਮਸ਼ਿਨਰੀ ਬਹੁਤ ਮਹਿੰਗੀ ਹੋਣ ਕਰਕੇ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਉਪਰੰਤ ਵੀ ਕੋਈ ਕਮਾਈ ਨਹੀਂ ਹੁੰਦੀ।

 ਉਨ੍ਹਾਂ ਕਿਹਾ ਕਿ ਇਸਦਾ ਕਾਰਨ ਜਿਣਸਾਂ ’ਤੇ ਕੀਟਨਾਸ਼ਕਾਂ, ਨਦੀਨਨਾਸ਼ਕਾਂ ਅਤੇ ਡੀਜਲ ਦੇ ਭਾਅ ਕੇਂਦਰ ਸਰਕਾਰਾਂ ਵੱਲੋਂ ਨਿਰਧਾਰਿਤ ਕਰਨਾ ਹੈ ਅਤੇ ਜਿਹੜੇ ਲੋਕ ਫਸਲਾਂ ਦੀ ਕੀਮਤ ਨਿਰਧਾਰਿਤ ਕਰਨ ਲਈ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਹੇਠਲੇ ਪੱਧਰ ’ਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਮੱਸਿਆਵਾਂ ਦੀ ਜਾਣਕਾਰੀ ਨਾ ਹੋਣ ਕਰਕੇ ਜਿਣਸਾਂ ਦੇ ਲਾਹੇਵੰਦ ਭਾਅ ਨਿਰਧਾਰਿਤ ਨਹੀਂ ਕੀਤੇ ਜਾਂਦੇ।

ਉਨ੍ਹਾਂ ਕਿਹਾ ਕਿ ਖੇਤੀ ਜਿਣਸਾਂ ਦੇ ਲਾਹੇਵੰਦ ਭਾਅ ਨਿਰਧਾਰਿਤ ਕਰਨਾ ਹਾਲ ਹੀ ਵਿਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਸਮੇਂ ਭਾਰਤੀ ਜਨਤਾ ਪਾਰਟੀ ਦਾ ਚੋਣ ਮੈਨੀਫੈਸਟੋ ਸੀ ਅਤੇ ਇਹ ਹੁਣ ਜਰੂਰੀ ਹੈ ਕਿ ਕੇਂਦਰ ਦੀ ਐੱਨ.ਡੀ.ਏ. ਸਰਕਾਰ ਇਸ ਮਸਲੇ ’ਤੇ ਜਰੂਰੀ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਦੇਸ਼ ਦੇ ਦੂਰ ਅੰਦੇਸ਼ ਅਤੇ ਪ੍ਰਗਤੀਸ਼ੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਜਰੂਰੀ ਕਦਮ ਚੁੱਕਣਗੇ।

ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲੇ ਸਿੱਖ ਪੰਥ ਦੀ ਬਹੁਤ ਹੀ ਸਤਿਕਾਰਤ ਸ਼ਖਸ਼ੀਅਤ ਹਨ। ਉਨ੍ਹਾਂ ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਹੁੰਦਿਆਂ ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਲਾਂ ਦਾ ਬੜੀ ਸੂਝਬੂਝ ਅਤੇ ਚੜਦੀ ਕਲਾ ਨਾਲ ਮੁਕਾਬਲਾ ਕੀਤਾ ਅਤੇ ਸਿੱਖ ਵਿਰੋਧੀ ਦੇਹਧਾਰੀਆਂ ਦੀਆਂ ਪੰਥ ਵਿਰੋਧੀ ਕਾਰਵਾਈਆਂ ਨੂੰ ਗੁਰਮਤਿ ਦੇ ਪ੍ਰਚਾਰ ਨਾਲ ਠੱਲ ਪਾਈ।ਜਿਸ ਸਮੇਂ ਸਿੱਖ ਕੌਮ ਬੜੀਆਂ ਮੁਸ਼ਕਲ ਘੜੀਆਂ ਵਿੱਚੋਂ ਗੁਜ਼ਰ ਰਹੀ ਸੀ ਤਾਂ ਉਸ ਸਮੇਂ ਇੱਕ ਕਾਰ ਦੁਰਘਟਨਾਂ ਵਿੱਚ ਉਹ ਅਕਾਲ ਚਲਾਣਾ ਕਰ ਗਏ। ਪਰ ਆਪਣੇ ਅਕਾਲ ਪਿਆਨਾ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੇ ਦਮਦਮੀ ਟਕਸਾਲ ਦੇ ਹੋਣਹਾਰ ਵਿਦਿਆਰਥੀ ਸੰਤ ਜਰਨੈਲ ਸਿੰਘ ਜੀ ਨੂੰ ਟਕਸਾਲ ਦਾ ਮੁਖੀ ਨਿਯੁਕਤ ਕਰ ਦਿੱਤਾ ਸੀ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਉਨ੍ਹਾਂ ਵੱਲੋਂ ਦਿੱਤੀ ਜ਼ਿਮੇਵਾਰੀ ਬਾਖੂਬੀ ਨਿਭਾਉਦਿਆਂ ਸਿੱਖੀ ਸਿਦਕ ਵਿੱਚ ਗੜੁੱਚ ਰਹਿੰਦਿਆਂ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਸਹਾਦਤ ਦਿੱਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: