ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਭਾਰਤ ਦਾ ਪ੍ਰਧਾਨ ਮੰਤਰੀ ਮੋਦੀ (ਫਾਈਲ ਫੋਟੋ)

ਵਿਦੇਸ਼

ਕਾਮਾਗਾਟਾਮਾਰੂ ਕਾਂਡ ਦੀ ਤਰਜ਼ ’ਤੇ ਮੋਦੀ ਵੀ 1984 ਸਿੱਖ ਕਤਲੇਆਮ ਦੀ ਮੁਆਫੀ ਮੰਗਣ: ਜੀ.ਕੇ.

By ਸਿੱਖ ਸਿਆਸਤ ਬਿਊਰੋ

May 18, 2016

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਮਾਗਾਟਾਮਾਰੂ ਕਾਂਡ ਤੇ ਅੱਜ ਕੈਨੇਡਾ ਦੀ ਸੰਸਦ (ਹਾਊਸ ਆੱਫ ਕਾੱਮਨਜ਼) ਵਿਚ ਮੁਆਫ਼ੀ ਮੰਗਣ ਦਾ ਹਵਾਲਾ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1984 ਸਿੱਖ ਕਤਲੇਆਮ ਤੇ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਦੀ ਸਲਾਹ ਦਿੱਤੀ ਹੈ।

ਪ੍ਰਧਾਨ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿਚ ਜੀ.ਕੇ. ਨੇ 102 ਸਾਲ ਪੁਰਾਣੀ ਇਸ ਘਟਨਾ ਦਾ ਵੇਰਵਾ ਦਿੰਦੇ ਹੋਏ ਦੱਸਿਆ ਹੈ ਕਿ ਕਾਮਾਗਾਟਾਮਾਰੂ ਜਹਾਜ਼ ਵਿਚ ਸਵਾਰ ਏਸ਼ੀਆ ਦੇ ਦੋ ਦੇਸ਼ਾਂ ਤੋਂ ਮਈ 1914 ਵਿਚ ਕੈਨੇਡਾ ਜਾਣ ਵਾਲੇ 376 ਲੋਕਾਂ ਨੂੰ ਨਸਲਵਾਦੀ ਇੰਮੀਗ੍ਰੇਸ਼ਨ ਕਾਨੂੰਨ ਤਹਿਤ ਦੋ ਮਹੀਨੇ ਤਕ ਵੈਨਕੂਵਰ ਸਮੁੰਦਰੀ ਕੰਢੇ ’ਤੇ ਕੈਨੇਡਾ ਦੀ ਸਮੁੰਦਰੀ ਸੀਮਾ ਵਿਚ ਜੁਲਾਈ 1914 ਤਕ ਦਾਖ਼ਿਲ ਨਹੀਂ ਹੋਣ ਦਿੱਤਾ ਗਿਆ ਸੀ।

ਜਿਸ ਕਾਰਨ ਭਾਰਤ ਪਰਤੇ ਉਸ ਜਹਾਜ਼ ਤੇ ਸਵਾਰ ਮੁਸਾਫਰਾਂ ਤੇ 27 ਸਤੰਬਰ 1914 ਨੂੰ ਕੋਲਕਾਤਾ ਨੇੜੇ ਬਜ਼ਬਜ਼ ਘਾਟ ਤੇ ਅੰਗਰੇਜੀ ਫੌਜੀਆਂ ਨੇ ਗੋਲੀ ਚਲਾਉਂਦੇ ਹੋਏ 19 ਬੇਕਸੂਰ ਸਿੱਖਾਂ ਨੂੰ ਮਾਰ ਦਿੱਤਾ ਸੀ। ਜੀ.ਕੇ. ਨੇ ਕਿਹਾ ਕਿ ਨਸਲਵਾਦੀ ਵਿੱਤਕਰੇ ਕਰਕੇ 102 ਸਾਲ ਪਹਿਲੇ ਮਾਰੇ ਗਏ 19 ਬੇਕਸੂਰ ਸਿੱਖਾਂ ਦੀ ਮੌਤ ਦੀ ਕੈਨੇਡਾ ਸਰਕਾਰ ਆਪਣੇ ਆਪ ਨੂੰ ਜਿੰਮੇਵਾਰ ਦੱਸਕੇ ਕਾਮਾਗਾਟਾਮਾਰੂ ਕਾਂਡ ਦੀ ਜੋ ਮੁਆਫੀ ਮੰਗ ਰਹੀ ਹੈ ਉਹ ਸਲਾਘਾਯੋਗ ਕਦਮ ਹੈ।

ਜੀ.ਕੇ. ਨੇ ਪ੍ਰਧਾਨ ਮੰਤਰੀ ਨੂੰ ਸੰਨ 2000 ਵਿਖੇ ਜਰਮਨ ਦੇ ਰਾਸ਼ਟਰਪਤੀ ਵੱਲੋਂ ਦੂਜੇ ਵਿਸ਼ਵ ਯੁੱਧ ਦੋਰਾਨ 60 ਲੱਖ ਯਹੂਦੀਆਂ ਨੂੰ ਨਾਜ਼ੀਆਂ ਵੱਲੋਂ ਮਾਰਨ ਦੇ ਪ੍ਰਤੀਕ ਹੋਲੋਕਾਸਟ ਕਤਲੇਆਮ ਦੀ ਮੁਆਫੀ ਮੰਗਣ ਦਾ ਵੀ ਚੇਤਾ ਕਰਾਇਆ ਹੈ।

ਜੀ.ਕੇ. ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ 5 ਅਗਸਤ 2012 ਨੂੰ ਮਿਲਵਾੱਕੀ ਦੇ ਗੁਰਦੁਆਰਾ ਸਾਹਿਬ ਤੇ ਹੋਏ ਹਮਲੇ ਦੌਰਾਨ ਮਾਰੇ ਗਏ 6 ਸਿੱਖਾਂ ਦੀ ਮੌਤ ਤੇ ਮੁਆਫੀ ਮੰਗਦੇ ਹੋਏ ਫੈਡਰਲ ਬਿਲਡਿੰਗ ’ਤੇ ਲਗੇ ਕੌਮੀ ਝੰਡੇ ਨੂੰ 10 ਅਗਸਤ 2012 ਤਕ ਮਾਰੇ ਗਏ ਲੋਕਾਂ ਦੇ ਦੁੱਖ ਵਿਚ ਝੁਕਾਉਣ ਦੇ ਲਏ ਗਏ ਫੈਸਲੇ ਦੀ ਵੀ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਹੈ।

ਜੀ.ਕੇ. ਨੇ ਸਾਫ਼ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਸਿੱਖ ਕੌਮ ਤੋਂ ਮੁਆਫੀ ਮੰਗਣ ਨਾਲ ਇਸ ਕਤਲੇਆਮ ਨੂੰ ਆਪਣੇ ਪਿੰਡੇ ਤੇ ਝੱਲਣ ਵਾਲੇ ਨਿਰਦੋਸ਼ ਲੋਕਾਂ ਨੂੰ ਜੋ ਕਿ ਇਨਸਾਫ ਦੀ ਲੰਬੀ ਲੜਾਈ ਲੜ ਰਹੇ ਹਨ ਨੂੰ ਕੋਈ ਜਿਆਦਾ ਫਰਕ ਬੇਸ਼ਕ ਨਹੀਂ ਪਵੇਗਾ ਪਰ ਸਰਕਾਰ ਦੇ ਇਸ ਸਹੀ ਕਦਮ ਨਾਲ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਦੀ ਕਾਰਜਪ੍ਰਣਾਲੀ ਪ੍ਰਤੀ ਇੱਕ ਉਸਾਰੂ ਸੁਨੇਹਾ ਸਿੱਖਾਂ ਵਿਚ ਜਾਵੇਗਾ ਕਿ ਸਰਕਾਰ ਉਨ੍ਹਾਂ ਦੀ ਯੋਗ ਨੁਮਾਇੰਦਗੀ ਕਰਦੀ ਹੋਈ ਉਨ੍ਹਾਂ ਦੀ ਭਲਾਈ ਲਈ ਕਾਰਜ ਕਰ ਰਹੀ ਹੈ।

ਬੀਤੇ 32 ਸਾਲ ਦੌਰਾਨ ਜਿਆਦਾਤਰ ਸਮੇਂ ਇਸ ਕਤਲੇਆਮ ਨੂੰ ਅੰਜਾਮ ਦੇਣ ਵਾਲੀ ਕਾਂਗਰਸ ਸਰਕਾਰ ਦਾ ਰਾਜ ਰਹਿਣ ਦੇ ਬਾਵਜੂਦ ਜੀ.ਕੇ. ਨੇ ਮੌਜੂਦਾ ਸਰਕਾਰ ਤੋਂ ਇਨਸਾਫ ਨੂੰ ਲੈ ਕੇ ਵੱਡੀਆਂ ਉਮੀਦਾ ਹੋਣ ਦੀ ਵੀ ਗੱਲ ਕਹੀ। ਜੀ.ਕੇ. ਨੇ ਕਿਹਾ ਕਿ ਸਿੱਖਾਂ ਦੇ ਫੱਟ ਅੱਜ ਵੀ ਹਰੇ ਹਨ ਤੇ ਦੇਸ਼-ਵਿਦੇਸ਼ ਵਿਚ ਵਸਦੇ 2.7 ਕਰੋੜ ਸਿੱਖ ਭਾਰਤ ਸਰਕਾਰ ਦੀਆਂ ਪੀੜਿਤ ਪਰਿਵਾਰਾਂ ਨੂੰ ਇਨਸਾਫ ਦੇਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਸਖ਼ਤ ਨਿਗਾਹ ਰੱਖ ਰਹੇ ਹਨ। ਜੀ.ਕੇ. ਨੇ ਸਿੱਖਾਂ ਵੱਲੋਂ ਪਾਏ ਗਏ ਯੋਗਦਾਨ ਤੋਂ ਵੀ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: